ਕਾਂਗਰਸ ਨੇ ਪਾਰਟੀ ਦੇ ਸਨਮਾਨ ਲਈ ਲੋਕਤੰਤਰ ਦਾ ਅਪਮਾਨ ਕੀਤਾ- ਐਡਵੋਕੇਟ ਨਸੀਬ ਬਾਵਾ

ਮੋਗਾ 24 ਸਤੰਬਰ(ਜਸ਼ਨ): ਪੰਚਾਇਤੀ ਚੋਣਾ ਵਿੱਚ ਕਾਂਗਰਸੀ ਲੀਡਰਾਂ ਨੇ ਜਿੱਤ ਦੇ ਹਊਮੇ ਲਈ ਲੋਕਤੰਤਰ ਦਾ ਘਾਣ ਕੀਤਾ। ਸਮੇਂ ਸਮੇਂ ਤੇ ਸਰਕਾਰਾਂ ਨੇ ਰਾਜ ਵਿੱਚ ਵਿਕਾਸ ਦੇ ਕੰਮਾਂ ਦਾ ਕਦੇ ਮੁਕਾਬਲਾ ਨਹੀਂ ਕੀਤਾ ਮੁਕਾਬਲਾ ਸਿਰਫ ਇਸ ਗੱਲ ਦਾ ਕੀਤਾ ਹੈ ਕਿ ਟੇਢੇ ਤਰੀਕੇ ਨਾਲ ਰਾਜਨੀਤੀ ਕਰਕੇ ਕਿਸ ਤਰ੍ਹਾਂ ਵਿਰੋਧੀ ਪਾਰਟੀਆਂ ਦੇ ਹਾਵੀ ਹੋਣਾ ਹੈ, ਅਜਿਹਾ ਕਰਨ ਲੱਗੇ ਇਹ ਪਾਰਟੀਆਂ ਦੇ ਨੇਤਾ ਇਹ ਭੁੱਲ ਜਾਂਦੇ ਹਨ ਕਿ ਪ੍ਰਸ਼ਾਸ਼ਨ ਦੀ ਤਾਕਤ ਨਾਲ ਪ੍ਰਾਪਤ ਕੀਤੀ ਸੱਤਾ ਬਹੁਤ ਲੰਬਾ ਸਮਾਂ ਨਹੀਂ ਚੱਲਦੀ ਇਹ ਤਾਂ ਸਿਰਫ ਵਿਕਾਸ ਦੇ ਕੰਮ ਕਰਕੇ ਪਿਆਰ ਨਾਲ ਵਿਚਰਨ ਨਾਲ ਹੀ ਮਿਲਦੀ ਹੈ। ਕਾਂਗਰਸ ਵਾਲੇ ਲੀਡਰ ਬਦਲੇ ਦੀ ਭਾਵਨਾ ਨਾਲ ਚੋਣ ਮੈਦਾਨ ਵਿੱਚ ਨਿਤਰੇ ਪ੍ਰੰਤੂ ਇਹ ਭੁੱਲ ਗਏ ਕਿ ਅਕਾਲੀ ਪਾਰਟੀ ਨੇ ਪਿਛਲੇ ਦਸ ਸਾਲਾਂ ਵਿੱਚ ਇਹ ਹੀ ਤਾਂ ਕੀਤਾ ਸੀ, ਵਿਰੋਧੀਆਂ ਨੂੰ ਲੋੜੀਂਦੇ ਸਰਟੀਫਿਕੇਟ ਜਾਰੀ ਨਹੀਂ ਕੀਤੇ, ਉਨ੍ਹਾਂ ਦੇ ਨਾਮਜਾਦਗੀ ਪੱਤਰ ਰੱਦ ਕੀਤੇ ਅਤੇ ਰਹਿੰਦੀਆਂ ਖੂੰਹਦੀਆਂ ਚੋਣਾਂ ਬੂਥ ਕੈਪਚਰ ਕਰਕੇ ਜਿੱਤੀਆਂ ਅਤੇ ਫਿਰ 25 ਸਾਲ ਰਾਜ ਕਰਨ ਦਾ ਹੰਕਾਰ ਕੀਤਾ ਪ੍ਰੰਤੂ ਇਸ ਧੱਕੇਸ਼ਾਹੀ ਅਤੇ ਹੰਕਾਰ ਨੇ ਇਨ੍ਹਾਂ ਨੂੰ ਅਸੰਬਲੀ ਵਿੱਚ ਪਿਛਲੀਆਂ ਕੁਰਸੀਆਂ ਤੇ ਫੜ ਕੇ ਬੈਠਾ ਦਿੱਤਾ ਅਤੇ ਇਹ ਹੀ ਹਾਲ ਅਗਲੀਆਂ ਅਸੰਬਲੀ ਚੋਣਾਂ ਵਿੱਚ ਕਾਂਗਰਸ ਸਰਕਾਰ ਨਾਲ ਹੋਣ ਵਾਲਾ ਹੈ, ਇਸ ਗੱਲ ਦਾ ਪ੍ਰਗਟਾਵਾ ਆਪ ਆਦਮੀ ਪਾਰਟੀ ਦੇ ਪ੍ਰਧਾਨ ਸ਼੍ਰੀ ਨਸੀਬ ਬਾਵਾ ਨੇ ਆਪਣੇ ਪੈ੍ਰਸਨੋਟ ਰਾਹੀਂ ਕੀਤਾ, ਉਨ੍ਹਾਂ ਕਿਹਾ ਕਿ ਲੋਕਤੰਤਰ ਰਾਜ ਵਿੱਚ ਚੋਣਾਂ ਨੂੰ ਲੁੱਟ ਦੇ ਅਤੇ ਵਿਰੋਧੀ ਪਾਰਟੀ ਨੂੰ ਕੁੱਟ ਕੇ ਸੱਤਾ ਪ੍ਰਾਪਤ ਕਰਨੀ ਪਾਪ ਹੀ ਨਹੀਂ ਸਗੋਂ ਬੁਜਦਿਲੀ ਹੈ ਕਿ ਪ੍ਰਸ਼ਾਸ਼ਨ ਤੇ ਦਬਾਅ ਪਾ ਕੇ ਇਹ ਕੰਮ ਔਖਾ ਨਹੀਂ ਪ੍ਰੰਤੂ ਸੱਤਾ ਦੇ ਨਸ਼ੇ ਵਿੱਚ ਨਿਯਮਾਂ ਨੂੰ ਭੁੱਲ ਜਾਂਣਾ ਸੁਭਾਵਕ ਹੈ ਕਿਉਂਕਿ ਸੱਤਾ ਦਾ ਨਸ਼ਾ ਚਿੱਟੇ ਦੇ ਨਸ਼ੇ ਨਾਲੋਂ ਵੀ ਭੈੜਾ ਹੈ ਜਿਸ ਦੀ ਵਰਤੋਂ ਪਹਿਲਾਂ ਅਕਾਲੀਆਂ ਨੇ ਕੀਤੀ ਹੁਣ ਕਾਂਗਰਸ ਕਰ ਰਹੀ ਹੈ। ਸ਼ਾਇਦ ਸੱਤਾ ਵਾਲਿਆਂ ਨੇ ਆਪਣੇ ਅੰਦਰ ਇਹ ਝਾਤ ਕਦੇ ਨਹੀਂ ਮਾਰੀ ਕਿ ਲੋਕਾਂ ਨਾਲ ਜੋ ਵਾਅਦੇ ਕਰਕੇ ਉਨ੍ਹਾਂ ਨੇ ਇਹ ਸੱਤਾ ਪ੍ਰਾਪਤ ਕੀਤੀ ਸੀ ਉਸ ਨੂੰ ਪੂਰਿਆਂ ਕਰਨ ਬਾਰੇ ਉਨ੍ਹਾਂ ਦੇ ਲੀਡਰਾਂ ਨੇ ਸੋਚਿਆ ਹੈ ਸ਼੍ਰੀ ਬਾਵਾ ਨੇ ਕਿਹਾ ਕਿ ਅਕਾਲੀ ਪਾਰਟੀ ਨੇ ਜੋ ਬੁਰਾਈਆਂ ਕੀਤੀਆਂ ਸੀ ਉਸ ਬਾਰੇ ਠੰਡੇ ਦਿਮਾਗ ਨਾਲ ਪਸਚਾਤਾਪ ਕਰਨ ਅਤੇ ਚੰਗੇ ਰਾਜ ਦੀ ਕਾਮਨਾ ਕਰਨ ਅਤੇ ਕਾਂਗਰਸ ਪਾਰਟੀ ਦੇ ਲੀਡਰ ਸੱਤਾ ਦਾ ਹੰਕਾਰ ਤਿਆਗਣ, ਇਹ ਨਾ ਭੁੱਲਣ ਕਿ ਹਿੰਦੋਸਤਾਨ ਲੋਕਤੰਤਰਿਕ ਦੇਸ਼ ਹੈ, ਇਥੇ ਲੁੱਕ ਲੁੱਕ ਕੇ ਕੀਤੀਆਂ ਗਲਤੀਆਂ ਵੱਲ ਵੀ ਲੋਕਾਂ ਦਾ ਧਿਆਨ ਹੈ ਅਤੇ ਇਹ ਲੋਕ ਬਟਨ ਦਬਾ ਕੇ ਗਲਤ ਲੋਕਾਂ ਨੂੰ ਉਹਨਾਂ ਦੀਆਂ ਗਲਤੀਆਂ ਦਾ ਅਹਿਸਾਸ ਕਰਵਾਉਂਦੇ ਹਨ।