ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਸਮਾਗਮ 21 ਅਤੇ 22 ਸਤੰਬਰ ਨੂੰ--ਸੰਤ ਬਾਬਾ ਬਲਦੇਵ ਸਿੰਘ

ਮੋਗਾ ,21 ਸਤੰਬਰ (ਜਸ਼ਨ): ਗੁਰਦੁਆਰਾ ਗੁਰੂ ਨਾਨਕ ਦਰਬਾਰ ਨਾਨਕਸਰ ਠਾਠ ਮੰਡੀਰਾਂ ਵਾਲਾ ਨਵਾਂ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਬਲਦੇਵ ਸਿੰਘ ਵਲੋਂ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ 21 ਅਤੇ 22 ਸਤੰਬਰ ਨੂੰ ਲਗਾਤਾਰ ਦੋ ਦਿਨ ਸਾਲਾਨਾ ਬਰਸੀ ਸਮਾਗਮ ਧੰਨ-ਧੰਨ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਕਰਕੇ ਕਰਵਾਇਆ ਜਾ ਰਿਹਾ ਹੈ। ਇਸ ਸਮੁੱਚੇ ਸਮਾਗਮ ਦੀ ਤਿਆਰੀ ਮੁੱਖ ਪ੍ਰਬੰਧਕ ਭਾਈ ਹਰਪ੍ਰੀਤ ਸਿੰਘ ਡੋਨੀ ਚੜਿੱਕ ਵਲੋਂ ਕਰਵਾਈ ਜਾ ਰਹੀ ਹੈ।  ਅਖੰਡ ਪਾਠਾਂ ਦੀ 11ਵੀਂ ਲੜੀ ਦੇ ਭੋਗ ਪਾਏ ਗਏ। ਉਪਰੰਤ 12 ਲੜੀ ਦੇ ਪੰਜ ਅਖੰਡ ਪਾਠ ਪ੍ਰਕਾਸ਼ ਕੀਤੇ ਗਏ। ਇਸ ਮੌਕੇ ਮੁੱਖ ਸੇਵਾਦਾਰ ਸੰਤ ਬਾਬਾ ਬਲਦੇਵ ਸਿੰਘ ਨੇ ਅਰਦਾਸ ਕਰਨ ਉਪਰੰਤ ਸਹਿਯੋਗੀ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਅਤੇ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਬਾਬਾ ਨੰਦ ਸਿੰਘ ਕਲੇਰਾਂ ਵਾਲੇ ਮਹਾਂਪੁਰਖਾਂ ਦੀ ਬਰਸੀ ਨਮਿਤ 21 ਸਤੰਬਰ ਦੀ ਸ਼ਾਮ ਨੂੰ ਸਮਾਗਮ ਆਰੰਭ ਹੋਵੇਗਾ ਜੋ ਕਿ 22 ਸਤੰਬਰ ਦੀ ਸ਼ਾਮ ਤੱਕ ਜਾਰੀ ਰਹੇਗਾ। 22 ਸਤੰਬਰ ਨੂੰ ਸਵੇਰੇ ਸ੍ਰੀ ਅਖੰਡ ਪਾਠਾਂ ਦੀ ਸੰਪੂਰਨਤਾ ਦੇ ਭੋਗ ਪਾਏ ਜਾਣਗੇ। ਸਮਾਗਮ ਵਿਚ ਉੱਚ ਕੋਟੀ ਦੇ ਸੰਤ ਮਹਾਂਪੁਰਖ, ਗੁਰਮਤਿ ਵਿਚਾਰਾਂ ਰਾਹੀਂ, ਰਾਗੀ ਜਥੇ ਰੱਬੀ ਬਾਣੀ ਦੇ ਅੰਮਿ੍ਰਤਮਈ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਢਾਡੀ ਜਥੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾਉਣਗੇ। ਬਾਬਾ ਬਲਦੇਵ ਸਿੰਘ ਨੇ ਦੱਸਿਆ ਕਿ ਬਰਸੀ ਸਮਾਗਮ ਸਬੰਧੀ ਸ਼ਰਧਾਲੂਆਂ ਵਲੋਂ ਤਿਆਰੀਆਂ ਜ਼ੋਰ-ਸ਼ੋਰ ਨਾਲ ਜਾਰੀ ਹਨ। ਇਸ ਮੌਕੇ ਸਟੇਜ ਦਾ ਸੰਚਾਲਨ ਭਾਈ ਹਰਪ੍ਰੀਤ ਸਿੰਘ ਡੋਨੀ ਚੜਿੱਕ ਵਲੋਂ ਕੀਤਾ ਗਿਆ। ਇਸ ਸਮੇਂ ਸਾਬਕਾ ਸਰਪੰਚ ਇਕੱਤਰ ਸਿੰਘ ਸੰਧੂ, ਕੇਵਲ ਸਿੰਘ ਸਾਫ਼ੂਵਾਲਾ, ਹਰਦੀਪ ਸਿੰਘ, ਸੁਖਦੇਵ ਸਿੰਘ ਬਰਾੜ, ਗੁਰਜੀਤ ਗਿੱਲ, ਮੈਂਬਰ ਹਰਦੇਵ ਚੜਿੱਕ, ਰਾਜ ਸਿੰਘ ਝੰਡੇਵਾਲਾ, ਇਕਬਾਲ ਸਿੰਘ ਸੰਘਾ, ਬਲਦੇਵ ਸਿੰਘ ਸੰਘਾ,, ਗੁਰਤੇਜ ਸਿੰਘ ਸੰਘਾ, ਕਾਲਾ ਸਿੰਘ ਚੜਿੱਕ, ਸਤਨਾਮ ਸਿੰਘ ਅਤੇ ਮੁਖ਼ਤਿਆਰ ਸਿੰਘ ਆਦਿ ਹਾਜ਼ਰ ਸਨ।