ਆਗਮਨ ਪੁਰਬ ਨੂੰ ਸਮਰਪਿਤ ਅਤੇ ਪੁੱਤਰ ਦੀ ਦਾਤ ਦੀ ਖੁਸ਼ੀ ’ਚ ਸਵੈਇਛੁੱਕ ਖੂਨਦਾਨ ਕੈਂਪ
ਕੋਟਕਪੂਰਾ, 22 ਸਤੰਬਰ (ਟਿੰਕੂ ਪਰਜਾਪਤੀ) :-ਆਸ਼ੀਰਵਾਦ ਸੇਵਾ ਸੁਸਾਇਟੀ ਠੱਠੀ ਭਾਈ ਵੱਲੋਂ ਸਥਾਨਕ ਜੈਤੋ ਸੜਕ ’ਤੇ ਸਥਿੱਤ ਗੁਰਦਵਾਰਾ ਪਾਤਸ਼ਾਹੀ ਦਸਵੀਂ ਵਿਖੇ ਬਾਬਾ ਫਰੀਦ ਆਗਮਨ ਪੁਰਬ ਨੂੰ ਸਮਰਪਿਤ ਅਤੇ ਕੌਂਸਲਰ ਰਾਜਵਿੰਦਰ ਸਿੰਘ ਲਾਟੂ ਦੇ ਘਰ ਪ੍ਰਮਾਤਮਾ ਵੱਲੋਂ ਬਖਸ਼ੀ ਪੁੱਤਰ ਦੀ ਦਾਤ ਦੀ ਖੁਸ਼ੀ ’ਚ ਲਾਏ ਗਏ ਸਵੈਇਛੁੱਕ ਖੂਨਦਾਨ ਕੈਂਪ ਦੌਰਾਨ 50 ਦਾਨੀ ਸੱਜਣਾਂ ਨੇ ਆਪਣਾ ਖੂਨਦਾਨ ਕੀਤਾ। ਸੁਸਾਇਟੀ ਦੇ ਸਕੱਤਰ ਸੰਦੀਪ ਸਿੰਘ ਨੇ ਦੱਸਿਆ ਕਿ ਬੀਟੀਓ ਡਾ ਰਮੇੇਸ਼ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਉਕਤ 50 ਯੂਨਿਟ ਇਕੱਤਰ ਕਰਦਿਆਂ ਖੂਨਦਾਨੀਆਂ ਨੂੰ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਉਨਾ ਦੱਸਿਆ ਕਿ ਕੌਂਸਲਰ ਰਾਜਵਿੰਦਰ ਸਿੰਘ ਲਾਟੂ ਦੇ ਯਤਨਾ ਸਦਕਾ ਲੱਗੇ ਖੂਨਦਾਨ ਕੈਂਪ ਦੌਰਾਨ ਜਿੱਥੇ ਇਕੱਤਰ ਹੋਇਆ ਖੂਨ ਕਿਸੇ ਲੋੜਵੰਦ ਦੀ ਜਾਨ ਬਚਾਉਣ ਦੇ ਕੰਮ ਆਵੇਗਾ, ਉੱਥੇ ਇਸ ਕਾਰਜ ਤੋਂ ਹੋਰਨਾ ਨੂੰ ਵੀ ਪੇ੍ਰਰਨਾ ਮਿਲੇਗੀ। ਕੌਂਸਲਰ ਲਾਟੂ ਨੇ ਸੁਸਾਇਟੀ ਦੇ ਉਕਤ ਕਾਰਜ ਦੀ ਭਰਪੂਰ ਪ੍ਰਸੰਸਾ ਕਰਦਿਆਂ ਦੱਸਿਆ ਕਿ ਸੁਸਾਇਟੀ ਵੱਲੋਂ ਸਮਾਜਸੇਵਾ ਦੇ ਖੇਤਰ ’ਚ ਹੋਰ ਵੀ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਡਾ ਦਵਿੰਦਰਪਾਲ ਸਿੰਘ ਅਤੇ ਜਸਕਰਨ ਸਿੰਘ ਗੇਰਾ ਨੇ ਦੱਸਿਆ ਕਿ ਆਸ਼ੀਰਵਾਦ ਸੇਵਾ ਸੁਸਾਇਟੀ ਨੇ ਪਿਛਲੇ ਲੰਮੇ ਸਮੇਂ ਤੋਂ ਘਰਾਂ ’ਚੋਂ ਗਰਮ ਕੱਪੜੇ ਇਕੱਤਰ ਕਰਕੇ ਲੋੜਵੰਦਾਂ ਦੇ ਘਰਾਂ ਤੱਕ ਪਹੁੰਚਾਉਣ ਦੀ ਮੁਹਿੰਮ ਵਿੱਢੀ ਹੋਈ ਹੈ, ਜਿਸ ਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ ਤੇ ਸੁਸਾਇਟੀ ਦੇ ਸਰਗਰਮ ਅਹੁਦੇਦਾਰਾਂ ਅਨੁਸਾਰ ਇਹ ਸਿਲਸਿਲਾ ਭਵਿੱਖ ’ਚ ਵੀ ਲੰਮੇ ਸਮੇਂ ਤੱਕ ਜਾਰੀ ਰਹੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪੈ੍ਰਸ ਕਲੱਬ ਕੋਟਕਪੂਰਾ ਦੇ ਪ੍ਰਧਾਨ ਗੁਰਿੰਦਰ ਸਿੰਘ ਮਹਿੰਦੀਰੱਤਾ, ਸਵਰਨ ਸਿੰਘ, ਪਵਨ ਸ਼ਰਮਾ, ਅੰਕੁਸ਼ ਆਸ਼ੂ, ਦੀਪਇੰਦਰ ਨਿੱਕਾ, ਰਾਜ ਕੁਮਾਰ ਰਾਜੂ ਸਮੇਤ ਸੁਸਾਇਟੀ ਦੇ ਸਮੂਹ ਆਗੂਆਂ ਤੇ ਮੈਂਬਰਾਂ ਤੋਂ ਇਲਾਵਾ ਭਾਰੀ ਗਿਣਤੀ ’ਚ ਪਤਵੰਤੇ ਹਾਜ਼ਰ ਸਨ।