ਜ਼ਿਲੇ ਦੇ ਵੋਟਰ ਜ਼ਿਲਾ ਪ੍ਰੀਸ਼ਦ ਲਈ ਪੀਲੇ ਰੰਗ ਦੇ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਸਫੈਦ ਰੰਗ ਦੇ ਬੈਲਟ ਪੇਪਰਾਂ ਦੀ ਕਰਨਗੇ ਵਰਤੋਂ-ਵਧੀਕ ਜ਼ਿਲਾ ਚੋਣ ਅਫ਼ਸਰ

ਮੋਗਾ 17 ਸਤੰਬਰ:(ਜਸ਼ਨ)- ਵਧੀਕ ਜ਼ਿਲਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੋਗਾ ਸ੍ਰੀ ਰਾਜਿੰਦਰ ਬਤਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 19 ਸਤੰਬਰ ਨੂੰ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਇਕੱਠੀਆਂ ਕਰਵਾਈਆਂ ਜਾ ਰਹੀਆਂ ਹਨ। ਇਨਾਂ ਚੋਣਾਂ ਦੌਰਾਨ ਜ਼ਿਲੇ ਦੇ ਵੋਟਰਾਂ ਨੂੰ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਲਈ ਵੱਖ-ਵੱਖ ਰੰਗਾਂ ਦੇ ਬੈਲਟ ਪੇਪਰਾਂ ਅਤੇ ਬੈਲਟ ਬਕਸਿਆਂ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਵੋਟਰ ਜ਼ਿਲਾ ਪ੍ਰੀਸ਼ਦ ਲਈ ਪੀਲੇ ਰੰਗ ਦੇ ਬੈਲਟ ਪੇਪਰਾਂ ਦੀ ਵਰਤੋ ਕਰਨਗੇ, ਜਦਕਿ ਪੰਚਾਇਤ ਸੰਮਤੀ ਦੀਆਂ ਚੋਣਾਂ ਲਈ ਸਫੈਦ (ਚਿੱਟੇ) ਰੰਗ ਦੇ ਬੈਲਟ ਪੇਪਰਾਂ ਦੀ ਵਰਤੋ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇਸੇ ਤਰਾਂ ਜ਼ਿਲਾ ਪ੍ਰੀਸ਼ਦ ਲਈ ਬੈਲਟ ਬਕਸੇ ‘ਤੇ ਪੀਲੇ ਰੰਗ ਦੀ ਪੱਟੀ ਹੋਵੇਗੀ, ਜਦਕਿ ਪੰਚਾਇਤ ਸੰਮਤੀ ਚੋਣਾਂ ਲਈ ਬੈਲਟ ਬਕਸੇ ‘ਤੇ  ਸਫੈਦ (ਚਿੱਟੇ) ਰੰਗ ਦੀ ਪੱਟੀ ਹੋਵੇਗੀ। ਉਨਾਂ ਵੋਟਰਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹ ਜ਼ਿਲਾ ਪ੍ਰੀਸ਼ਦ ਲਈ ਬੈਲਟ ਪੇਪਰਾਂ ਤੇ ਬੈਲਟ ਬਕਸਿਆਂ ਦੀ ਪੱਟੀ ਦੇ ਪੀਲੇ ਰੰਗ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਚਿੱਟੇ ਰੰਗ ਦੀ ਪਹਿਚਾਣ ਕਰਦਿਆਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋ ਕਰਨ।