ਭਾਈ (ਭਗਤੂ) ਭਗਤੂਆਣਾ ਗਰਲਜ਼ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮਦਿਨ ਮਨਾਇਆ

ਜੈਤੋ, 28 ਸਤੰਬਰ (ਮਨਜੀਤ ਸਿੰਘ ਢੱਲਾ)- ਜੈਤੋ ਨਜਦੀਕ ਪਿੰਡ ਰਾਮਗੜ੍ਹ ਭਗਤੂਆਣਾ ਭਾਈ ਭਗਤੂ ਗਰਲਜ਼ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮਦਿਨ ਕਾਲਜ ਦੀ ਮੁੱਖ ਪ੍ਰਿੰਸੀਪਲ ਡਾੱ ਵੀਨਾ ਗਰਗ ਦੀ  ਅਗਵਾਈ ਹੇਠ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਜੈਤੋ  ਐੱਸਡੀਐੱਮ ਡਾੱ: ਮਨਦੀਪ ਕੌਰ ਅਤੇ  ਡੀਐੱਸਪੀ ਕੁਲਦੀਪ ਸਿੰਘ ਸੋਹੀ ਵਿਸ਼ੇਸ਼ ਤੋਰ ਹਾਜ਼ਰ ਹੋਏ। ਇਸ ਮੌਕੇ ਕਾਲਜ ਅਤੇ ਸਕੂਲ ਦੇ ਬੱਚਿਆਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨੌਜਵਾਨ ਪੀੜ੍ਹੀ ਨੂੰ ਚੰਗੀ ਸਿਹਤ ਦੇਣ ਲਈ ਨਸ਼ਿਆਂ ਖਿਲਾਫ਼ ਇੱਕ ਰੈਲੀ ਵੀ ਕੱਢੀ ਗਈ ਇਸ ਰੈਲੀ ਨੂੰ ਜੈਤੋ ਐਸਡੀਐਮ ਡਾੱ ਮਨਦੀਪ ਕੌਰ ਅਤੇ ਡੀਐਸਪੀ ਕੁਲਦੀਪ ਸਿੰਘ ਸੋਹੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਸਮਾਗਮ ਦੀ ਸ਼ੂਰੁਆਤ ਕਰਦਿਆਂ ਤਹਿਸੀਲਦਾਰ ਸ਼ੀਸ਼ਪਾਲ ਸਿੰਗਲਾ ਅਤੇ ਕਾਲਜ ਦੀ ਮੁੱਖ ਪ੍ਰਿੰਸੀਪਲ ਡਾੱ:  ਵੀਨਾ ਗਰਗ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੇ ਚੱਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਦੇਸ਼ ਵਤਨ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰਕੇ ਸਾਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਬਾਹਰ ਕੱਢਿਆ ਹੈ ਉਨ੍ਹਾਂ ਸ਼ੂਰਵੀਰ ਯੋਧਿਆਂ ਦੇ ਜਨਮ ਦਿਨ ਤੇ ਸੰਕਲਪ ਕਰੀਏ ਕਿ ਉਨ੍ਹਾਂ ਦੇ ਪਾਏ ਹੋਏ  ਪੂਰਨਿਆਂ ਤੇ ਚਲਦੇ ਹੋਏ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਈਏ। ਵੀਨਾ ਗਰਗ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਜੋ ਨੌਜਵਾਨ ਪੀੜ੍ਹੀ ਆਪਣੇ ਮਿਸ਼ਨ ਤੋਂ ਭਟਕ ਕੇ ਨਸ਼ਿਆ ਵੱਲ ਨੂੰ ਜਾ ਰਹੀ ਹੈ ਉਸਨੂੰ ਸੇਧ ਦੇ ਕੇ ਸਮਾਜ ਭਲਾਈ ਦੇ ਕੰਮਾਂ ਵਿੱਚ ਲਾਇਆ ਜਾਵੇ ਤਾਂ ਕਿ ਸਾਡਾ ਪੰਜਾਬ ਨਸ਼ਿਆ ਤੋਂ ਰਹਿਤ ਹੋਵੇ।ਇਸ ਮੌਕੇ ਬੱਚਿਆਂ ਵਲੋਂ ਦੇਸ਼ ਭਗਤੀ ਦੇ ਗੀਤ ਤੇ ਸਮਾਗਮ ਵਿੱਚ ਕੋਰੀਓਗ੍ਰਾਫੀ ਵੀ ਪੇਸ਼ ਕੀਤੀ ਗਈ। ਇਸ ਸਮਾਗਮ ਵਿੱਚ ਪਹੁੰਚੇ ਰਿਟਾਇਰਡ ਤਹਿਸੀਲਦਾਰ ਜੈਤੋ ਅੰਮ੍ਰਿਤ ਲਾਲ ਅਰੋੜਾ,ਨਾਇਬ ਤਹਿਸੀਲਦਾਰ ਹੀਰਾ ਵੰਤੀ, ਡਾਕਟਰ ਲਛਮਣ ਭਗਤੂਆਣਾ,ਨਾਇਬ ਸਿੰਘ, ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਰਕੇਸ਼ ਕੁਮਾਰ ਨਰੂਲਾ,ਲਖਵੰਤ ਕੋਰ,ਸਰਬਜੀਤ ਕੌਰ ਆਦਿ ਮੌਜੂਦ ਸਨ।