ਵਨੀਤ ਚੋਪੜਾ ਨੇ ਵਾਰਡ ਵਾਸੀਆਂ ਅਤੇ ਨਗਰ ਨਿਗਮ ਦੇ ਸਹਿਯੋਗ ਨਾਲ ਕੀਤੀ ਦੱਤ ਰੋਡ ਇਲਾਕੇ ਦੀ ਸਫਾਈ
ਮੋਗਾ, 30 ਸਤੰਬਰ (ਜਸ਼ਨ) - ਪਿਛਲੇ ਚਾਰ ਸਾਲਾਂ ਤੋਂ ਸਮਾਜ ‘ਚ ਸਾਫ ਸੁਥਰਾ ਵਾਤਾਵਰਣ ਸਥਾਪਿਤ ਕਰਨ ਦੇ ਮਕਸਦ ਨਾਲ ਸਫਾਈ ਨੂੰ ਲੈ ਕੇ ਹਮੇਸ਼ਾ ਤੱਤਪਰ ਰਹੇ ਨੌਜਵਾਨ ਆਗੂ ਅਤੇ ‘ਸਫਾਈ ਅਭਿਆਨ‘ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਵਨੀਤ ਚੋਪੜਾ ਵੱਲੋਂ ਸਵੱਛਤਾ ਅਭਿਆਨ ਦੇ ਤਹਿਤ ਅੱਜ ਸਥਾਨਕ ਦੱਤ ਰੋਡ ਅਤੇ ਉਸਦੇ ਆਸ ਪਾਸ ਦੇ ਇਲਾਕੇ ‘ਚ ਆਪਣੇ ਹੱਥੀਂ ਝਾੜੂ ਲਗਾਕੇ ਸਫਾਈ ਕੀਤੀ ਗਈ। ਸਵੇਰੇ ਹੀ ਵਨੀਤ ਚੋਪੜਾ ਦੇ ਨਾਲ ਇਲਾਕਾ ਵਾਸੀਆਂ ਨੇ ਆਪਣਾ ਉਤਸ਼ਾਹ ਦਿਖਾਉਦਿਆਂ ਹੋਇਆਂ ਜਿੱਥੇ ਖੁਦ ਸੜਕਾਂ ਤੇ ਝਾੜੂ ਲਗਾਇਆ ਉੱਥੇ ਨਾਲੀਆਂ ਦੀ ਸਫਾਈ ਕਰਨ ਦੇ ਨਾਲ ਨਾਲ ਫਾਲਤੂ ਘਾਹ ਫੂਸ ਵੀ ਕੱਟਿਆ। ਇਸ ਤੋਂ ਇਲਾਵਾ ਇਲਾਕੇ ‘ਚ ਪਏ ਮਿੱਟੀ ਦੇ ਢੇਰਾਂ ਅਤੇ ਮਲਵੇ ਨੂੰ ਵੀ ਚੁੱਕਿਆ। ਅੱਜ ਸਫਾਈ ਅਭਿਆਨ ਦੌਰਾਨ ਵਨੀਤ ਚੋਪੜਾ ਅਤੇ ਵਾਰਡ ਵਾਸੀਆਂ ਦੇ ਨਾਲ ਨਾਲ ਨਗਰ ਨਿਗਮ ਦੀ ਟੀਮ ਵੱਲੋਂ ਵੀ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਵਨੀਤ ਚੋਪੜਾ ਨੇ ਕਿਹਾ ਕਿ ਬੇਸ਼ਕ ਅੱਜ ਸ਼ਹੀਦਾਂ ਦੇ ਸ਼ਹੀਦੀ ਅਤੇ ਜਨਮ ਦਿਹਾੜੇ ਮਨਾਏ ਜਾਂਦੇ ਹਨ ਪਰੰਤੂ ਉਹ ਜ਼ਿਆਦਾਤਰ ਸਿਰਫ ਫੋਟੋਆਂ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੇ ਹਨ ਪਰ ਸਾਨੂੰ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਉਨਾਂ ਵੱਲੋਂ ਦੱਸੀ ਵਿਚਾਰਧਾਰਾਂ ਨੂੰ ਅਪਨਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸ਼ਹੀਦਾਂ ਦਾ ਸੁਪਨਾ ਰਿਹਾ ਕਿ ਸਾਡਾ ਦੇਸ਼ ਸਾਫ ਸੁਥਰਾ, ਅਰੋਗ ਅਤੇ ਅਮਨ ਸ਼ਾਂਤੀ ਵਾਲਾ ਰਹੇ। ਚੋਪੜਾ ਨੇ ਕਿਹਾ ਕਿ ਦਿਨ ਪ੍ਰਤੀ ਦਿਨ ਨਾਮੁਰਾਦ ਬੀਮਾਰੀਆਂ ਸਮਾਜ ‘ਚ ਆਪਣੇ ਪੈਰ ਪਸਾਰ ਰਹੀਆਂ ਹਨ, ਜਿਸਦਾ ਮੁੱਖ ਕਾਰਨ ਫੈਲ ਰਹੀ ਗੰਦਗੀ ਹੈ। ਉਨਾਂ ਕਿਹਾ ਕਿ ਸਾਨੂੰ ਕਿਸੇ ਤੇ ਵੀ ਨਿਰਭਰ ਨਾ ਰਹਿ ਕੇ ਖੁਦ ਜਾਗਰੂਕ ਹੋ ਕੇ ਇੱਕ ਸਾਫ ਸੁਥਰਾ ਸਮਾਜ ਦੀ ਸਥਾਪਨਾ ‘ਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨਾਂ ਵਾਰਡ ਵਾਸੀਆਂ ਦੇ ਨਾਲ ਨਾਲ ਨਗਰ ਨਿਗਮ ਮੋਗਾ ਦੇ ਪੁੱਜੇ ਅਧਿਕਾਰੀ ਚੀਫ ਸੈਨੇਟਰੀ ਇੰਸਪੈਕਟਰ ਸੰਦੀਪ ਕਟਾਰੀਆ, ਸੁਮਨ ਕੁਮਾਰ, ਅਰਜੁਨ ਸਿੰਘ, ਅਮਰਜੀਤ ਸਿੰਘ (ਸਾਰੇ ਸੈਨੇਟਰੀ ਇੰਸਪੈਕਟਰ), ਮੈਡਮ ਹਰਪ੍ਰੀਤ ਕੌਰ, ਰਮਨਦੀਪ ਕੌਰ ਦਾ ਸਹਿਯੋਗ ਲਈ ਧੰਨਵਾਦ ਕੀਤਾ। ਉਨਾਂ ਕਿਹਾ ਕਿ ਇਹ ਸਫਾਈ ਅਭਿਆਨ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਆਯੋਜਿਤ ਕੀਤਾ ਜਾਵੇਗਾ ਅਤੇ ਇਸਦੇ ਤਹਿਤ ਅਗਲੇ ਸ਼ਨੀਵਾਰ ਐਤਵਾਰ ਸਿਵਲ ਲਾਈਨ ਵਿਖੇ ਸਥਿਤ ਰਾਧਾ ਵਲੱਭ ਮੰਦਿਰ ਵਾਲੀ ਗਲੀ ਦੀ ਸਫਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਵਨੀਤ ਚੋਪੜਾ ਵੱਲੋਂ ਪਹਿਲਾਂ ਵੀ ਇਸ ਇਲਾਕੇ ‘ਚ ਸਫਾਈ ਨੂੰ ਲੈ ਕੇ ਲਗਾਤਾਰ ਤਿੰਨ ਮਹੀਨੇ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਸੀ ਅਤੇ ਇਸਦੇ ਬਦਲੇ ਵਨੀਤ ਚੋਪੜਾ ਦਾ ਪੰਜਾਬ ਸਰਕਾਰ ਵੱਲੋਂ ਸਨਮਾਨ ਵੀ ਕੀਤਾ ਗਿਆ ਸੀ। ਇਸ ਮੌਕੇ ਰਣਵੀਰ ਅਰੋੜਾ ਰਾਣਾ, ਅਮਿਤ ਅਰੋੜਾ, ਆਸ਼ੀਸ਼ ਚੋਪੜਾ, ਅਰਵਿੰਦਰ ਸਿੰਘ, ਸ਼ਾਲੀਨ ਸ਼ਰਮਾ, ਡਿੰਪੀ ਖੋਸਾ, ਮਨੀਸ਼ ਤਿਵਾੜੀ, ਗਗਨ ਪਲਾਹਾ, ਵਰਿੰਦਰ ਸਿੰਘ, ਅਭੈ ਮਦਾਨ, ਚਰਨਜੀਤ ਸਿੰਘ, ਦਵਿੰਦਰ ਸਿੰਘ ਸਮੇਤ ਹੋਰ ਮੁਹੱਲਾ ਵਾਸੀ ਹਾਜ਼ਰ ਸਨ।