ਸ਼੍ਰੋਮਣੀ ਅਕਾਲੀ ਦਲ ਦੀ ਫਰੀਦਕੋਟ ਰੈਲੀ ਵਿਚ ਬੁਲਾਰਿਆਂ ਨੇ ਕੈਪਟਨ,ਨਵਜੋਤ ਸਿੱਧੂ ਤੇ ਸੁਨੀਲ ਜਾਖੜ ’ਤੇ ਕੀਤੇ ਤਾਬੜ ਤੋੜ ਹਮਲੇ

ਫਰੀਦਕੋਟ,16 ਸਤੰਬਰ(ਜਸ਼ਨ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਫਰੀਦਕੋਟ ਵਿਚ ਕੀਤੀ ਪੋਲ ਖੋਲ  ਰੈਲੀ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ,ਜੱਥੇਦਾਰ ਤੋਤਾ ਸਿੰਘ ਸਾਬਕਾ ਕੈਬਨਿਟ ਮੰਤਰੀ, ਸਾਬਕਾ ਮੰਤਰੀ ਬਿਕਰਮ ਮਜੀਠੀਆ,ਬਲਵਿੰਦਰ ਸਿੰਘ ਭੂੰਦੜ,ਸਾਬਕਾ ਮੰਤਰੀ ਦਲਜੀਤ ਚੀਮਾ,ਮਹੇਸ਼ਇੰਦਰ ਸਿੰਘ ਗਰੇਵਾਲ,ਬੀਬੀ ਜਗੀਰ ਕੌਰ,ਬੰਟੀ ਰੋਮਾਣਾ,ਭਾਜਪਾ ਦੇ ਸਾਬਕਾ ਪ੍ਰਧਾਨ ਭੰਡਾਰੀ ਆਦਿ ਨੇ ਰੈਲੀ ‘ਚ ਸਟੇਜ ’ਤੇ ਸੁਸ਼ੋਭਿਤ ਹੋਏ। ਇਸ ਮੌਕੇ ਸਾਬਕਾ ਮੁੱਖ ਮੰਤਰੀ ,ਸਾਬਕਾ ਉੱਪ ਮੁਖਮੰਤਰੀ ਅਤੇ ਹੋਰਨਾਂ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,ਕੈਬਨਿਟ ਮੰਤਰੀ ਨਵਜੋਤ ਸਿੱਧੂ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ’ਤੇ ਤਾਬੜ ਤੋੜ ਹਮਲੇ ਕੀਤੇ। ਬੁਲਾਰਿਆਂ ਵੱਲੋਂ ਪੰਜਾਬ ਦੇ ਅਜੋਕੇ ਹਾਲਾਤ ਅਤੇ ਜਸਟਿਸ ਰਣਜੀਤ ਸਿੰਘ ਵੱਲੋਂ ਬੇਅਦਬੀ ਮਾਮਲੇ ’ਤੇ ਆਈ ਰਿਪੋਰਟ ਉਪਰੰਤ  ਕਾਂਗਰਸ ਵੱਲੋਂ ਅਕਾਲੀ ਦਲ ‘ਤੇ ਲਗਾਏ ਜਾ ਰਹੇ ਦੋਸ਼ਾਂ ਦਾ ਜਵਾਬ 1984 ਦੇ ਬਲਿੳੂ ਸਟਾਰ ਆਪਰੇਸ਼ਨ ਅਤੇ ਸਿੱਖ ਨਸਲਕੁਸ਼ੀ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਦਿੱਤਾ  ਅਤੇ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਜਮਾਤ ਕਰਾਰ ਦਿੱਤਾ। ਬੀਤੀ ਰਾਤ ਹਾਈਕੋਰਟ ਵੱਲੋਂ ਇਸ ਰੈਲੀ ਨੂੰ ਕਰਨ ਦੇ ਆਏ ਹੁਕਮਾਂ ਨਾਲ ਸ਼ੋ੍ਰਮਣੀ ਅਕਾਲੀ ਦਲ ਨੂੰ ਕੁਝ ਰਾਹਤ ਮਹਿਸੂਸ ਹੋਈ ਅਤੇ ਅੱਜ ਦੀ ਰੈਲੀ ਵਿਚ ਹਰ ਬੁਲਾਰੇ ਦੇ ਸੰਬੋਧਨ ਵਿਚ ਇਸ ਗੱਲ ਦਾ ਰੰਜ ਸੀ ਕਿ ਮੌਜੂਦਾ ਸਰਕਾਰ ਨੇ ਉਹਨਾਂ ਨੂੰ ਜਨਤਾ ਦੇ ਰੂ-ਬ-ਰੂ ਹੋਣ ਤੋਂ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ ਪਰ ਇਸ ਦੇ ਬਾਵਜੂਦ ਸ਼ੋ੍ਰਮਣੀ ਅਕਾਲੀ ਦਲ ਰੈਲੀ ਕਰਨ ਵਿਚ ਸਫ਼ਲ ਰਿਹਾ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਆਪਣਾ ਵੱਡੇ ਬਾਦਲ ਸਾਹਿਬ ਨਾਲ ਮੁਕਾਬਲਾ ਨਾ ਕਰੇ । ਉਨਾਂ ਕੈਪਟਨ ਦੇ ਚਰਿੱਤਰ ਤੇ ਦੂਸ਼ਣ ਲਗਾਉਦੇ ਹੋਏ ਕਿਹਾ ਕਿ ਉਹ ਅੱਜ ਤੱਕ ਦੇ ਸੱਭ ਤੋਂ ਆਯੋਗ ਸ਼ਾਸਕ ਹਨ। ਉਹਨਾਂ ਕਿਹਾ ਕਿ ਸੁਨੀਲ ਜਾਖੜ ਨੇ ਕਿਹਾ ਸੀ ਹੁਣ ਲੋਕ ਅਕਾਲੀਆਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਨਹੀਂ ਦੇਣਗੇ ਪਰ ਅੱਜ ਦੀ ਇਤਿਹਾਸਕ ਰੈਲੀ ਨੇ ਸਾਬਿਤ ਕਰ ਦਿਤਾ ਹੈ ਕਿ ਲੋਕ ਕਾਂਗਰਸ ਦੇ ਰਾਜ ਤੋਂ ਕਿੰਨੇ ਕੁ ਸੰਤੁਸ਼ਟ ਹਨ। ਕੈਪਟਨ ਨੇ ਲੋਕਾਂ ਨੂੰ ਗੁਮਰਾਹ ਕਰਕੇ ਸਰਕਾਰ ਬਣਾ ਤਾਂ ਲਈ ਹੈ ਪਰ ਜਨਤਾ ਇਸ ਰਾਜ ਵਿਚ ਖੁਸ਼ ਨਹੀਂ। ਇਸ ਦੇ ਨਾਲ ਹੀ ਸਰਕਾਰ ਧਰਮ ਵਿਰੋਧੀ ਕਾਰਵਾਈਆਂ ਲਈ ਅਕਾਲੀ ਦਲ ਨੂੰ ਜਿੰਮੇਵਾਰ ਠਹਿਰਾ ਕੇ ਆਪਣੀਆਂ ਜਿੰਮੇਵਾਰੀਆਂ ਤੋਂ ਭੱਜ ਰਹੀ ਹੈ।  ਪੰਜਾਬ ਦੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਹ ਸਭ ਤੋਂ ਪਹਿਲਾਂ ਮਾਨਯੋਗ ਉਚ ਅਦਾਲਤ ਦਾ ਧੰਨਵਾਦ ਕਰਦੇ ਹਨ ਜਿਸ ਨੇ ਲੋਕਤੰਤਰ ਦੇ ਅਧਿਕਾਰਾਂ ਦੀ ਰਾਖੀ ਕਰਦੇ ਹੋਏ ਉਨਾਂ ਨੂੰ ਇਹ ਰੈਲੀ ਕਰਨ ਦੀ ਇਜਾਜ਼ਤ ਦਿੱਤੀ। ਇਹ ਜਿਤ ਲੋਕਾਂ ਦੀ ਜਿੱਤ ਹੈ। ਇਹ ਅਮਨ ਸ਼ਾਂਤੀ ਦੇ ਰਾਖਵਾਲਿਆਂ ਦੀ ਜਿੱਤ ਹੈ ਅਤੇ ਡਿਕਟੇਟਰਸ਼ਿਪ ਦੀ ਹਾਰ ਹੋਈ ਹੈ । ਅੱਜ ਦੀ ਰੈਲੀ ਵਿਚ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਰਸਾ ਸਿੰਘ ਵਲਟੋਹਾ,ਮਨਤਾਰ ਸਿੰਘ ਬਰਾੜ,ਜਨਮੇਜਾ ਸਿੰਘ ਸੇਖੋਂ, ਚਰਨਜੀਤ ਸਿੰਘ ਅਟਵਾਲ ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਇਹ ਰੈਲੀ ਪਹਿਲਾਂ 13 ਸਤੰਬਰ ਨੂੰ ਕੋਟਕਪੂਰਾ ਵਿਖੇ ਕੀਤੀ ਜਾਣੀ ਸੀ ਪਰ ਪ੍ਰਬੰਧੀ ਕਾਰਨਾਂ ਕਰਕੇ ਇਸ ਨੂੰ ਮੁਲਤਵੀ ਕਰਕੇ 16 ਸਤੰਬਰ ਲਈ ਫਰੀਦਕੋਟ ਵਿਖੇ ਕਰਨ ਦਾ ਫ਼ੈਸਲਾ ਲਿਆ ਗਿਆ,ਪਰ ਹਾਲਾਤ ਵਿਗੜਨ ਦੇ ਖਦਸ਼ੇ ਦੇ ਚਲਦਿਆਂ ਸਰਕਾਰ ਵਲੋਂ ਇਹ ਰੈਲੀ ਕੀਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ । ਜਿਸ ਲਈ ਅਕਾਲੀ ਦਲ ਨੇ ਪੰਜਾਬ ਅਤੇ ਹਰਿਆਣਾ ਦੀ ਉਚ ਅਦਾਲਤ ਤੱਕ ਪਹੁੰਚ ਕਰਕੇ ਇਹ ਰੈਲੀ ਆਯੋਜਿਤ ਕਰਨ ਦੇ ਹੁਕਮ ਪ੍ਰਾਪਤ ਕੀਤੇ। ਇਹਨਾਂ ਹੁਕਮਾਂ ਦੇ ਖਿਲਾਫ ਪੰਜਾਬ ਸਰਕਾਰ ਨੇ ਹਾਈ ਕੋਰਟ ਡਬਲ ਬੈਂਚ ਵਿਚ ਅਰਜ਼ੀ ਪਾਈ ਪਰ ਫੈਸਲਾ ਫਿਰ ਸ਼ਰੋਮਣੀ ਅਕਾਲੀ ਦਲ ਦੇ ਹੱਕ ਵਿਚ ਹੀ ਆਇਆ। ਅੱਜ ਦੀ ਰੈਲੀ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰੌੜ ਆਗੂ ਤੇ ਸਾਬਕਾ ਮੰਤਰੀ ਜੱਥੇਦਾਰ ਤੋਤਾ ਸਿੰਘ ਵੱਲੋਂ ਸੰਬੋਧਨ ਨਾ ਕੀਤੇ ਜਾਣਾ ਸਿਆਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਉਹ ਕੋਰ ਕਮੇਟੀ ਦੇ ਮੈਂਬਰ ਵੀ ਹਨ ਹੋਰ ਤਾਂ ਹੋਰ ਜਥੇਦਾਰ ਦਾ ਧਰਮਕੋਟ ਮੋਗਾ ਹਲਕਾ ਫਰੀਦਕੋਟ ਪਾਰਲੀਮਾਨੀ ਹਲਕੇ ਵਿਚ ਹੀ ਪੈਂਦਾ ਹੈ  । ਸਿਆਸੀ ਹਲਕਿਆਂ ਦਾ ਆਖਣਾ ਹੈ ਕਿ ਪਿਛਲੇ ਦਿਨੀਂ ਵਿਧਾਨ ਸਭਾ ਵਿਚ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਵਾਕ ਆੳੂਟ ਕੀਤੇ ਜਾਣ ’ਤੇ ਇਕ ਚੈਨਲ ਨੂੰ ਇੰਟਰਵਿੳੂ ਦੌਰਾਨ ਜਥੇਦਾਰ ਤੋਤਾ ਸਿੰਘ ਵੱਲੋਂ ਦਿੱਤਾ ਬਿਆਨ ਕਿ ਵਿਧਾਨ ਸਭਾ ਵਿਚ ਅਕਾਲੀ ਦਲ ਨੂੰ ਵਾਕ ਆੳੂਟ ਕਰਨ ਦੀ ਬਜਾਏ ਬਹਿਸ ਵਿਚ ਹਿੱਸਾ ਲੈਣਾ ਚਾਹੀਦਾ ਸੀ,ਵੀ ਅੱਜ ਦੀ ਰੈਲੀ ਵਿਚ ਸੰਬੋਧਨ ਨਾ ਕਰਨ ਦਾ ਕਾਰਨ ਬਣਿਆ ਹੋ ਸਕਦਾ ਹੈ ਪਰ ਜਥੇਦਾਰ ਦੇ ਸਮਰਥਕਾਂ ਵਿਚ ਉਹਨਾਂ ਦੇ ਸੰਬੋਧਨ ਨਾ ਕਰਨ ਨੂੰ ਲੈ ਕੇ ਨਿਰਾਸ਼ਾ ਜ਼ਰੂਰ ਹੈ।  ਇਸ ਸਬੰਧੀ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਸ: ਬਰਜਿੰਦਰ ਸਿੰਘ ਮੱਖਣ ਬਰਾੜ  ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਮੇਂ ਦੀ ਘਾਟ ਕਰਕੇ ਨਾ ਸਿਰਫ਼ ਜਥੇਦਾਰ ਤੋਤਾ ਸਿੰਘ ਹੀ ਬਲਕਿ ਸਿਕੰਦਰ ਸਿੰਘ ਮਲੂਕਾ ਨੇ ਵੀ ਸੰਬੋਧਨ ਨਹੀਂ ਕੀਤਾ। ਉਹਨਾਂ ਹੋਰ ਕਿਹਾ ਕਿ ਸ਼ੋ੍ਰਮਣੀ ਅਕਾਲ ਦਲ ਦੀ 100 ਵੀਂ ਵਰੇਗੰਢ ਮੋਗਾ ਵਿਖੇ ਹੀ ਮਨਾਈ ਜਾਵੇਗੀ ਜਿਥੇ ਜਥੇਦਾਰ ਤੋਤਾ ਸਿੰਘ ਸ਼ੋ੍ਰਮਣੀ ਅਕਾਲੀ ਦਲ ਦੇ ਸ਼ਾਨਾਮਤੇ ਇਤਿਹਾਸ ਦਾ ਭਰਪੂਰ ਵਰਨਣ ਕਰਨਗੇ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।