ਡਿਪਟੀ ਕਮਿਸ਼ਨਰ ਡੀ.ਪੀ.ਐਸ. ਖਰਬੰਦਾ ਨੇ ਨੌਜਵਾਨ ਵਰਗ ਨੂੰ ਨਸ਼ਿਆਂ ਤੋ ਦੂਰ ਰਹਿ ਕੇ ਨਰੋਏ ਸਮਾਜ ਦੀ ਸਿਰਜਣਾ ਲਈ ਅੱਗੇ ਆਉਣ ਦਾ ਦਿੱਤਾ ਸੱਦਾ

ਮੋਗਾ,18 ਸਤੰਬਰ(ਜਸ਼ਨ)-ਡਿਪਟੀ ਕਮਿਸ਼ਨਰ ਸ੍ਰੀ ਡੀ.ਪੀ.ਐਸ. ਖਰਬੰਦਾ ਨੇ ਨੌਜਵਾਨ ਵਰਗ ਨੂੰ ਨਸ਼ਿਆਂ ਤੋ ਦੂਰ ਰਹਿ ਕੇ ਨਰੋਏ ਸਮਾਜ ਦੀ ਸਿਰਜਣਾ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਨੌਜਵਾਨ ਨੂੰ ਰਾਸ਼ਟਰ ਦੇ ਨਵ ਨਿਰਮਾਣ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਸ੍ਰੀ ਡੀ.ਪੀ.ਐਸ. ਖਰਬੰਦਾ ਨੇ ਇਹ ਪ੍ਰੇਰਨਾ ਅੱਜ ਬਾਬਾ ਈਸ਼ਰ ਸਿੰਘ ਸੰਸਥਾਵਾਂ ਗਗੜਾ ਵਿਖੇ ਪੰਜਾਬ ਸਰਕਾਰ ਅਤੇ ਪੰਜਾਬ ਅਨਏਡਿਡ ਤਕਨੀਕੀ ਸੰਸਥਾਵਾਂ ਐਸੋਸੀਏਸ਼ਨ ਵੱਲੋ ਸਾਂਝੇ ਤੌਰ ਤੇ ‘ਨਸ਼ੇ ਦੇ ਕਾਰਣ ਅਤੇ ਰੋਕ‘ ਵਿਸ਼ੇ ‘ਤੇ ਆਯੋਜਿਤ ਵਿਸ਼ੇਸ਼ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਮੌਕੇ ਉਹਨਾਂ ਨਾਲ ਸੀਨੀਅਰ ਕਪਤਾਨ ਪੁਲੀਸ ਸ੍ਰੀ ਗੁਰਪ੍ਰੀਤ ਸਿੰਘ ਤੂਰ, ਗਲੋਬਲ ਅੰਬੈਸਡਰ ਵਰਲਡ ਕੈਸਰ ਕੇਅਰ ਦੇ ਬਾਨੀ ਕੁਲਵੰਤ ਸਿੰਘ ਧਾਲੀਵਾਲ, ਕਾਂਗਰਸ ਪ੍ਰਧਾਨ ਸ਼ਹਿਰੀ ਵਿਨੋਦ ਬਾਂਸਲ ਅਤੇ ਡਾ ਧਾਲੀਵਾਲ ਵੀ ਮੌਜੂਦ ਸਨ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮਾਜ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਖਤਮ ਕਰਨ ਲਈ ਲੋਕਾਂ ਦਾ ਨਸ਼ਿਆਂ ਵਿਰੁੱਧ ਜਾਗਿ੍ਰਤ ਹੋਣਾ ਅਤੀ ਜਰੂਰੀ ਹੈ।

ਉਹਨਾਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋ ਦੂਰ ਰਹਿ ਕੇ ਸੱਭਿਆਚਾਰਕ ਵਿਰਸੇ, ਕਲਾ ਤੇ ਖੇਡਾਂ ਨਾਲ ਜੁੜਨ ਲਈ ਵੀ ਆਖਿਆ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਦਸਵੀ ਜਾਂ ਬਾਰਵੀ ਪਾਸ ਕਰਨ ਉਪਰੰਤ ਵਿਹਲੇ ਨਹੀ ਰਹਿਣਾ ਚਾਹੀਦਾ, ਕਿਉਕਿ ਵਿਹਲੇ ਰਹਿਣ ਨਾਲ ਹੀ ਮਨ ਦੀ ਪ੍ਰਵਿਰਤੀ ਨਸ਼ਿਆਂ ਵੱਲ ਭਟਕਦੀ ਹੈ। ਉਨਾਂ ਨੌਜਵਾਨ ਵਰਗ ਨੂੰ ਨੌਕਰੀਆਂ ਜਾਂ ਵਿਦੇਸ਼ਾਂ ਵੱਲ ਦੌੜਨ ਦੀ ਬਜਾਏ ਸਵੈ ਰੋਜ਼ਗਾਰ ਦਾ ਧੰਦਾ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਬੇਰੋਜ਼ਗਾਰ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸਥਾਪਿਤ ਕਰਨ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਦੇ ਧਾਰਨੀ ਬਣਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਸੀਨੀਅਰ ਕਪਤਾਨ ਪੁਲੀਸ ਮੋਗਾ ਸ਼੍ਰੀ ਗੁਰਪ੍ਰੀਤ ਸਿੰਘ ਤੂਰ, ਆਈ.