ਮੋਗਾ ‘ਚ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਡੀ ਸੀ ਵੱਲੋਂ ਚੁੱਕੇ ਜਾ ਰਹੇ ਕਦਮ ਸ਼ਲਾਘਾਯੋਗ-- ਵਿਨੋਦ ਬਾਂਸਲ

ਮੋਗਾ, 14 ਸਤੰਬਰ (ਜਸ਼ਨ)- ‘ ਮੋਗਾ ਜ਼ਿਲੇ ‘ਚ ਅਵਾਰਾ ਪਸ਼ੂਆਂ ਦੀ ਸੰਭਾਲ ਲਈ ਡਿਪਟੀ ਕਮਿਸ਼ਨਰ ਵੱਲੋਂ ਆਰੰਭੀ ਵਿਸ਼ੇਸ਼ ਮੁਹਿੰਮ ਦਾ ਹਰ ਪਾਸਿਓਂ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਆਸ ਕੀਤੀ ਜਾ ਰਹੀ ਹੈ ਕਿ ਮੋਗਾ ਵਾਸੀ ਆਉਣ ਵਾਲੇ ਦਿਨਾਂ ਵਿਚ ਇਸ ਵਿਆਪਕ ਸਮੱਸਿਆ ਤੋਂ ਨਿਜਾਤ ਪਾ ਸਕਣਗੇ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆ ਕੀਤਾ। ਸ਼੍ਰੀ ਬਾਂਸਲ ਨੇ ਆਖਿਆ ਕਿ ਆਏ ਦਿਨ ਮੋਗਾ ਵਾਸੀਆਂ ਲਈ ਜਾਨ ਦਾ ਖੌਅ ਬਣੇ ਇਹਨਾਂ ਢੱਠਿਆਂ ਦੇ ਅਚਾਨਕ ਅੱਗੇ ਆਉਣ ਜਾਂ ਫਿਰ ਇਹਨਾਂ ਦੇ ਆਪਸੀ ਭੇੜ ਦੀ ਲਪੇਟ ਵਿਚ ਆਉਣ ਨਾਲ ਅਨੇਕਾਂ ਘਰਾਂ ਦੇ ਚਿਰਾਗ ਬੁਝ ਚੁੱਕੇ ਹਨ । ਵਿਨੋਦ ਬਾਂਸਲ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਸ: ਦਵਿੰਦਰਪਾਲ ਸਿੰਘ ਖਰਬੰਦਾ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਡੀ ਸੀ ਸਾਹਿਬ ਵੱਲੋਂ ਮੋਗਾ ਵਾਸੀਆਂ ਦੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਾਕਾਰਤਮਕ ਨੀਤੀ ਅਪਨਾਉਣ ਨਾਲ ਨਾ ਸਿਰਫ਼ ਮੋਗੇ ਦੀ ਦਸ਼ਾ ਬਦਲਣ ਦੀ ਉਮੀਦ ਜਾਗੀ ਹੈ ਬਲਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਨਾਲ ਕੀਮਤੀ ਜਾਨਾਂ ਵੀ ਬਚਾਈਆਂ ਜਾ ਸਕਣਗੀਆਂ ਤੇ ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਵੀ ਰੁੱਕ ਸਕੇਗਾ। ਬਾਂਸਲ ਨੇ ਆਖਿਆ ਕਿ ਇਹਨਾਂ ਆਵਾਰਾ ਪਸ਼ੂਆਂ ਵਿਚ ਗੳੂਆਂ ਵੀ ਸ਼ਾਮਲ ਹਨ ਜਿਹਨਾਂ ਨੂੰ ਭੁੱਖੇ ਪਿਆਸੇ ਦੇਖ ਕੇ ਗੳੂ ਦੀ ਪੂਜਾ ਕਰਨ ਵਾਲੇ ਲੋਕਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜਦੀ ਸੀ ਪਰ ਹੁਣ ਇਹਨਾਂ ਗੳੂਆਂ ਨੂੰ ਗੳੂਸ਼ਾਲਾਵਾਂ ਵਿਚ ਭੇਜਣ ਨਾਲ ਉਹਨਾਂ ਨੂੰ ਵੀ ਰਾਹਤ ਮਿਲੇਗੀ। ਸ਼੍ਰੀ ਬਾਂਸਲ ਨੇ ਸ਼ਹਿਰ ਦੀਆਂ ਸਮੂਹ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਡਿਪਟੀ ਕਮਿਸ਼ਨਰ ਵੱਲੋਂ ਆਰੰਭੇ ਕਾਰਜਾਂ ਲਈ ਸਹਿਯੋਗ ਦੇਣ ਤਾਂ ਕਿ ਮੋਗੇ ਦੀ ਨਕਸ਼ ਨੁਹਾਰ ਬਦਲੀ ਜਾ ਸਕੇ।  ਇਸ ਮੌਕੇ ਹਾਜ਼ਰ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ,ਗੁਰਬਚਨ ਸਿੰਘ ਬਰਾੜ ਅਤੇ ਡਾ: ਪਵਨ ਥਾਪਰ ਨੇ ਵੀ ਡਿਪਟੀ ਕਮਿਸ਼ਨਰ ਦੇ ਯਤਨਾਂ  ਦੀ ਸ਼ਲਾਘਾ ਕਰਦਿਆਂ ਆਖਿਆ ਕਿ ਮੋਗਾ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਅਜਿਹੇ ਕਾਬਲ ਅਫਸਰ ਦੀ ਲੋੜ ਸੀ ਜੋ ਦਿ੍ਰੜਤਾ ਨਾਲ ਫੈਸਲੇ ਲੈ ਕੇ ਉਹਨਾਂ ਨੂੰ ਅਮਲੀ ਜਾਮਾ ਪਹਿਨਾ ਸਕੇ।