ਸਲ੍ਹੀਣਾ ਜਿੰਮ ਮੋਗਾ ਵੱਲੋਂ ਏਸ਼ੀਆ ਗੋਲਡ ਮੈਡਲਿਸਟ ਤੇਜਿੰਦਰਪਾਲ ਤੂਰ ਦਾ 31 ਹਜ਼ਾਰ ਦੀ ਨਕਦ ਰਾਸ਼ੀ ਅਤੇ ਗੁਰਜ ਨਾਲ ਕੀਤਾ ਸਨਮਾਨ

ਮੋਗਾ,15 ਸਤੰਬਰ (ਜਸ਼ਨ)-ਸਲ੍ਹੀਣਾ ਜਿੰਮ ਮੋਗਾ ਦੇ ਸੰਚਾਲਕ ਬਰੋਨਜ਼ ਮੈਡਲ ਜੇਤੂ ਹਰਵਿੰਦਰ ਸਿੰਘ ਸਲੀਣਾ ਦੀ ਅਗਵਾਈ ਹੇਠ ਸਮੂਹ ਖੇਡ ਪਰੇਮੀਆਂ ਨੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ 18ਵੀਆਂ ਏਸ਼ੀਆਈ ਖੇਡਾਂ ‘ਚ ਮੋਗਾ ਜ਼ਿਲੇ ਦੇ ਹੋਣਹਾਰ ਸ਼ਾਟਪੁਟਰ ਤੇਜਿੰਦਰਪਾਲ ਸਿੰਘ ਤੂਰ ਦਾ 31 ਹਜ਼ਾਰ ਰੁਪਏ ਦੀ  ਨਕਦ ਇਨਾਮ ਰਾਸ਼ੀ ,ਇਕ ਗੁਰਜ ਅਤੇ ਗੋਲਡ ਮੈਡਲ ਨਾਲ ਵਿਸ਼ੇਸ਼ ਸਨਮਾਨ ਕੀਤਾ।

ਇਸ ਮੌਕੇ ਉੱਘੇ ਖੇਡ ਪ੍ਰਮੋਟਰ ਪੁਸ਼ਪਿੰਦਰ ਸਿੰਘ ਪੱਪੀ ,ਅਮਨਦੀਪ ਸਿੰਘ ਕਨੇਡਾ ਅਤੇ ਹਰਵਿੰਦਰ ਸਲੀਣਾ ਨੇ ਮੋਗੇ ਦੇ ਇਸ ਨੌਜਵਾਨ ਦਾ ਜਿੰਮ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਹੋਏ ਸਮਾਗਮ ਦੌਰਾਨ ਪੁਸ਼ਪਿੰਦਰ ਸਿੰਘ ਪੱਪੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਤੇ ਉਹਨਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਕਰਨ ਲਈ ਸਲੀਣਾ ਜਿੰਮ ਵੱਲੋ ਕੀਤੇ ਜਾ ਰਹੇ ਉਪਰਾਲੇ ਬੇਹੱਦ ਸ਼ਲਾਘਾਯੋਗ ਹਨ । ਪੱਪੀ ਨੇ ਹਰਵਿੰਦਰ ਸਲ੍ਹੀਣਾ ਦੇ ਇਸ ਨੇਕ ਅਤੇ ਹੌਸਲਾ ਵਧਾੳੂ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਏਸ਼ੀਆ ਖੇਡਾਂ ਵਿਚ ਤਗਮਾ ਜਿੱਤਣ ਵਾਲੇ ਖਿਡਾਰੀਆਂ ਲਈ ਜਿੱਥੇ ਵੱਖ ਵੱਖ ਸੂਬਾ ਸਰਕਾਰਾਂ ਨਕਦ ਇਨਾਮਾਂ ਦਾ ਐਲਾਨ ਕਰ ਰਹੀਆਂ ਹਨ ਉੱਥੇ ਹੀ ਪੰਜਾਬ ਦੇ ਖਿਡਾਰੀਆਂ ਲਈ ਵੀ ਇਨਾਮੀ ਰਾਸ਼ੀ ਦਾ ਐਲਾਨ ਕਰਨ ਦੇ ਮਾਮਲੇ ਵਿਚ ਉਹ ਕੈਪਟਨ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਅਜਿਹੇ ਅੰਤਰਾਰਸ਼ਟਰੀ ਖਿਡਾਰੀਆਂ ਨੂੰ ਘੱਟੋ ਘੱਟ 5 ਕਰੋੜ ਰੁਪਏ ਅਤੇ ਵਧੀਆ ਨੌਕਰੀ ਦਿੱਤੀ ਜਾਵੇ ਤਾਂ ਜੋ ਪੰਜਾਬ ਦੇ ਹੋਰ ਨੌਜਵਾਨ ਵੀ ਖੇਡਾਂ ਦੇ ਪਿੜ ਵਿਚ ਅੱਗੇ ਆਉਣ । ਉਹਨਾਂ ਕਿਹਾ ਕਿ ਤੇਜਿੰਦਰਪਾਲ ਪੰਜਾਬ ਦਾ ਇਕਲੌਤਾ ਗੱਭਰੂ  ਹੈ ਜੋ ਸੋਨ ਤਗਮਾ ਜੇਤੂ ਰਿਹਾ ਹੈ ਅਤੇ ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ।

 ਜ਼ਿਕਰਯੋਗ ਹੈ ਕਿ ਏਸ਼ੀਆਈ ਖੇਡਾਂ ਵਿਚ ਸੋਨੇ ਦਾ ਤਗਮਾ ਜਿੱਤ ਕੇ ਨਵਾਂ ਕੌਮੀ ਰਿਕਾਰਡ ਬਣਾਉਣ ਅਤੇ ਮੋਗੇ ਦਾ ਨਾਅ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕਰਨ ਵਾਲਾ ਤੇਜਿੰਦਰਪਾਲ ਤੂਰ ਪਿੰਡ ਖੋਸਾ ਪਾਂਡੋਂ ਦਾ ਵਸਨੀਕ ਹੈ । ਸ਼ਾਟਪੁਟਰ ਤੇਜਿੰਦਰਪਾਲ ਸਿੰਘ ਤੂਰ ਦਾ ਸਨਮਾਨ ਕਰਨ ਮੌਕੇ ਇੰਸਪੈਕਟਰ ਅਮਰ ਸਿੰਘ ਇੰਡੀਆ ਰਿਕਾਰਡ ਹੋਲਡਰ,ਅੰਤਰਰਾਸ਼ਟਰੀ ਹਾਕੀ ਪਲੇਅਰ ਅਮਨਦੀਪ ਸਿੰਘ ਕਨੇਡਾ,ਦਿਲਪ੍ਰੀਤ ਸੋਢੀ,ਤਰਸੇਮ ਸਿੰਘ ਸੇਮਾਂ ,ਜਗਸੀਰ ਮੰਗਾ,ਪੰਕਜ ਜਗਰਾਓਂ,ਰਾਜਵਿੰਦਰ ਸਲੀਣਾ ਅਤੇ ਉੱਘੇ ਖੇਡ ਪਰੇਮੀ ਹਾਜ਼ਰ ਸਨ।