40 ਹਜਾਰ ਰੁਪਏ ਵਿੱਚ ਹੋ ਰਿਹਾ ਸੀ ਲਿੰਗ ਨਿਰਧਾਰਣ ਟੈਸਟ, ਪੁਲਿਸ ਨੇ ਇੱਕ ਡਾਕਟਰ, ਇੱਕ ਸਟਾਫ ਨਰਸ ਸਮੇਤ ਦੋ ਦਲਾਲਾਂ ਨੂੰ ਕੀਤਾ ਗਿਰਫਤਾਰ

ਫਿਰੋਜ਼ਪੁਰ, ਫਾਜਿਲਕਾ 27 ਸਿਤੰਬਰ ( ਸੰਦੀਪ ਕੰਬੋਜ ਜਈਆ) : ਜਲਾਲਾਬਾਦ ਦੇ ਮਸ਼ਹੂਰ ਪ੍ਰੀਤ ਨਰਸਿੰਗ ਹੋਮ ਤੇ ਚੱਲ ਰਹੇ ਲਿੰਗ ਨਿਰਧਾਰਣ ਟੈਸਟ ਦੇ ਧੰਦੇ ਦਾ ਪਰਦਾ ਫਾਸ ਕਰਨ ਲਈ ਵੀਰਵਾਰ ਨੂੰ ਸ਼੍ਰੀ ਗੰਗਾਨਗਰ ਤੋਂ ਸਪੈਸ਼ਲ ਪੁਲਸ ਸੈਲ ਦੇ ਡੀਐਸਪੀ ਵਿਨੋਦ ਬਿਸ਼ਨੋਈ ਦੀ ਅਗੁਵਾਈ ਹੇਠ ਟੀਮ ਪਹੁੰਚੀ ਜਿੱਥੇ ਉਨ੍ਹਾਂ ਨੇ ਲਿੰਗ ਨਿਰਧਾਰਣ ਟੈਸਟ ਸੰਬੰਧੀ ਪੁਖਤਾ ਜਾਣਕਾਰੀ ਹੋਣ ਤੇ ਮੌਕੇ ਤੇ ਇੱਕ ਮਹਿਲਾ ਸਟਾਫ ਨਰਸ ਅਤੇ ਦੋ ਦਲਾਲਾਂ ਪ੍ਰੀਤ ਨਰਸਿੰਗ ਹੋਮ ਦੇ ਡਾਕਟਰ ਨੂੰ ਵੀ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ ਜਦਕਿ ਮਹਿਲਾ  ਡਾਕਟਰ ਮੋਕੇ ਤੇ ਰਫੂ ਚੱਕਰ ਹੋਣ ਵਿਚ ਕਾਮਯਾਬ ਰਹੀ।ਇੰਨਾ ਗਿਰਫਤਾਰ ਕੀਤੇ ਗਏ ਆਰੋਪੀਆਂ ਵਿਚ ਡਾਕਟਰ ਅਮਰਜੀਤ ਸਿੰਘ ਅਤੇ ਇੱਕ ਮਹਿਲਾ ਨਰਸ ਸਟਾਫ ਮਨਜੀਤ ਕੌਰ ਪਤਨੀ ਮੁਖਤਿਆਰ ਸਿੰਘ ਅਤੇ ਦੋ ਹੋਰ ਵਿਅਕਤੀਆਂ ਮੁਖਤਿਆਰ ਸਿੰਘ ਪੁੱਤਰ ਬੰਤਾ ਸਿੰਘ ਅਤੇ ਇੱਕ ਹੋਰ ਵਿਅਕਤੀ ਸ਼ਾਮਿਲ ਹੈ। ਪੱਤਰਕਾਰਾਂਂ ਨੂੰ ਮਿਲੀ ਜਾਣਕਾਰੀ ਅਨੁਸਾਰ ਸ਼੍ਰੀ ਗੰਗਾਨਗਰ ਤੋਂ ਰਜਨੀ ਨਾਮ ਦੀ ਔਰਤ ਜੋ ਕਿ ਜਲਾਲਾਬਾਦ ਵਿੱਚ ਪ੍ਰੀਤ ਨਰਸਿੰਗ ਹੋਮ ਤੇ ਲਿੰਗ ਨਿਰਧਾਰਣ ਟੈਸਟ ਲਈ ਆਈ ਸੀ ਅਤੇ ਇਸ ਤੋਂ ਪਹਿਲਾਂ ਹਸਪਤਾਲ ਦੇ ਸਬੰਧਤ ਸਟਾਫ ਵਿਚ ਮੌਜੂਦ ਦਲਾਲਾਂ ਨਾਲ ਲਗਾਤਾਰ ਸੰਪਰਕ ਵਿੱਚ ਸੀ ਅਤੇ ਸ਼੍ਰੀ ਗੰਗਾ ਨਗਰ ਦੀ ਪੁਲਿਸ ਵਲੋਂ ਉਕਤ ਔਰਤ ਅਤੇ ਦਲਾਲਾਂ ਵਿਚਾਲੇ ਹੋ ਰਹੀ ਵਾਰਤਾ ਨੂੰ ਟਰੈਪ ਕੀਤਾ ਜਾ ਰਿਹਾ ਸੀ ਅਤੇ ਵੀਰਵਾਰ ਨੂੰ ਜਦ ਉਕਤ ਰਜਨੀ ਟੈਸਟ ਕਰਵਾਉਣ ਲਈ ਪ੍ਰੀਤ ਨਰਸਿੰਗ ਹੋਮ ਤੇ ਪਹੁੰਚੀ ਤਾਂ ਕੁੱਝ ਦੇਰ ਬਾਅਦ ਹੀ ਡੀਐਸਪੀ ਵਿਨੋਦ ਬਿਸ਼ਨੋਈ ਦੀ ਅਗੁਵਾਈ ਹੇਠ ਸ਼੍ਰੀਗੰਗਾਨਗਰ ਦੀ ਪੁਲਿਸ ਨੇ ਰੇਡ ਕੀਤੀ ਤਾਂ ਮਹਿਲਾ ਡਾਕਟਰ ਮੌਕੇ ਤੋਂ ਫਰਾਰ ਹੋ ਗਈ ਜਦਕਿ ਪੁਲਿਸ ਨੇ ਉਸਦੇ ਪਤੀ ਡਾਕਟਰ ਅਮਰਜੀਤ ਸਿੰਘ, ਮਹਿਲਾ ਮਨਜੀਤ ਕੌਰ ਅਤੇ ਹੋਰ ਦਲਾਲਾਂ ਨੂੰ ਗਿਰਫਤਾਰ ਕਰ ਲਿਆ ਅਤੇ ਇਸ ਤੋਂ ਇਲਾਵਾ ਸਕੈਨ ਕਰਨ ਵਾਲੀ ਮਸ਼ੀਨ ਅਤੇ ਹੋਰ ਦਸਤਾਵੇਜ ਕਾਬੂ ਕਰ ਲਏ। ਜਦੋਂ ਪੱਤਰਕਾਰਾਂ ਨੇ ਰਜਨੀ ਨਾਮਕ ਔਰਤ ਪਾਸੋਂ ਲਿੰਗ ਨਿਰਧਾਰਣ ਟੈਸਟ ਸੰਬੰਧੀ ਪੁੱਛਿਆ ਤਾਂ ਉਸਨੇ ਪਹਿਲਾਂ ਤਾਂ ਟਾਲਮਟੋਲ ਕੀਤੀ ਅਤੇ ਬਾਅਦ ਵਿੱਚ ਉਸਨੇ ਦੱਸਿਆ ਕਿ ਉਹ ਆਪਣੀ ਨਨਾਨ ਨਾਲ ਇਥੇ ਟੈਸਟ ਕਰਵਾਉਣ ਆਈ ਸੀ ਅਤੇ ਹਸਪਤਾਲ ਵਿੱਚ ਮੌਜੂਦ ਮਨਜੀਤ ਨਾਮਕ ਲੜਕੀ ਨਾਲ ਹੀ ਟੈਸਟ ਕਰਵਾਉਣ ਸੰਬੰਧੀ ਗੱਲਬਾਤ ਹੋਈ ਸੀ ਅਤੇ ਇਹ ਸੌਦਾ 40 ਹਜਾਰ ਰੁਪਏ ਵਿੱਚ ਤੈਅ ਹੋਇਆ ਸੀ। ਜਿਸ ਤੋਂ ਬਾਅਦ 12 ਹਜਾਰ ਰੁਪਏ ਮਨਜੀਤ ਨਾਮਕ ਲੜਕੀ ਨੂੰ 
ਦਿੱਤੇ ਜਾਣੇ ਸਨ।