ਅਨੰਤਨਾਗ ਵਿੱਚ ਦਹਿਸ਼ਤਗਰਦਾਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਬਠਿੰਡੇ ਦੇ ਫੌਜੀ ਜਵਾਨ ਦੇ ਪਿਤਾ ਨੇ ਸਰਕਾਰ ਖਿਲਾਫ਼ ਪ੍ਰਗਟਾਈ ਸਖਤ ਨਰਾਜ਼ਗੀ, ਆਖਿਆ ‘‘ਸਰਹੱਦਾਂ ’ਤੇ ਫੌਜੀ ਜਵਾਨਾਂ ਦੀਆਂ ਹੋ ਰਹੀਆਂ ਸ਼ਹਾਦਤਾਂ ਸਰਕਾਰ ਦੀ ਨਾ ਅਹਿਲੀਅਤ ਦਾ ਸਬੂਤ’’

ਬਠਿੰਡਾ,28 ਸਤੰਬਰ (ਪੱਤਰ ਪਰੇਰਕ): ਬਠਿੰਡਾ ਜ਼ਿਲੇ ਦੀ ਸਬ ਡਵੀਜ਼ਨ ਮੌੜ ਮੰਡੀ ਦੇ ਪਿੰਡ ਰਾਮ ਨਗਰ ਦਾ ਫੌਜੀ ਜਵਾਨ ਹੈਪੀ ਸਿੰਘ ਅਨੰਤਨਾਗ ਵਿੱਚ ਦਹਿਸ਼ਤਗਰਦਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਿਆ। ਸ਼ਹੀਦ ਜਵਾਨ ਦਾ ਅੰਤਿਮ ਸੰਸਕਾਰ ਅੱਜ ਉਨਾਂ ਦੇ ਪਿੰਡ ਰਾਮ ਨਗਰ ਵਿੱਚ ਕਰੀਬ 3 ਵਜੇ ਕੀਤਾ ਜਾਵੇਗਾ। ਹੈਪੀ ਸਿੰਘ ਦੀ ਸ਼ਹਾਦਤ ਉੱਤੇ ਜਿੱਥੇ ਪਿੰਡ ਵਾਲਿਆਂ ਅਤੇ ਪਰਿਵਾਰ ਨੂੰ ਮਾਣ ਹੈ ਉੱਥੇ ਹੀ ਪਾਕਿਸਤਾਨ ਦੇ ਖਿਲਾਫ਼ ਕੋਈ ਕਰਵਾਈ  ਨਾ ਕਰਨ ਕਰਕੇ ਸਰਕਾਰ ‘ਤੇੇ ਗੁੱਸਾ ਵੀ ਹੈ ।

ਸ਼ਹੀਦ ਹੋਇਆ ਫੌਜੀ ਜਵਾਨ ਹੈਪੀ ਸਿੰਘ ਹਾਲੇ ਸਿਰਫ਼ 25 ਸਾਲ ਦਾ ਹੀ ਸੀ। ਹੈਪੀ ਦਾ ਵੱਡਾ ਭਰਾ ਵੀ ਫੌਜ ਵਿੱਚ ਹੈ ਜੋ ਲੇਹ ਵਿਖੇ ਤੈਨਾਤ ਹੈ।  ਸ਼ਹੀਦ ਜਵਾਨ ਦੇ ਪਰਿਵਾਰ ਵਿੱਚ ਉਸ ਦਾ ਪਿਤਾ ਹੈ, ਇੱਕ ਹੋਰ ਛੋਟਾ ਭਰਾ ਹੈ ਜਦਕਿ ਭੈਣ ਦਾ ਵਿਆਹ ਹੋ ਚੁੱਕਾ ਹੈ ਅਤੇ ਉਸ ਦੀ ਮਾਤਾ 2014 ਵਿਚ ਸਵਰਗ ਸਿਧਾਰ ਗਈ ਸੀ। ਸ਼ਹੀਦ ਫੌਜੀ ਜਵਾਨ ਹੈਪੀ ਸਿੰਘ ਦੇ ਪਿਤਾ  ਦੇਵ ਰਾਜ ਦਾ ਕਹਿਣਾ ਹੈ ਬੇਰੋਜ਼ਗਾਰੀ ਦੇ ਚੱਲਦਿਆਂ ਮਜਬੂਰੀ ਵਿਚ ਉਸ ਦੇ ਦੋਨੋਂ ਪੁੱਤਰ ਫੌਜ ਵਿਚ ਭਰਤੀ ਹੋਏ ਸਨ । ਦੇਵ ਰਾਜ ਨੇ ਕਿਹਾ ਕਿ ਕਿਸ ਦਾ ਦਿਲ ਕਰਦਾ ਹੈ ਕਿ ਉਸ ਦੀ ਔਲਾਦ ਉਸ ਕੋਲੋਂ ਖੁਸ ਜਾਵੇ । ਉਸ ਨੇ ਸਰਕਾਰਾਂ ’ਤੇ ਖਫ੍ਰਾ ਹੁੰਦਿਆਂ ਆਖਿਆ ਕਿ ਸਰਹੱਦਾਂ ’ਤੇ ਸਿਰਫ਼ ਗਰੀਬ ਲੋਕਾਂ ਦੇ ਭਰਤੀ ਹੋਏ ਜਵਾਨ ਹੀ ਪਾਕਿਸਤਾਨ ਦੀ ਗੋਲੀ ਨਾਲ ਮਰ ਰਹੇ ਹਾਂ ਪਰ ਸਰਕਾਰ ਅਜਿਹੇ ਗੰਭੀਰ ਮੁੱਦਿਆਂ ’ਤੇ ਕੁਝ ਨਹੀਂ ਕਰ ਰਹੀ । ਉਹਨਾਂ ਕਿਹਾ ਕਿ ਇਕ ਦੇ ਬਦਲੇ ਚਾਰ ਸਿਰ ਲਿਆਉਣ ਵਾਲੇ ਭੜਕਾੳੂ ਨਾਅਰੇ ਦੇਣ ਵਾਲੇ ਸਿਆਸੀ ਆਗੂਆਂ ਨੂੰ ਆਪਣੇ ਬੱਚਿਆਂ ਨੂੰ ਫੌਜ ਵਿਚ ਭਰਤੀ ਕਰਨਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਅਹਿਸਾਸ ਹੋ ਸਕੇ ਕਿ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰਾਂ ’ਤੇ ਕੀ ਬੀਤਦੀ ਹੈ।