ਭਾਈ ਘਨੱਈਆ ਜੀ ਨੂੰ ਯਾਦ ਕਰਦਿਆਂ---- ਗੁਰਭਜਨ ਗਿੱਲ

ਚੌਮੁਖੀਆ ਚਿਰਾਗ 

ਚੇਤੇ ਆਉਂਦਾ ਹੈ
ਹਨ੍ਹੇਰੀ ਰਾਤ ਵਿੱਚ ਜਗਦਾ, 
ਮਘਦਾ ਸੁਰਖ ਸੂਰਜ 
ਅੰਬਰ ਚ ਦਗਦਾ
ਸਮੂਲਚਾ ਵਜੂਦ
ਬਾਬੇ ਨਾਨਕ ਦਾ ਵਾਰਿਸ ਲੱਗਦਾ। 

ਝਨਾਂ ਕੰਢੇ ਸੋਹਦਰੇ ਪਿੰਡ ਚ 
ਮਾਂ ਸੁੰਦਰੀ ਦਾ ਜਾਇਆ
ਬਾਬਲ ਨੱਥੂ ਰਾਮ ਦੇ 
ਬਿਰਖ ਦੀ ਸਦੀਵਕਾਲੀ ਛਾਇਆ। 
ਦਸ ਪਾਤਿਸਾਹੀਆਂ ਦੀ ਛਾਵੇਂ 
ਤੁਰਦਾ ਤੁਰਦਾ 
ਆਨੰਦਪੁਰ ਸਾਹਿਬ ਆਇਆ। 

ਯੁੱਧ ਵਿੱਚ ਨਾ ਕੋਈ 
ਵੈਰੀ ਨਾ ਬੇਗਾਨਾ
ਗੁਰੂ ਦਾ ਸੰਦੇਸ 
ਜਿਸ ਸੱਚ ਕਰ ਮਾਨਾ। 
ਮੁਗਲ ਜਾਂ ਪਹਾੜੀਆ 
ਤੇਰਾ ਹੀ ਬੰਦਾ 
ਦਿਸੇ ਬਲਿਹਾਰੀਆ। 

ਨਿਰਛਲ ਨਿਰਭਉ ਤੇ ਨਿਰਵੈਰ। 
ਸਰਬੱਤ ਦਾ ਭਲਾ ਲੋੜਦੇ ਕਰ ਪੈਰ
ਪਿਆਸਿਆਂ ਲਈ 
ਨਿਰਮਲ ਜਲਧਾਰਾ
ਦਸਮੇਸ ਗੁਰੂ ਨੂੰ 
ਜਾਨੋਂ ਪਿਆਰਾ। 

ਦੂਤੀਆਂ ਕਿਹਾ 
ਇਹ ਮੁਗਲ ਬਚਾਵੇ। 
ਮਰਦਿਆਂ ਦੇ ਮੂੰਹ 
ਪਾਣੀ ਪਾਵੇ। 
ਇਸਨੂੰ ਕਹੋ ਇਹ ਇੰਜ ਕਰੇ ਨਾ,
ਸਾਨੂੰ ਇਹ ਕੰਮ ਮੂਲ ਨਾ ਭਾਵੇ। 

ਦਸਮ ਪਿਤਾ ਹੱਸੇ 
ਮੁਸਕਰਾਏ। 
ਬੋਲੇ ਮੇਰਿਓ ਭੋਲਿਓ ਪੁੱਤਰੋ, 
ਇਹ ਤਾਂ ਆਪਣਾ 
ਧਰਮ ਨਿਭਾਏ। 
ਤੁਹਾਨੂੰ ਕਿਉਂ ਇਹ 
ਸਮਝ ਨਾ ਆਏ। 

ਹਿੱਕ ਨਾਲ ਲਾ ਕੇ 
ਇਹ ਫੁਰਮਾਇਆ। 
ਤੂੰ ਮੇਰੇ ਸਬਦਾਂ ਦੀ ਲੋਏ
ਤੁਰਦਾ ਤੁਰਦਾ 
ਉਸ ਥਾਂ ਆਇਆ
ਜਿੱਥੇ ਪੁੱਜ ਕੇ ਨਾ ਕੋਈ ਵੈਰੀ 
ਨਾ ਹੀ ਰਹੇ ਕੋਈ ਬੇਗਾਨਾ। 
ਇਹ ਹੀ ਧਰਮ ਦਾ 
ਅਸਲ ਨਿਸਾਨਾ। 

ਆਹ ਫੜ ਪੱਟੀਆਂ 
ਮੱਲਮ ਦੀ ਡੱਬੀ। 
ਤੂੰ ਸੇਵਾ ਚੋਂ ਮਾਣਕ ਮੋਤੀ
ਉੱਚੀ ਸੁੱਚੀ ਹਸਤੀ ਲੱਭੀ। 
ਹਰ ਜਖਮੀ ਨੂੰ ਸਮ ਕਰ ਜਾਣੀਂ। 
ਮੂੰਹ ਵਿੱਚ ਪਾਵੇਂਗਾ ਜਦ ਪਾਣੀ। 
ਚੁੱਪ ਕਰਕੇ ਤੂੰ ਉਸ ਪਲ ਸੁਣ ਲਈਂ 
ਅਰਥ ਸਣੇ ਗੁਰੂਆਂ ਦੀ ਬਾਣੀ।
ਸਰਬ ਕਾਲ ਦਾ ਬਣ ਕੇ ਹਾਣੀ। 
         


ਸੰਪਰਕ: 98726 31199