ਪੀ.ਐਸ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਵੱਲੋ ਨਸ਼ਿਆਂ ਵਿਰੁੱਧ ਇੱਕ ਨਿਵੇਕਲੀ ਜਾਗ੍ਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨਾਂ ਕਿਹਾ ਕਿ ਸਮਾਜ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਨੌਜਵਾਨਾਂ ਵਿੱਚ ਜਾਗਿ੍ਰਤੀ ਪੈਦਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਜ਼ਿਲੇ ਦੇ ਹਰ ਨਾਗਰਿਕ ਨੂੰ ਸਮਾਜ ਵਿੱਚੋਂ ਨਸ਼ਿਆਂ ਦੀ ਸਪਲਾਈ ਲਾਈਨ ਰੋਕਣ ਲਈ ਪੁਲੀਸ ਪ੍ਰਸ਼ਾਸ਼ਨ ਦੀ ਸਹਾਇਤਾ ਕਰਨ ਅਤੇ ਨਸ਼ਿਆਂ ਵਿਰੁੱਧ ਅਰੰਭੀਂ ਜੱਦੋ-ਜਹਿਦ ਵਿੱਚ ਹਿੱਸਾ ਪਾਉਣ ਦੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਪੁਲਿਸ ਪ੍ਰਸਾਸ਼ਨ ਵੱਲੋ ਗਲੋਬਲ ਵਰਲਡ ਕੈਂਸਰ ਕੇਅਰ ਦੇ ਬਾਨੀ ਸ਼੍ਰੀ ਕੁਲਵੰਤ ਸਿੰਘ ਧਾਲੀਵਾਲ ਦੇ ਸਹਿਯੋਗ ਨਾਲ ਲੋਕਾਂ ਵਿੱਚ ਨਸ਼ਿਆਂ ਵਿਰੁੱਧ ਜਾਗਿ੍ਰਤੀ ਪੈਦਾ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਲੋਕਾਂ ਨੂੰ ਨਸ਼ਿਆਂ ਦੇ ਦੁਰਪ੍ਰਭਾਵਾਂ ਬਾਰੇ ਜਾਗਰੂਕ ਕਰਦੇ ਹੋਏ ਉਹਨਾਂ ਨੂੰ ਨਸ਼ਿਆਂ ਤੋ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਵੇਗਾ।     ਇਸ ਮੌਕੇ ਸ੍ਰੀ ਕੁਲਵੰਤ ਸਿੰਘ ਧਾਲੀਵਾਲ ਨੇ ਗੁਰੂਆਂ ਪੀਰਾਂ ਅਤੇ ਪੰਜ ਦਰਿਆਵਾਂ ਦੀ ਧਰਤੀ ‘ਤੇ ਨਸ਼ਿਆਂ ਦੇ ਵਗ ਰਹੇ ਦਰਿਆ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਮਾਜ ਵਿੱਚੋ ਨਸ਼ਿਆਂ ਦੇ ਮੁਕੰਮਲ ਖਾਤਮੇ ਦਾ ਸੱਦਾ ਦਿੱਤਾ। ਉਹਨਾਂ ਲੋਕਾਂ ਨੂੰ ਆਪਸੀ ਧੜੇਬੰਦੀ ਤੋ ਉੱਪਰ ਉੱਠ ਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ  ਕਰਨ ਅਤੇ ਵਿਆਹਾਂ ਆਦਿ ਸਮਾਗਮਾਂ ‘ਤੇ ਫ਼ਜੂਲ ਖਰਚੀ ਘੱਟ ਕਰਨ ਦੀ ਵੀ ਅਪੀਲ ਕੀਤੀ।  ਉਨਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਨੂੰ ਤਿਆਗ ਕੇ ਮਨੁੱਖਤਾ ਦੀ ਭਲਾਈ ਲਈ ਅੱਗੇ ਆਉਣ ਦੀ ਲੋੜ ਹੈ। ਇਸ ਮੌਕੇ ਹੋਰਨਾਂ ਤੋ ਇਲਾਵਾ ਸੰਸਥਾਵਾਂ ਦੇ ਮੈਨੇਜਿੰਗ ਡਾਇਰੈਕਟਰ ਡਾ.ਦਲਜੀਤ ਸਿੰਘ ਸੰਧੂ, ਕਨਵੀਨਰ ਦਵਿੰਦਰਪਾਲ ਸਿੰਘ ਰਿੰਪੀ, ਅਧਿਆਪਕ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।