ਸਿਹਤ ਵਿਭਾਗ ਦੀ ਚੰਡੀਗੜ ਤੋਂ ਆਈ ਵੈਨ ਜਰੀਏ ਸਕੂਲੀ ਬੱਚਿਆਂ ਨੂੰ ਨਸ਼ਿਆਂ ਪ੍ਰਤੀ ਕੀਤਾ ਗਿਆ ਜਾਗਰੂਕ
ਮੋਗਾ, 24 ਸਤੰਬਰ(ਜਸ਼ਨ)-ਸਿਹਤ ਤੇ ਪ੍ਰੀਵਾਰ ਭਲਾਈ ਵਿਭਾਗ ਪੰਜਾਬ, ਚੰਡੀਗੜ ਵੱਲੋਂ ਭੇਜੀ ਗਈ ਜਾਗਰੂਕਤਾ ਵੈਨ ਰਾਹੀਂ ਸਿਹਤ ਬਲਾਕ ਡਰੋਲੀ ਭਾਈ ਦੀਆਂ ਟੀਮਾਂ ਵੱਲੋਂ ਸਿਵਲ ਸਰਜਨ ਮੋਗਾ ਡਾ. ਸੁਸ਼ੀਲ ਜੈਨ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਇੰਦਰਵੀਰ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵੱਖ-ਵੱਖ ਸਕੂਲਾਂ ਤੇ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਅਗਵਾਈ ਬੀ.ਈ.ਈ. ਰਛਪਾਲ ਸਿੰਘ ਸੋਸਣ ਤੇ ਐਸ.ਆਈ. ਬਲਰਾਜ ਸਿੰਘ ਸਿੱਧੂ ਵੱਲੋਂ ਕੀਤੀ ਗਈ। ਇਸ ਦੌਰਾਨ ਡਰੋਲੀ ਭਾਈ ਹਸਪਤਾਲ ਵਿੱਚ ਬਣੇ ਓ.ਓ.ਏ.ਟੀ. (ਨਸ਼ਾ-ਮੁਕਤੀ) ਕੇਂਦਰ ਵਿਖੇ ਮਰੀਜਾਂ ਨੂੰ ਐਲ.ਈ.ਡੀ. ਰਾਹੀਂ ਤੇ ਭਾਸ਼ਣ ਰਾਹੀਂ ਜਾਗਰੂਕ ਕੀਤਾ ਗਿਆ ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ ਵਿਖੇ ਵੈਨ ਲਿਜਾ ਕੇ ਜਾਗਰੂਕਤਾ ਮੁਹਿੰਮ ਚਲਾਈ ਗਈ।
ਸਕੂਲ ਦੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਸਿਹਤ ਅਧਿਕਾਰੀਆਂ ਤੋਂ ਇਲਾਵਾ ਲੈਕਚਰਾਰ ਦੀਪਕ ਕੁਮਾਰ, ਲੈਕਚਰਾਰ ਕਪਤਾਨ ਸਿੰਘ, ਲੈਕਚਰਾਰ ਸੁਨੀਲ ਮਿੱਤਲ ਤੇ ਹੋਰਨਾਂ ਅਧਿਆਪਕਾਂ ਨੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੇ ਬਚਾਅ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਉਪਰੰਤ ਵੈਨ ਸਰਕਾਰੀ ਹਾਈ ਸਕੂਲ ਝੰਡੇਆਣਾ ਪੱਛਮੀ ਵਿਖੇ ਪਹੁੰਚੀ, ਜਿਥੇ ਐਸ.ਆਈ. ਪਿਆਰੇ ਲਾਲ ਸੇਠੀ ਤੇ ਅਧਿਆਪਕ ਹਰਪ੍ਰੀਤ ਸਿੰਘ ਵੱਲੋਂ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ। ਸਰਕਾਰੀ ਹਾਈ ਸਕੂਲ ਚੰਦ ਨਵਾਂ ਵਿਖੇ ਡਾ. ਅਰਸ਼ਿਕਾ ਤੇ ਐਸ.ਆਈ. ਪਰਮਜੀਤ ਸਿੰਘ ਵੱਲੋਂ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਨਸ਼ਿਆਂ ਤੋਂ ਬਚਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ। ਸਾਰੀਆਂ ਥਾਵਾਂ ‘ਤੇ ਬੱਚਿਆਂ ਤੇ ਅਧਿਆਪਕਾਂ ਵੱਲੋਂ ਨਸ਼ੇ ਦੀ ਵਰਤੋਂ ਨਾ ਕਰਨ ਤੇ ਹੋਰਨਾਂ ਨੂੰ ਨਸ਼ਿਆਂ ਤੋਂ ਰੋਕਣ ਦਾ ਪ੍ਰਣ ਲਿਆ ਗਿਆ। ਇਸ ਮੌਕੇ ਸਤਪਾਲ ਪੁਰੀ, ਪਰਮਜੀਤ ਸਿੰਘ ਘਾਲੀ, ਗੁਰਿੰਦਰ ਸਿੰਘ, ਮੈਡਮ ਗੁਰਪ੍ਰੀਤ ਕੌਰ, ਮੈਡਮ ਮਨਪ੍ਰੀਤ ਕੌਰ ਤੇ ਹੋਰ ਅਧਿਆਪਕ ਸੇ ਸਕੂਲ ਸਟਾਫ ਹਾਜ਼ਰ ਸੀ।