ਸੀਨੀਅਰ ਸਿਟੀਜ਼ਨ ਦੀ ਸਾਂਭ-ਸੰਭਾਲ ਕਰਨੀ ਨੈਤਿਕ ਤੌਰ ‘ਤੇ ਹੀ ਨਹੀਂ, ਬਲਕਿ ਕਾਨੂੰਨੀ ਜ਼ਿੰਮੇਵਾਰੀ-ਤਰਸੇਮ ਮੰਗਲਾ

ਮੋਗਾ 28 ਸਤੰਬਰ:(ਜਸ਼ਨ): ਇੰਚਾਰਜ਼ ਜ਼ਿਲਾ ਤੇੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ਼੍ਰੀ ਤਰਸੇਮ ਮੰਗਲਾ ਨੇ ਬਿਰਧ ਮਾਤਾ-ਪਿਤਾ ਦੀ ਸਾਂਭ-ਸੰਭਾਲ ਅਤੇ ਭਲਾਈ ਐਕਟ-2007 ਤਹਿਤ ਸੀਨੀਅਰ ਸਿਟੀਜ਼ਨਾਂ ਨੂੰ ਮਿਲ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਤਹਿਤ ਸੀਨੀਅਰ ਸਿਟੀਜ਼ਨਾਂ ਦੀ ਔਲਾਦ ਉਨਾਂ ਦੀ ਸਾਂਭ-ਸੰਭਾਲ ਕਰਨ ਤੋਂ ਇੰਨਕਾਰ ਨਹੀਂ ਕਰ ਸਕਦੀ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਜੋ ਸੀਨੀਅਰ ਸਿਟੀਜ਼ਨ ਮਾਤਾ-ਪਿਤਾ ਆਪਣਾ ਖਰਚਾ ਨਹੀਂ ਚੁੱਕ ਸਕਦੇ, ਉਹ  ਆਪਣੀ ਔਲਾਦ ਤੋਂ ਖ਼ਰਚਾ ਲੈਣ ਦੇ ਹੱਕਦਾਰ ਹਨ। ਉਨਾਂ ਕਿਹਾ ਕਿ ਜਿਸ ਬਜ਼ੁਰਗ ਦੀ ਔਲਾਦ ਨਾ ਹੋਵੇ, ਉਹ ਬਜ਼ੁਰਗ ਉਸ ਵਿਅਕਤੀ ਤੋਂ ਖ਼ਰਚੇ ਲਈ ਮੰਗ ਕਰ ਸਕਦਾ ਹੈ ਜੋ ਕਾਨੂੰਨੀ ਤੌਰ ‘ਤੇ ਉਸ ਬਜ਼ੁਰਗ ਦੀ ਸੰਪਤੀ ਦਾ ਮਾਲਕ ਹੋਵੇ। ਉਨਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਸੀਨੀਅਰ ਸਿਟੀਜ਼ਨ ਨੇ ਆਪਣੀ ਸੰਪਤੀ ਉਸ ਵਿਅਕਤੀ ਨੂੰ ਇਸ ਸ਼ਰਤ ’ਤੇ ਦਿੱਤੀ ਹੋਵੇ ਕਿ ਉਹ ਉਸ ਦੀ ਸਾਂਭ-ਸੰਭਾਲ ਕਰਨਗੇ, ਪਰ ਜੇਕਰ ਉਹ ਇਸ ਤੋਂ ਗੁਰੇਜ਼ ਕਰਨ ਤਾਂ ਉਹ ਸੀਨੀਅਰ ਸਿਟੀਜ਼ਨ ਆਪਣੀ ਸੰਪਤੀ ਵਾਪਿਸ ਵੀ ਲੈ ਸਕਦਾ ਹੈ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਬਜ਼ੁਰਗ ਮਾਤਾ-ਪਿਤਾ ਜੇਕਰ ਆਪਣੇ ਪਾਲਣ ਪੋਸ਼ਣ ਤੋਂ ਅਸਮਰਥ ਹਨ, ਤਾਂ ਦਰਖ਼ਾਸਤ ਦੇ ਕੇ ਆਪਣੇ ਬੱਚਿਆਂ (ਜੋ ਬਾਲਗ ਹੋਣ) ਤੋਂ ਖ਼ਰਚਾ ਗੁਜ਼ਾਰਾ ਲੈ ਸਕਦਾ ਹੈ। ਇਸ ਮੌਕੇ ਸ਼੍ਰੀ ਵਿਨੀਤ ਕੁਮਾਰ ਨਾਰੰਗ, ਸੀ.ਜੇ.ਐਮ.-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਨੇ ਦੱਸਿਆ ਕਿ ਜ਼ਰੂਰਤਮੰਦ ਸੀਨੀਅਰ ਸਿਟੀਜ਼ਨ ਨਾਗਰਿਕ ਖ਼ਰਚੇ ਸਬੰਧੀ ਦਰਖ਼ਾਸਤ ਮੇਨਟੇਨੈਂਸ ਟਿ੍ਰਬਿਊਨਲ (ਐਸ.ਡੀ.ਐਮ) ਦਫ਼ਤਰ ਜੋ ਕਿ ‘ਦੀ ਮੇਨਟੇਨੈਂਸ ਐਂਡ ਵੈਲਫ਼ੇਅਰ ਆਫ਼ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨ ਐਕਟ-2007‘ ਤਹਿਤ ਦੇ ਸਕਦਾ ਹੈ। ਉਨਾਂ ਦੱਸਿਆ ਕਿ ਸੀਨੀਅਰ ਸਿਟੀਜ਼ਨ ਖੁਦ ਵੀ ਆਪਣੀ ਦਰਖ਼ਾਸਤ ਪੇਸ਼ ਕਰ ਸਕਦਾ ਹੈ, ਪ੍ਰੰਤੂ ਜੇਕਰ ਉਹ ਬਜ਼ੁਰਗ ਖੁਦ ਪੇਸ਼ ਨਹੀਂ ਹੋ ਸਕਦਾ ਤਾਂ ਕਿਸੇ ਵੀ ਵਿਅਕਤੀ ਨੂੰ ਇਹ ਅਖਤਿਆਰ ਦੇ ਸਕਦਾ ਹੈ।ਉਨਾਂ ਦੱਸਿਆ ਕਿ ਇਸ ਮੰਤਵ ਲਈ ਹਰੇਕ ਸਬ ਡਵੀਜ਼ਨ ’ਤੇ ਮੇਨਟੇਨਐਂਸ ਟਿ੍ਰਬਿਊਨਲ ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਪ੍ਰਧਾਨਗੀ ਸਰਕਾਰ ਦੇ ਸਬ ਡਵੀਜ਼ਨਲ ਅਫ਼ਸਰ (ਐਸ.ਡੀ.ਐਮ) ਕਰਦੇ ਹਨ। ਉਨਾਂ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਈ ਵੀ ਲੋੜਵੰਦ ਸੀਨੀਅਰ ਸਿਟੀਜ਼ਨ ਮਾਤਾ-ਪਿਤਾ ਇਸ ਸਕੀਮ ਸਬੰਧੀ ਜਾਣਕਾਰੀ ਲੈਣ ਲਈ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਦੇ ਦਫ਼ਤਰ ਨਾਲ ਕੰਮਕਾਜ਼ ਵਾਲੇ ਦਿਨ ਸੰਪਰਕ ਕਰ ਸਕਦਾ ਹੈ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।