ਡਿਪਟੀ ਕਮਿਸ਼ਨਰ ਨੇ ਪਿੰਡ ਢੁੱਡੀਕੇ ਵਿਖੇ ਨੌਜਵਾਨਾਂ ਨੂੰ ਕੀਤਾ ਸੰਬੋਧਨ ,ਆਖਿਆ ਨੌਜਵਾਨ ਕਿੱਤਾਮੁਖੀ ਸਿਖਲਾਈ ਪ੍ਰਾਪਤ ਕਰਕੇ ਸਵੈ-ਰੋਜ਼ਗਾਰ ਅਪਨਾਉਣ :-ਡੀ.ਪੀ.ਐਸ ਖਰਬੰਦਾ

ਢੁੱਡੀਕੇ(ਮੋਗਾ) 27 ਸਤੰਬਰ:(ਜਸ਼ਨ): ਨੌਜਵਾਨ ਲੜਕੇ ਤੇ ਲੜਕੀਆਂ ਨੂੰ ਕਿੱਤਾਮੁਖੀ ਸਿਖਲਾਈ ਪ੍ਰਾਪਤ ਕਰਕੇ ਆਪਣਾ ਕੰਮ-ਧੰਦਾ ਸ਼ੁਰੂ ਕਰਨਾ ਚਾਹੀਦਾ ਹੈ, ਤਾਂ ਜੋ ਉਹ ਆਪਣੇ ਪ੍ਰੀਵਾਰ ਦੀ ਆਮਦਨ ਵਧਾਉਣ ਵਿੱਚ ਬਣਦਾ ਯੋਗਦਾਨ ਪਾ ਸਕਣ।ਇਹ ਪ੍ਰੇਰਣਾ ਡਿਪਟੀ ਕਮਿਸ਼ਨਰ ਸ੍ਰੀ ਡੀ.ਪੀ.ਐਸ. ਖਰਬੰਦਾ ਆਈ.ਏ.ਐਸ ਨੇ ਪਿੰਡ ਢੁੱਡੀਕੇ ਵਿਖੇ ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਅਪਨਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਕਿੱਤਾਮੁਖੀ ਸਿਖਲਾਈ ਹਾਸਲ ਕਰਕੇ ਬੈਂਕਾਂ ਪਾਸੋਂ ਸਸਤੇ ਵਿਆਜ਼ ਦਰਾਂ ‘ਤੇ ਕਰਜ਼ਾ ਲੈ ਕੇ ਆਪਣਾ ਕਾਰੋਬਾਰ ਸਥਾਪਿਤ ਕਰਨ ਨੂੰ ਤਰਜੀਹ ਦੇਣ। ਉਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਰੋਜ਼ਗਾਰ ਗਾਰੰਟੀ ਪ੍ਰੋਗਰਾਮ (ਪੀ.ਐਮ.ਈ.ਜੀ.ਪੀ) ਤਹਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਬੈਂਕਾਂ ਵੱਲੋਂ ਵੱਖ-ਵੱਖ ਕੰਮ ਧੰਦੇ ਸ਼ੁਰੂ ਕਰਨ ਲਈ 10 ਲੱਖ ਰੁਪਏ ਤੱਕ ਕਰਜ਼ਾ ਦੇਣ ਦੀ ਸਹੂਲਤ ਉਪਲੱਭਧ ਹੈ ਅਤੇ ਇਸ ਕਰਜ਼ਾ ਰਾਸ਼ੀ ਵਿੱਚੋਂ ਪੇਂਡੂ ਖੇਤਰ ਦੇ ਨੌਜਵਾਨਾਂ ਲਈ 33 ਫ਼ੀਸਦੀ ਅਤੇ ਸ਼ਹਿਰੀ ਖੇਤਰ ਲਈ 25 ਫ਼ੀਸਦੀ ਸਬਸਿਡੀ ਦੀ ਸਹੂਲਤ ਹੈ। ਉਨਾਂ ਕਿਹਾ ਕਿ ਨੌਜਵਾਨਾਂ ਨੂੰ ਸਰਕਾਰ ਦੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਬੇਰੋਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪਿੱਛੇ ਦੌੜਨ ਜਾਂ ਵਿਦੇਸ਼ਾਂ ਵਿੱਚ ਜਾਣ ਦੀ ਬਜਾਏ ਆਪਣਾ ਕੰਮ ਸਥਾਪਿਤ ਕਰਕੇ ਸਖਤ ਮਿਹਨਤ ਕਰਨੀ ਚਾਹੀਦੀ ਹੈ, ਤਾਂ ਜੋ ਉਹ ਆਪਣੀ ਉਪਜੀਵਕਾ ਕਮਾਉਣ ਦੇ ਨਾਲ ਪ੍ਰੀਵਾਰਕ ਖੁਸ਼ਹਾਲੀ ਤੇ ਸੂਬੇ ਦੇ ਵਿਕਾਸ ਵਿੱਚ ਵੀ ਬਣਦਾ ਯੋਗਦਾਨ ਪਾ ਸਕਣ। ਉਨਾਂ ਨੌਜਵਾਨਾਂ ਨੂੰ ਬੈਕਾਂ ਪਾਸੋਂ ਸਵੈ ਰੋਜ਼ਗਾਰ ਲਈ ਲਏ ਗਏ ਕਰਜ਼ੇ ਦੀ ਯੋਗ ਵਰਤੋਂ ਕਰਨ ਬਾਰੇ ਪ੍ਰੇਰਿਤ ਕਰਦਿਆਂ ਕਿਹਾ ਕਿ ਜਿਸ ਮਕਸਦ ਲਈ ਕਰਜ਼ਾ ਲਿਆ ਜਾਵੇ, ਉਸ ਕੰਮ ਦਾ ਹੋਰ ਵਧੇਰੇ ਵਿਸਥਾਰ ਕਰਨ ਲਈ ਹੀ ਕਰਜ਼ਾ ਰਾਸ਼ੀ ਦੀ ਵਰਤੋਂ ਕੀਤੀ ਜਾਵੇ ਅਤੇ ਸਰਕਾਰ ਦੇ ਨਿਯਮਾਂ ਅਨੁਸਾਰ ਕਰਜ਼ਾ ਵਾਪਸੀ ਨੂੰ ਵੀ ਅਮਲ ਵਿੱਚ ਲਿਆਂਦਾ ਜਾਵੇ। ਉਨਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ।ਸ੍ਰੀ ਖਰਬੰਦਾ ਨੇ ਮੌਕੇ ‘ਤੇ ਹਾਜ਼ਰ ਪਿੰਡ ਦੇ ਸਰਪੰਚ ਜਸਦੀਪ ਸਿੰਘ ਗੈਰੀ ਅਤੇ ਹੋਰ ਮੋਹਤਬਰ ਵਿਅਕਤੀਆਂ ਨੂੰ ਬੇਰੋਜ਼ਗਾਰ ਨੌਜਵਾਨਾਂ ਦੀ ਸੂਚੀ ਤਿਆਰ ਕਰਨ ਦੇ ਆਦੇਸ਼ ਦਿੱਤੇ ਤਾਂ ਜੋੋ ਉਨਾਂ ਨੂੰ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਗਈਆਂ ਸਕੀਮਾਂ ਤਹਿਤ ਵੱਖ-ਵੱਖ ਕਿੱਤੇ ਸ਼ੁਰੂ ਕਰਨ ਲਈ ਬੈਕਾਂ ਪਾਸੋਂ ਘੱਟ ਵਿਆਜ਼ ਦਰ ‘ਤੇ ਕਰਜ਼ੇ ਦਿਵਾਏ ਜਾ ਸਕਣ। ਉਨਾਂ ਲੋਕਾਂ ਨੂੰ ਸਰਕਾਰ ਦੀਆਂ ਲਾਭਪਾਤਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਵੀ ਕੀਤੀ।
 ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੀ ਸ਼ਹੀਦੀ ਸਮਾਰਕ ‘ਤੇ ਨਤਮਸਤਕ ਹੁੰਦਿਆਂ ਉਨਾਂ ਦੇ ਬੁੱਤ ‘ਤੇ ਫੁੱਲ ਮਾਲਾਵਾਂ ਵੀ ਭੇਂਟ ਕੀਤੀਆਂ ਗਈਆਂ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ: ਅਜੇ ਕਾਂਸਲ, ਲਾਲਾ ਲਾਜਪਤ ਰਾਏ ਯਾਦਗਾਰ ਕਮੇਟੀ ਦੇ ਸਕੱਤਰ ਰਣਜੀਤ ਸਿੰਘ ਧੰਨਾ, ਸਰਪੰਚ ਜਸਦੀਪ ਸਿੰਘ ਗੈਰੀ, ਮੋਹਨ ਲਾਲ ਗਰਗ, ਪੀ.ਐਨ.ਮਿੱਤਲ, ਤਹਿਸੀਲਦਾਰ ਲਖਵਿੰਦਰ ਸਿੰਘ ਗਿੱਲ, ਡਿਪਟੀ ਡਾਇਰੈਕਟਰ ਕਿ੍ਰਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਡਾ: ਅਮਨਦੀਪ ਸਿੰਘ ਬਰਾੜ ਅਤੇ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।