ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੇ ਦਰਿਆ ਦੇ ਸਰਹੱਦੀ ਖੇਤਰਾਂ ਦਾ ਦੌਰਾ ਕਰਨ ਉਪਰੰਤ ਲੋਕਾਂ ਨਾਲ ਕੀਤੀ ਗੱਲਬਾਤ
ਫਿਰੋਜ਼ਪੁਰ 26 ਸਤੰਬਰ (ਸੰਦੀਪ ਕੰਬੋਜ ਜਈਆ ) : ਡਿਪਟੀ ਕਮਿਸ਼ਨਰ ਸ: ਬਲਵਿੰਦਰ ਸਿੰਘ ਧਾਲੀਵਾਲ ਨੇ ਬੁੱਧਵਾਰ ਨੂੰ ਸਤਲੁਜ ਦਰਿਆ ਦੇ ਸਰਹੱਦੀ ਇਲਾਕਿਆਂ ਗ਼ਜ਼ਨੀ ਵਾਲਾ, ਚੌਂਕੀ ਜੋਗਿੰਦਰ ਸਿੰਘ, ਦੋਨਾ ਤੇਲੂ ਮੱਲ, ਗੱਟੀ ਮੱਤੜ, ਚੱਕ ਰਾਓ ਕੇ ਹਿਠਾੜ, ਰਾਜਾ ਰਾਏ, ਭੰਬਾ ਹਾਜ਼ੀ ਆਦਿ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਐੱਸ.ਡੀ.ਐੱਮ. ਗੁਰੂਹਰਸਹਾਏ ਕੁਲਦੀਪ ਬਾਵਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦਰਿਆ ਦੇ ਕੰਢੇ ਰਹਿਣ ਵਾਲੇ ਸਰਹੱਦੀ ਨਿਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰੀਕੇ ਹੈੱਡਵਰਕਸ ਵੱਲੋਂ 50 ਹਜ਼ਾਰ ਕਿਊਸਿਕ ਦੇ ਕਰੀਬ ਪਾਣੀ ਛੱਡਿਆ ਗਿਆ ਹੈ। ਇਸ ਦੇ ਤਹਿਤ ਦਰਿਆ ਵਿੱਚ ਪਾਣੀ ਦਾ ਪੱਧਰ ਕੁੱਝ ਵਧਿਆ ਹੈ ਪਰ ਫਿਰ ਵੀ ਕਿਸੇ ਵੀ ਤਰ੍ਹਾਂ ਨਾਲ ਹੜ੍ਹ ਸਬੰਧੀ ਸਰਹੱਦੀ ਖੇਤਰਾਂ ਨੂੰ ਕੋਈ ਡਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਾਣੀ ਹਰੀਕੇ ਹੈੱਡ ਵੱਲੋਂ ਹੌਲੀ-ਹੌਲੀ ਛੱਡਿਆ ਜਾਂਦਾ ਹੈ ਤਾਂ ਜੋ ਬਿਨਾਂ ਕਿਸੇ ਨੁਕਸਾਨ ਦੇ ਪਾਣੀ ਦੀ ਨਿਕਾਸੀ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾ ਵੀ ਉਨ੍ਹਾਂ ਵੱਲੋਂ ਮੁੱਠਿਆਂ ਵਾਲੀ, ਨਿਹਾਲਾ ਲਵੇਰਾ, ਬੰਡਾਲਾ, ਗੰਦੂ ਕਿਲਚਾ, ਧੀਰਾ ਕਾਰਾ, ਦੁਲਚੀ ਕੇ, ਹੁਸੈਨੀਵਾਲਾ, ਰੁਕਨੇ ਵਾਲਾ ਆਦਿ ਇਲਾਕਿਆਂ ਦਾ ਦੌਰਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹਤਿਆਤ ਦੇ ਤੌਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਸਾਰੇ ਅਧਿਕਾਰੀਆਂ ਅਤੇ ਵਿਭਾਗਾਂ ਦੇ ਮੁਖੀਆਂ ਨੂੰ ਆਪਣੇ-ਆਪਣੇ ਵਿਸ਼ੇ ਨਾਲ ਸਬੰਧਿਤ ਖੇਤਰਾਂ ਵਿੱਚ ਇਹਤਿਆਤ ਵਰਤਣ ਸਬੰਧੀ ਪਹਿਲਾਂ ਤੋਂ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਦਰਿਆ ਦੇ ਨਾਲ ਸਰਹੱਦੀ ਖੇਤਰ ਤੇ ਰਹਿਣ ਵਾਲੇ ਲੋਕ ਆਪ ਵੀ ਸੁਚੇਤ ਰਹਿਣ ਅਤੇ ਜੇਕਰ ਉਨ੍ਹਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਹੜ੍ਹਾਂ ਸਬੰਧੀ ਹੈਲਪ ਲਾਈਨ ਨੰਬਰ 01632-244024 ਤੇ ਸੰਪਰਕ ਕਰਕੇ ਸੂਚਨਾ ਦੇ ਸਕਦੇ ਹਨ। ਇਸ ਮੌਕੇ ਨਾਇਬ ਤਹਿਸੀਲਦਾਰ ਸ੍ਰੀ ਵਿਜੇ ਬਹਿਲ, ਐਕਸੀਅਨ ਡਰੇਨਜ਼ ਵਿਭਾਗ ਸੀ.ਐੱਨ.ਜੈਨ ਸਮੇਤ ਡਰੇਨਜ਼, ਸਿੰਚਾਈ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਵੀ ਮੌਜੂਦ ਸਨ