ਸਤਲੁਜ ਦਰਿਆ ਦਾ ਪੱਧਰ ਰਾਤੋ ਰਾਤ ਦੋ ਫੁੱਟ ਹੋਰ ਵਧਿਆ, ਧਰਮਕੋਟ ਦੇ ਦਰਿਆ ਤੇ ਪੈਂਦੇ ਪਿੰਡਾਂ ਦੇ ਕਿਸਾਨ ਚਿੰਤਾ ਚ ਡੁੱਬੇ , ਲੋਕਾਂ ਦੀਆਂ ਚਿੰਤਾਵਾਂ ਵਧੀਆਂ

ਮੰਝਲੀ,ਮੋਗਾ ,25ਸਤੰਬਰ (ਜਸ਼ਨ):  ਸੂਬੇ ਵਿੱਚ ਹੜ੍ਹਾਂ ਵਰਗੀ ਸਥਿਤੀ ਬਣਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਅਗਾਊਂ ਪ੍ਰਬੰਧ ਕਰਨ ਦੇ ਦਿੱਤੇ ਆਦੇਸ਼ਾਂ ਉਪਰੰਤ ਬੀਤੇ ਕੱਲ੍ਹ ਮੋਗਾ ਦੇ ਡਿਪਟੀ ਕਮਿਸ਼ਨਰ ਤਾਰ ਸ.ਦਵਿੰਦਰਪਾਲ ਸਿੰਘ ਖਰਬੰਦਾ ਅਤੇ ਐਸ ਐਸ ਪੀ ਸ.ਗੁਰਪ੍ਰੀਤ ਸਿੰਘ ਤੂਰ ਨੇ ਦਰਿਆ ਦੇ ਕੰਢੇ ਦਾ ਦੌਰਾ ਕੀਤਾ ਸੀ ਖਾਸਕਰ ਪਿੰਡ ਮੰਝਲੀ ਵਿਖੇ ਦਰਿਆ ਦੇ ਵਹਿਣ ਦਾ ਜਾਇਜ਼ਾ ਲਿਆ ਸੀ। ਅੱਜ ਸਵੇਰੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ   ਦੀ ਟੀਮ ਵੱਲੋਂ ਪਿੰਡ ਮੰਝਲੀ ਦੇ ਸੀਨੀਅਰ ਕਾਂਗਰਸੀ ਆਗੂ ਸ.ਸੁਰਜੀਤ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਕੱਲ੍ਹ ਨਾਲੋਂ ਅੱਜ ਦਰਿਆ ਵਿੱਚ ਪਾਣੀ ਦਾ ਵਹਾਅ ਹੋਰ ਤੇਜ਼ ਹੋ ਗਿਆ ਹੈ। ਉਨ੍ਹਾਂ ਦੱਸਿਆ ਕੇ ਰਾਤੋ ਰਾਤ ਘੱਟੋ ਘੱਟ ਦੋ ਫੁੱਟ ਪਾਣੀ ਦਾ ਪੱਧਰ ਹੋਰ ਉੱਚਾ ਹੋ ਗਿਆ ਹੈ ।ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਜੇ ਪਾਣੀ ਦਾ ਪੱਧਰ ਮਹਿਜ ਦੋ ਫੁੱਟ ਹੋਰ ਉੱਚਾ ਹੁੰਦਾ ਹੈ ਤਾਂ ਦਰਿਆ ਦਾ ਪਾਣੀ ਦਰਿਆ ਲਾਗਲੇ ਖੇਤਾਂ ਤੱਕ ਮਾਰ ਕਰੇਗਾ ਅਤੇ ਕਿਸਾਨਾਂ ਦੀਆਂ ਫਸਲਾਂ ਨੁਕਸਾਨੀਆਂ ਜਾਣਗੀਆਂ ।ਵਰਣਨਯੋਗ ਹੈ ਕਿ ਕੱਲ੍ਹ ਡਿਪਟੀ ਕਮਿਸ਼ਨਰ ਸ.ਖਰਬੰਦਾ ਨੇ ਵੀ ਰੋਪੜ ਹੈੱਡ ਵਰਕਸ ਤੋਂ ਛੱਡੇ ਪਾਣੀ ਦੇ ਦੋ ਦਿਨ ਤੱਕ ਮੋਗਾ ਜਲੰਧਰ ਰੋਡ ਤੇ ਬਣੇ ਪੁਲ ਨਜ਼ਦੀਕ ਪਹੁੰਚਣ ਬਾਰੇ ਜ਼ਿਕਰ ਕੀਤਾ ਸੀ ਪਰ ਅੱਜ ਹੀ ਦੋ ਫੁੱਟ ਪੱਧਰ ਵਧਣ ਨਾਲ ਦਰਿਆ ਲਾਗਲੇ ਪਿੰਡਾਂ ਦੇ ਲੋਕਾਂ ਦੇ ਮੱਥਿਆਂ ਤੇ ਚਿੰਤਾ ਦੀਆਂ ਲਕੀਰਾਂ ਖਿੱਚੀਆਂ ਗਈਆਂ ਨੇ।ਪਿੰਡ ਮੰਝਲੀ ਵਿਖੇ ਦਰਿਆ ਦੇ ਕੰਢੇ ਤੇ ਪਾਣੀ ਦੇ ਵਹਾਅ ਨੂੰ ਦੇਖਦਿਆਂ ਸੁਰਜੀਤ ਸਿੰਘ, ਦਰਸ਼ਨ ਸਿੰਘ, ਜਗਦੀਸ਼ ਸਿੰਘ ,ਕਰਨੈਲ ਸਿੰਘ, ਹਰਮੇਸ਼ ਸਿੰਘ ,ਬੱਗਾ ਸਿੰਘ ਆਦਿ ਕਿਸਾਨਾਂ ਨੇ ਆਖਿਆ ਕਿ ਕਿਸਾਨੀ ਦੀ ਦਸ਼ਾ ਪਹਿਲਾਂ ਹੀ ਤਰਸਯੋਗ ਹੈ ਪਰ ਹੁਣ ਬੇਮੌਸਮੀ ਮੀਂਹ ਨੇ ਕਿਰਸਾਨੀ ਨੂੰ ਵੱਡੀ  ਸੱਟ ਮਾਰੀ ਹੈ ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।