ਮੋਗਾ ਕੋਰੀਅਰ ਬੰਬ ਕਾਂਡ ਦੀ ਜਾਂਚ ਲਈ ਵਿਸ਼ੇਸ਼ ਟੀਮ ਮੋਗਾ ਪਹੁੰਚੀ
ਮੋਗਾ ,27 ਸਤੰਬਰ (ਜਸ਼ਨ)- ਮੋਗਾ ਵਿਖੇ ਕੱਲ ਦੁਪਹਿਰ ਸਮੇਂ ਕੋਰੀਅਰ ਦੀ ਦੁਕਾਨ ’ਚ ਦੇਸੀ ਬੰਬ ਦੇ ਹੋਏ ਧਮਾਕੇ ਦੀ ਜਾਂਚ ਲਈ ਅੱਜ ਚੰਡੀਗੜ ਤੋਂ ਐਨ.ਐਸ.ਜੀ ਦੀ ਟੀਮ ਡਾਇਰੈਕਟਰ ਜਮਾਲ ਖਾਨ ਅਤੇ ਜਲੰਧਰ ਤੋਂ ਬੰਬ ਡਿਟੇਕਸ਼ਨ ਡਿਸਪੋਜ਼ਲ ਸੈਕੂਐਡ ਦੀ ਟੀਮ ਸਬ ਇੰਸਪੈਕਟਰ ਸੁਰਿੰਦਰਪਾਲ ਸਿੰਘ ਦੀ ਅਗਵਾਈ ਵਿਚ ਘਟਨਾ ਸਥਾਨ ਤੇ ਪਹੁੰਚੀਆਂ ਅਤੇ ਉਥੇ ਵਿਸਫੋਟਕ ਬੰਬ ਦੇ ਪਏ ਹਿੱਸਿਆਂ ਦੀ ਜਾਂਚ ਕਰਨ ਦੇ ਇਲਾਵਾ ਆਸ ਪਾਸ ਦਾ ਨਿਰੀਖਣ ਕੀਤਾ ਗਿਆ ਅਤੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ। ਇਸ ਮੌਕੇ ਜ਼ਿਲਾ ਪੁਲਸ ਮੁਖੀ ਗੁਰਪ੍ਰੀਤ ਸਿੰਘ ਤੂਰ, ਡੀ.ਐਸ.ਪੀ ਸਿਟੀ ਕੇਸਰ ਸਿੰਘ, ਥਾਣਾ ਮੁਖੀ ਜਤਿੰਦਰ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਹਾਜਰ ਸਨ। ਇਸ ਦੇ ਇਲਾਵਾ ਫਾਇਰਬਿਗ੍ਰੇਡ ਦੀ ਗੱਡੀ ਵੀ ਮੌਜੂਦ ਸੀ ਤਾਂ ਕਿ ਕੋਈ ਅਣਹੋਣੀ ਘਟਨਾ ਨਾ ਹੋ ਸਕੇ। ਇਸ ਸਮੇਂ ਚੈਂਬਰ ਰੋਡ ਅਤੇ ਆਸ ਪਾਸ ਦਾਸ ਸਾਰਾ ਇਲਾਕਾ ਪੁਲਸ ਵਲੋਂ ਪੂਰੀ ਤਰਾਂ ਨਾਲ ਸੀਲ ਕਰਕੇ ਰੱਖਿਆ ਸੀ, ਕਿਸੇ ਨੂੰ ਵੀ ਆਉਣ ਜਾਣ ਨਹੀਂ ਦਿੱਤਾ ਜਾ ਰਿਹਾ ਸੀ ਅਤੇ ਜਗਾ ਜਗਾ ਤੇ ਪੁਲਸ ਮੁਲਾਜਮ ਤਾਇਨਾਤ ਕੀਤੇ ਗਏ ਸਨ। ਦੋਵਾਂ ਟੀਮਾਂ ਨੇ ਉਥੇ ਪਏ ਵਿਸਫੋਟਕ ਸਮੱਗਰੀ, ਬੈਟਰੀ ਅਤੇ ਟਾਰਚ ਦਾ ਖਿੱਲਰਿਆ ਹੋਇਆ ਹੋਰ ਸਮਾਨ ਵੀ ਆਪਣੇ ਕਬਜ਼ੇ ਵਿਚ ਲਿਆ। ਸ਼ੱਕ ਕੀਤਾ ਜਾ ਰਿਹਾ ਹੈ ਕਿ ਉਕਤ ਦੇਸੀ ਬੰਬ ਦੀ ਤਾਰ ਇਕ ਟਾਰਚ ਦੇ ਨਾਲ ਲੱਗੇ ਹੋਈ ਸੀ ਤਾਂ ਕਿ ਜਦੋਂ ਹੀ ਕੋਈ ਵਿਅਕਤੀ ਟਾਰਚ ਨੂੰ ਚਾਲੂ ਕਰੇ ਤਾਂ ਬੰਬ ਫਟ ਜਾਵੇ। ਜਾਂਚ ਟੀਮ ਵੱਲੋਂ ਸਾਰੇ ਸਮਾਨ ਦੀ ਬਾਰੀਕੀ ਨਾਲ ਜਾਂਚ ਕਰਕੇ ਇਹ ਜਾਨਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਬੰਬ ਬਲਾਸਟ ਵਿਚ ਕਿਹੜੀ ਧਮਾਕਾਖੇਜ ਸਮੱਗਰੀ ਦਾ ਇਸਤੇਮਾਲ ਕੀਤਾ ਗਿਆ ਹੈ। ਜ਼ਿਲਾ ਪੁਲਸ ਮੁਖੀ ਗੁਰਪ੍ਰੀਤ ਸਿੰਘ ਤੂਰ ਨੇ ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਜਾਂਚ ਲਈ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਹੈ ਤਾਂ ਕਿ ਦੋਸ਼ੀ ਵਿਅਕਤੀ ਦਾ ਸੁਰਾਗ ਮਿਲ ਸਕੇ ਜੋ ਕੋਰੀਅਰ ਵਾਲੀ ਦੁਕਾਨ ਵਿਚ ਕੋਰੀਅਰ ਦੇਣ ਦੇ ਲਈ ਆਇਆ ਸੀ। ਉਨਾਂ ਕਿਹਾ ਕਿ ਦੁਕਾਨ ਮਾਲਕ ਵਿਕਾਸ ਸੂਦ ਜੋ ਉਕਤ ਬੰਬ ਵਿਸਫ਼ੋਟਕ ਮਾਮਲੇ ਵਿਚ ਜਖਮੀ ਹੋ ਗਿਆ ਸੀ ਅਤੇ ਲੁਧਿਆਣਾ ਵਿਚ ਜੇਰੇ ਇਲਾਜ ਹੈ, ਦੇ ਇਲਾਵਾ ਉਥੇ ਮੌਜੂਦ ਹੋਰ ਲੋਕਾਂ ਤੋਂ ਕੀਤੀ ਗਈ ਪੁੱਛਗਿੱਛ ਦੇ ਅਧਾਰ ਤੇ ਸ਼ੱਕੀ ਵਿਅਕਤੀ ਦੇ ਹੁਲੀਆ ਦੀ ਤਲਾਸ਼ ਲਈ ਕਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ, ਪਰ ਅਜੇ ਤੱਕ ਕੋਈ ਸ਼ੁਰਾਗ ਨਹੀਂ ਮਿਲ ਸਕਿਆ। ਉਨਾਂ ਕਿਹਾ ਕਿ ਉਕਤ ਕੋਰੀਅਰ ਵਾਲੇ ਡੱਬੇ ਤੇ ਭੇਜਣ ਵਾਲੇ ਪਤੇ ਦੀ ਜਾਂਚ ਕਰਨ ਦੇ ਇਲਾਵਾ ਜਿੱਥੇ ਡੱਬਾ ਪਹੰੁਚਾਇਆ ਜਾਣਾ ਸੀ, ਉਸ ਸਥਾਨ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ।