2 ਅਕਤੂਬਰ ਨੂੰ ਗਾਂਧੀ ਜੈਅੰਤੀ ਜ਼ਿਲਾ ਪੱਧਰੀ ਸਮਾਗਮ ‘ਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਕਰਨਗੇ ਸ਼ਿਰਕਤ-ਡੀ.ਪੀ.ਐਸ.ਖਰਬੰਦਾ
ਮੋਗਾ 29 ਸਤੰਬਰ:(ਜਸ਼ਨ)-ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ 149ਵੇਂ ਜਨਮ ਦਿਵਸ ‘ਤੇ 2 ਅਕਤੂਬਰ ਨੂੰ ਮਨਾਏ ਜਾਣ ਵਾਲੇ ਜ਼ਿਲਾ ਪੱਧਰੀ ਗਾਂਧੀ ਜੈਅੰਤੀ ਸਮਾਗਮ ਵਿੱਚ ਸ੍ਰੀਮਤੀ ਅਰੁਣਾ ਚੌਧਰੀ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਅਤੇ ਟਰਾਂਸਪੋਰਟ ਮੰਤਰੀ ਵਿਸੇਸ਼ ਤੌਰ ‘ਤੇ ਸ਼ਿਰਕਤ ਕਰਨਗੇ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਡੀ.ਪੀ.ਐਸ. ਖਰਬੰਦਾ ਨੇ ਦੱਸਿਆ ਕਿ 2 ਅਕਤੂਰ ਨੂੰ ਜ਼ਿਲਾ ਅਤੇ ਸਬ-ਡਵੀਜ਼ਨ ਪੱਧਰ ਤੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਕੈਂਪਾਂ ਰਾਹੀ ਲੋੜਵੰਦ ਵਿਅਕਤੀਆਂ ਦੀ ਪਹਿਚਾਣ ਕਰਕੇ ਸਰਕਾਰੀ ਸਕੀਮਾਂ ਤੇ ਪ੍ਰੋਗਰਾਮਾਂ ਦੇ ਲਾਭ ਪ੍ਰਦਾਨ ਕੀਤੇ ਜਾਣਗੇ। ਉਨਾਂ ਦੱਸਿਆ ਕਿ ਜ਼ਿਲਾ ਪੱਧਰ ‘ਤੇ ਕੈਂਪ ਜ਼ਿਲਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਸਬ ਡਵੀਜ਼ਨ ਪੱਧਰੀ ਕੈਂਪ ਅਨਾਜ ਮੰਡੀ ਧਰਮਕੋਟ, ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਨਿਹਾਲ ਸਿੰਘ ਵਾਲਾ ਅਤੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਬਾਘਾਪੁਰਾਣਾ ਵਿਖੇ ਕੈਂਪ ਲਗਾਏ ਜਾਣਗੇ। ਉਨਾਂ ਦੱਸਿਆ ਕਿ ਇਸ ਦਾ ਮੁੱਖ ਉਦੇਸ਼ ਸਾਰੇ ਵਰਗਾਂ ਦਾ ਸੰਪੂਰਨ ਵਿਕਾਸ ਤੇ ਸਮਾਨਤਾ ਨੂੰ ਯਕੀਨੀ ਬਣਾਉਣਾ ਹੈ। ਉਨਾਂ ਦੱਸਿਆ ਕਿ ਇਨਾਂ ਕੈਂਪਾਂ ਰਾਹੀਂ ਆਮ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਤੇ ਪ੍ਰੋਗਰਾਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਇਨਾਂ ਸਕੀਮਾਂ ਦੇ ਲਾਭ ਤੋਂ ਵਾਂਝੇ ਲੋਕਾਂ ਦੇ ਮੌਕੇ ‘ਤੇ ਹੀ ਫ਼ਾਰਮ ਭਰੇ ਜਾਣਗੇ। ਉਨਾਂ ਦੱਸਿਆ ਕਿ ਇਨਾਂ ਸਕੀਮਾਂ ਵਿੱਚ 14 ਵਿਭਾਗਾਂ ਦੀਆਂ ਵੱਖ-ਵੱਖ ਸਕੀਮਾਂ ਜਿਵੇ ਕਿ ਸ਼ਗਨ ਸਕੀਮ, ਮਗਨਰੇਗਾ, ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਆਟਾ ਦਾਲ ਸਕੀਮ, ਪ੍ਰੀ ਮੈਟਿ੍ਰਕ ਤੇ ਪੋਸਟ ਮੈਟਿ੍ਰਕ ਸ਼ਕਾਲਰਸ਼ਿਪ ਸਕੀਮ, ਪੈਨਸ਼ਨ ਸਕੀਮ ਅਤੇ ਮੁਦਰਾ ਲੋਨ ਆਦਿ ਸਕੀਮਾਂ ਸ਼ਾਮਲ ਹਨ।ਉਨਾਂ ਕਿਹਾ ਕਿ ਸਰਕਾਰ ਦੀਆਂ ਭਲਾਈ ਸਕੀਮਾਂ ਤੋਂ ਵਾਂਝੇ ਲੋੜਵੰਦ ਵਿਅਕਤੀਆਂ ਨੂੰ ਇਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਸ੍ਰੀ ਖਰਬੰਦਾ ਨੇ ਹੋਰ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲਾ ਤੇ ਸਬ ਡਵੀਜ਼ਨ ਪੱਧਰ ‘ਤੇ ਆਮ ਲੋਕਾਂ ਨੂੰ ਅਹਿੰਸਾ, ਫ਼ਿਰਕੂ ਸਦਭਾਵਨਾ ਅਤੇ ਸ਼ਾਂਤੀ ਦਾ ਸੁਨੇਹਾ ਦੇਣ ਲਈ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸ਼ਾਂਤੀ ਮਾਰਚ ਵੀ ਕੱਢੇ ਜਾਣਗੇ। ਉਨਾਂ ਦੱਸਿਆ ਕੇ ਸਬ ਡਵੀਜ਼ਨ ਮੋਗਾ ਦਾ ਸ਼ਾਂਤੀ ਮਾਰਚ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਸ਼ੁਰੂ ਹੋ ਕੇ ਦਫਤਰ ਡਿਪਟੀ ਕਮਿਸ਼ਨਰ ਮੋਗਾ ਵਿਖੇ ਖਤਮ ਹੋਵੇਗਾ। ਇਸੇ ਤਰਾਂ ਸਬ ਡਵੀਜ਼ਨ ਬਾਘਾਪੁਰਾਣਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਤੋਂ ਦਫਤਰ ਉਪ ਮੰਡਲ ਮੈਜਿਸਟ੍ਰੇਟ ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਸਿੰਘ ਵਾਲਾ ਤੋਂ ਦਫਤਰ ਉਪ ਮੰਡਲ ਮੈਜਿਸਟ੍ਰੇਟ ਨਿਹਾਲ ਸਿੰਘ ਵਾਲਾ ਅਤੇ ਧਰਮਕੋਟ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ ਤੋਂ ਦਫਤਰ ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਵਿਖੇ ਸਮਾਪਤ ਹੋਵੇਗਾ।