ਯੂਨੀਵਰਸਿਟੀ ਕਾਲਜ ਮੀਰਾਂਪੁਰ ਦੇ ਅਸਿਸਟੈਂਟ ਪ੍ਰੋ: ਤੇਜਿੰਦਰ ਪਾਲ ਸਿੰਘ ਨੇ ‘ਨਾਨਕਸਰ ਸੰਪਰਦਾਇ ਦੀ ਸਿੱਖ ਪੰਥ ਨੂੰ ਦੇਣ’ ਆਲੋਚਨਾਤਮਿਕ ਅਧਿਐਨ ਵਿਸ਼ੇ ’ਤੇ ਪਰਚਾ ਪੜਿਆ

ਮੋਗਾ:- 25 ਸਤੰਬਰ (ਪੰਮੀ ਸਿੰਘ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਗਾਮੀ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬੱਧਨੀ ਕਲਾਂ (ਮੋਗਾ) ਵਿਖੇ ਨਿਰਮਲ ਆਸ਼ਰਮ ਰਿਸ਼ੀਕੇਸ਼ ਤੋਂ ਬਾਬਾ ਜੋਧ ਸਿੰਘ ਅਤੇ ਸੰਤ ਆਸ਼ਰਮ ਬੱਧਨੀ ਕਲਾਂ ਤੋਂ ਸੰਤ ਬਾਬਾ ਪਿੰਦਰ ਸਿੰਘ ਜੀ ਵੱਲੋਂ ਸਾਂਝੇ ਰੂਪ ਵਿਚ 3 ਰੋਜ਼ਾ ਅੰਤਰ-ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਸਿੱਖ ਪੰਥ ਦੀਆਂ ਸਮੁਚੀਆਂ ਜਥੇਬੰਦੀਆਂ-ਨਿਰਮਲੇ, ਉਦਾਸੀ, ਨਿਹੰਗ ਸਿੰਘ, ਸੇਵਾਪੰਥੀਏ, ਨਾਨਕਸਰੀਏ ਆਦਿ ਨੇ ਆਪਣੀ ਹਾਜ਼ਰੀ ਲਗਵਾਈ। ਇਸ ਸੈਮੀਨਾਰ ਦਾ ਮੁਖ ਪ੍ਰਯੋਜਨ ਸਿੱਖ ਪੰਥ ਨੂੰ ਇਕ ਪਲੈਟਫਾਰਮ ਉਤੇ ਇਕੱਠਾ ਕਰਨਾ ਸੀ ਤਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਤਾਬਦੀ ਸਮੇਂ ਸਮੁਚਾ ਪੰਥ ਆਪਸੀ ਵੈਰ-ਵਿਰੋਧ ਭੁਲਾ ਕੇ ਗੁਰੂ ਨਾਨਕ ਦੇਵ ਜੀ ਦੇ ਝੰਡੇ ਹੇਠ ਇਕੱਠਾ ਹੋ ਸਕੇ। ਇਸ ਮੌਕੇ ਦੇਸ਼-ਵਿਦੇਸ਼ ਤੋਂ ਵਿਦਵਾਨਾਂ ਨੇ ਮੁਢਲੇ ਸਿਖ ਸਰੋਤਾਂ ਅਤੇ ਸਿਖ ਸੰਪਰਦਾਵਾਂ ਉਤੇ ਆਪਣੇ ਪਰਚੇ ਪੜ੍ਹੇ। ਇਨ੍ਹਾਂ ਵਿਚ ਪੋ੍ਰ. ਗੁਰਿੰਦਰ ਸਿੰਘ ਮਾਨ ਅਤੇ ਸ. ਗੁਰਚਰਨਜੀਤ ਸਿੰਘ ਲਾਂਬਾ ਨੇ ਅਮਰੀਕਾ ਤੋਂ ਉਚੇਚੇ ਤੌਰ ਉਤੇ ਸ਼ਿਰਕਤ ਕੀਤੀ। ਇਸ ਮੌਕੇ ਯੂਨੀਵਰਸਿਟੀ ਕਾਲਜ ਮੀਰਾਂਪੁਰ (ਪਟਿਆਲਾ) ਤੋਂ ਡਾ. ਤੇਜਿੰਦਰ ਪਾਲ ਸਿੰਘ ਨੇ ਨਾਨਕਸਰ ਸੰਪਰਦਾਇ ਦੀ ਸਿੱਖ ਪੰਥ ਨੂੰ ਦੇਣ: ਆਲੋਚਨਾਤਮਿਕ ਅਧਿਐਨ ਵਿਸ਼ੇ ਉਤੇ ਆਪਣਾ ਪਰਚਾ ਪੜ੍ਹਿਆ। ਉਨ੍ਹਾਂ ਦਸਿਆ ਕਿ ਨਾਨਕਸਰ ਸੰਪਰਦਾਇ ਦੀ ਸਿਖ ਪੰਥ ਨੂੰ ਬਹੁਪੱਖੀ ਦੇਣ ਹੈ। ਇਸ ਸੰਪਰਦਾਇ ਦਾ ਮੁੱਢ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਨੇ ਬੰਨ੍ਹਿਆ, ਜਿਨ੍ਹਾਂ ਨੇ ਆਪਣਾ ਸਮੁਚਾ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਨਮਿੱਤ ਲੰਘਾਇਆ। ਉਨ੍ਹਾਂ ਕਿਹਾ ਕਿ ਨਾਨਕਸਰ ਸੰਪਰਦਾਇ ਦੀ ਸਮਾਜਿਕ ਦੇਣ ਬਹੁਮੁਲੀ ਹੈ। ਨਾਗਰਿਕ ਏਕਤਾ ਮੰਚ (ਦਿੱਲੀ) ਦੁਆਰਾ ਫਰਵਰੀ, 1985 ਨਾਮੀ ਮਹੀਨੇਵਾਰ ਅਖਬਾਰ ਵਿਚ ਲੱਗੀ ਖਬਰ ਦੇ ਹਵਾਲੇ ਨਾਲ ਉਨ੍ਹਾਂ ਦੱਸਿਆ ਕਿ 1984 ਦੇ ਸਿਖ ਕਤਲੇਆਮ ਦੌਰਾਨ ਦਿੱਲੀ ਵਿਚਲਾ ਨਾਨਕਸਰ ਆਸ਼ਰਮ ਸ਼ਰਨਾਰਥੀ ਕੈਂਪ ਵਿਚ ਤਬਦੀਲ ਹੋ ਗਿਆ ਸੀ। ਉਸ ਸਮੇਂ ਆਸ਼ਰਮ ਦੇ ਮੁਖ ਸੇਵਾਦਾਰ ਬਾਬਾ ਮੀਹਾਂ ਸਿੰਘ ਨੇ ਲਗਪਗ 3250 ਸਿੰਘਾਂ ਦੀ ਜਾਣ ਬਚਾਈ। ਇਸ ਮੌਕੇ ਸੰਤ ਬਾਬਾ ਪਿੰਦਰ ਸਿੰਘ ਜੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਸਿਖ ਸੰਪਰਦਾਵਾਂ ਵਿਚ ਦਿਨੋਂ-ਦਿਨ ਵਧ ਰਹੇ ਪਾੜੇ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦੇ ਹੋਏ ਧਾਰਮਿਕ ਬਹੁਲਵਾਦ ਦੀ ਮਹੱਤਤਾ ਦਿ੍ਰੜ ਕਰਵਾਈ। ਸੈਮੀਨਾਰ ਦੇ ਕੋਆਰਡੀਨੇਟਰ ਡਾ. ਹਰਭਜਨ ਸਿੰਘ ਨੇ ਸੈਮੀਨਾਰ ਦੀਆਂ ਗਤੀਵਿਧੀਆਂ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਉਣ ਦੇ ਨਾਲ-ਨਾਲ ਮੰਚ ਸੰਚਾਲਨ ਦੀ ਸੇਵਾ ਵੀ ਕੀਤੀ। ਇਸ ਮੌਕੇ ਸੰਤ ਬਾਬਾ ਪਿੰਦਰ ਸਿੰਘ ਜੀ ਅਤੇ ਬਾਬਾ ਜੋਧ ਸਿੰਘ ਜੀ ਵੱਲੋਂ ਡਾ. ਤੇਜਿੰਦਰ ਪਾਲ ਸਿੰਘ ਨੂੰ 21000/- ਰੁਪਏ ਦਾ ਵਿਸ਼ੇਸ਼ ਸਨਮਾਨ ਦਿਤਾ ਗਿਆ। ਸੈਮੀਨਾਰ ਵਿਚ ਪਹੁੰਚੇ ਸਾਰੇ ਵਿਦਵਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਬਾਬਾ ਜੋਧ ਸਿੰਘ ਜੀ ਨੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਗੁਰਮੀਤ ਸਿੰਘ ਖੋਸਿਆਂ ਵਾਲੇ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਤੋਂ ਡਾ. ਸੁਖਦਿਆਲ ਸਿੰਘ, ਡਾ. ਮੁਹੰਮਦ ਹਬੀਬ, ਡਾ. ਜਸਵਿੰਦਰ ਸਿੰਘ, ਡਾ. ਗੁਰਮੇਲ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮਿ੍ਰਤਸਰ ਤੋਂ ਡਾ. ਜਸਬੀਰ ਸਿੰਘ ਸਾਬਰ, ਡਾ. ਮੁਹੱਬਤ ਸਿੰਘ, ਪੰਜਾਬੀ ਯੂਨੀਵਰਸਿਟੀ ਕੈਂਪਸ ਦੇਹਰਾਦੂਨ ਤੋਂ ਡਾ. ਕੁਲਵਿੰਦਰ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਤੋਂ ਡਾ. ਹਰਦੇਵ ਸਿੰਘ ਆਦਿ ਹਾਜ਼ਰ ਸਨ।