‘ਡਾਕੂਆਂ ਦਾ ਮੁੰਡਾ’ ਫਿਲਮ ਦੇ ਲੇਖਕ ਮਿੰਟੂ ਗੁਰੂਸਰੀਆ ਦੇ ਸਨਮਾਨ ‘ਚ ਵਿਸ਼ੇਸ਼ ਸਮਾਗਮ,ਲੋਕਾਂ ਦੇ ਪਿਆਰ ਦੀ ਬਦੌਲਤ ਮੈਂ ਆਪਣੀ ਸਵੈ ਜੀਵਨੀ ਲਿਖੀ : ‘ਮਿੰਟੂ’

ਸਾਦਿਕ/ਕੋਟਕਪੂਰਾ, 24 ਸਤੰਬਰ (ਟਿੰਕੂ) :- ਸਮਾਜਿਕ ਬੁਰਾਈਆਂ ਦੀ ਦਲਦਲ ਵਿਚੋਂ ਨਿੱਕਲ ਕੇ ਨਾਮਵਰ ਫਿਲਮ ਦੇ ਲੇਖਕ ਬਣੇ ਮਿੰਟੂ ਗੁਰੂਸਰੀਆ ਦਾ ਵਿਸ਼ੇਸ਼ ਸਨਮਾਨ ਸਮਾਰੋਹ ਸਥਾਨਕ ਵਿਸ਼ਵਕਰਮਾ ਭਵਨ ਵਿਖੇ ਜੀ ਆਇਆਂ ਨੂੰ ਸੱਥ ਸਾਦਿਕ ਵੱਲੋਂ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਮਿੰਟੂ ਗੁਰੂਸਰੀਆ ਤੇ ਵਿਸੇਸ਼ ਮਹਿਮਾਨ ਵਜੋਂ ਦਰਸ਼ਨ ਜਟਾਣਾ ਨੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਆਰਟ ਕੌਂਸਲ ਪੰਜਾਬ ਸਰਕਾਰ ਦੇ ਵਿਸ਼ੇਸ਼ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਕੀਤੀ। ਮੰਚ ਸੰਚਾਲਨ ਪਰਮਜੀਤ ਸਿੰਘ ਨੇ ਕੀਤਾ। ਡਾ. ਕੇਵਲ ਅਰੋੜਾ ਵੈਟਨਰੀ ਅਫਸਰ ਨੇ ਜੀ ਆਇਆਂ ਕਿਹਾ। ਸੁਖਦੇਵ ਸਿੰਘ ਸੰਗਤਪੁਰਾ ਤੇ ਮਨਪ੍ਰੀਤ ਨੇ ਗੀਤ ਪੇਸ਼ ਕੀਤੇ। ਅਲੋਚਕ ਜਟਾਣਾ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ ਤੇ ਲੋਕਾਂ ਦੀ ਗੱਲਾਂ ਦੀ ਪ੍ਰਵਾਹ ਕੀਤੇ ਬਗੈਰ ਅੱਗੇ ਵਧਦੇ ਰਹਿਣ ਦਾ ਸੰਦੇਸ਼ ਦਿੱਤਾ। ਡਾ. ਅਮਰਜੀਤ ਅਰੋੜਾ ਨੇ ਸਨਮਾਨ ਪੱਤਰ ਪੜਿਆ। ਇਕੱਠ ਨੂੰ ਸੰਬੋਧਨ ਕਰਦਿਆਂ ਮਿੰਟੂ ਨੇ ਦੱਸਿਆ ਕਿ ਕਿਸ ਤਰਾਂ ਉਹ ਬਲੈਕੀਆਂ ਦੇ ਪਰਿਵਾਰ ਵਿਚ ਪਲਿਆ ਤੇ ਕਿਸ ਤਰਾਂ ਦੇ ਭੈੜੇ ਨਸ਼ਿਆਂ ਦਾ ਸ਼ਿਕਾਰ ਵੀ ਰਿਹਾ, ਪਰ ਉਸ ਦੇ ਅੰਦਰਲੀ ਸ਼ਕਤੀ ਕੁਝ ਵੱਖਰਾ ਕਰਨ ਦੀ ਪ੍ਰੇਰਣਾ ਦਿੰਦੀ ਰਹੀ ਤੇ ਅਜਿਹਾ ਸਮਾਂ ਆਇਆ ਕਿ ਮੈਂ ਦੋਸਤਾਂ ਦੇ ਕਹਿਣ ‘ਤੇ ਸਮਾਜਿਕ ਬੁਰਾਈਆਂ ਦਾ ਤਿਆਗ ਕਰਕੇ ਕੁਝ ਬਨਣ ਲਈ ਯਤਨਸ਼ੀਲ ਹੋਇਆ ਤੇ ਲੋਕਾਂ ਦੇ ਪਿਆਰ ਦੀ ਬਦੌਲਤ ਮੈਂ ਆਪਣੀ ਸਵੈ ਜੀਵਨੀ ਲਿਖੀ ਤੇ ਫਿਰ ਉਸ ਦੇ ਫਿਲਮਾਂਕਣ ਕੀਤਾ ਗਿਆ ‘ਡਾਕੂਆਂ ਦਾ ਮੁੰਡਾ’। ਹੌਸਲਾ ਹੋਵੇ ਤਾਂ ਕੁਝ ਕੁ ਜੁਗਨੂੰ ਵੀ ਹਨੇਰੇ ਨੂੰ ਚੀਰ ਦਿੰਦੇ ਹਨ। ਸਮਾਂ ਮੰਗ ਕਰਦਾ ਹੈ ਕਿ ਨੌਜਵਾਨ ਵਰਗ ਨਸ਼ਿਆਂ ਤੋਂ ਦੂਰ ਰਹਿ ਕੇ ਸਿਆਸੀ ਲੋਕਾਂ, ਭੈੜੀ ਸੰਗਤ ਅਤੇ ਨਸ਼ੇੜੀ ਲੋਕਾਂ ਦਾ ਸੰਗ ਛੱਡ ਕੇ ਕੁਝ ਕਰਨ ਲਈ ਅੱਗੇ ਵਧਣ। ਜੋ ਵਿਅਕਤੀ ਕਹਿੰਦਾ ਹੈ ਕਿ ਮੈਂ ਸੰਤੁਸ਼ਟ ਹਾਂ ਤਾਂ ਸਮਝੋ ਉਹ ਜਿੰਦਗੀ ਤੋਂ ਹਾਰ ਚੁੱਕਾ ਹੈ ਸੰਤੁਸ਼ਟੀ ਬੰਦੇ ਨੂੰ ਆਲਸੀ ਬਣਾ ਦਿੰਦੀ ਹੈ ਹਰ ਦਿਨ ਤੁਹਾਡੇ ਲਈ ਤਰੱਕੀ ਲੈ ਕੇ ਆਉਂਦਾ ਹੈ ਪਰ ਤੁਸੀਂ ਉਸ ਦਿਨ ਨੂੰ ਕਿਸ ਤਰਾਂ ਵਰਤਦੇ ਹੋ ਇਹ ਤੁਹਾਡੇ ‘ਤੇ ਨਿਰਭਰ ਕਰਦਾ ਹੈ। ਮੈਨੂੰ ਨਸ਼ਾ ਛੱਡੇ ਨੂੰ ਕਾਫੀ ਸਾਲ ਹੋ ਚੁੱਕੇ ਹਨ ਪਰ ਕੁਝ ਲੋਕ ਮੇਰੀਆਂ ਲਿਖਤਾਂ ਪੜ ਕੇ ਅੱਜ ਵੀ ਨਸ਼ੇੜੀ ਕਹਿ ਦਿੰਦੇ ਹਨ। ਨਿੰਦਰ ਘੁਗਿਆਣਵੀ ਨੇ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਅੰਦਰ ਨਸ਼ਿਆਂ ਕਾਰਨ ਨੌਜਵਾਨੀ ਮਰ ਰਹੀ ਸੀ ਤਾਂ ਮਿੰਟੂ ਦੀ ਸਵੈ ਜੀਵਨੀ ਤੋਂ ਪ੍ਰਭਾਵਿਤ ਹੋ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸਾਨੂੰ ਬੁਲਾ ਕੇ ਨੌਜਵਾਨੀ ਨੂੰ ਸਿੱਧੇ ਰਾਹ ਪਾਉਣ ਲਈ ਵਿਚਾਰ ਸਾਂਝੇ ਕੀਤੇ ਸਨ। ਉਨਾਂ ਨੌਜਵਾਨ ਵਰਗ  ਨੂੰ ਅਪੀਲ ਕੀਤੀ ਕਿ ਨਸ਼ਾ ਕਰਕੇ ਛੱਡਣ ਵਾਲੇ ਨੌਜਵਾਨ ਮਿੰਟੂ ਨੂੰ ਆਪਣਾ ਆਦਰਸ਼ ਮੰਨ ਕੇ ਚੱਲਣ ’ਤੇ ਲੋਕਾਂ ਦੇ ਤਾਹਨੇ ਮਿਹਣਿਆਂ ਦੀ ਪ੍ਰਵਾਹ ਨਾ ਕਰਨ।