ਪਿੰਡ ਸੰਧਵਾਂ ਦੇ 5 ਵਿਅਕਤੀਆਂ ਨੇ ਵਿਧਾਇਕ ਬਣਨ ਦਾ ਮਾਣ ਪ੍ਰਾਪਤ ਕੀਤਾ : ਕੁਲਤਾਰ ਸੰਧਵਾਂ

ਕੋਟਕਪੂਰਾ, 12 ਸਤੰਬਰ (ਟਿੰਕੂ) :- ਜਿਸ ਸਕੂਲ ਵਿੱਚ ਮੈਂ ਪੜਿਆ, ਜਿਸ ਮਿੱਟੀ ’ਚ ਖੇਡ ਕੁੱਦ ਕੇ ਪਲਿਆ ਤੇ ਜਿੰਨਾਂ ਅਧਿਆਪਕਾਂ ਨੇ ਮੈਨੂੰ ਤਾਲੀਮ ਦਿੱਤੀ, ਉਨਾਂ ਨੂੰ ਹਜ਼ਾਰ ਵਾਰ ਨਤਮਸਤਕ ਹੁੰਦਿਆਂ ਵੀ ਸੰਤੁਸ਼ਟੀ ਨਹੀਂ ਹੁੰਦੀ।

 ਨੇੜਲੇ ਪਿੰਡ ਸੰਧਵਾਂ ਦੇ ਭਾਈ ਕਿਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਏ ਸਨਮਾਨ ਸਮਾਰੋਹ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਸੰਧਵਾਂ ਪਿੰਡ ਦੇ ਜੰਮਪਲ ਬੱਚਿਆਂ ਨੇ ਰਾਸ਼ਟਰਪਤੀ, ਗ੍ਰਹਿ ਮੰਤਰੀ, ਮੁੱਖ ਮੰਤਰੀ, ਕੈਬਨਿਟ ਮੰਤਰੀ ਅਤੇ ਵਿਧਾਇਕ ਦੀ ਕੁਰਸੀ ਦਾ ਆਨੰਦ ਮਾਣਿਆ ਹੈ। ਰਾਮ ਮੁਹੰਮਦ ਸਿੰਘ ਅਜਾਦ ਵੈਲਫੇਅਰ ਸੁਸਾਇਟੀ ਵੱਲੋਂ ਹੁਸ਼ਿਆਰ ਤੇ ਹੋਣਹਾਰ ਬੱਚਿਆਂ ਦੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਸ੍ਰ ਸੰਧਵਾਂ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕਰਨ ਆਏ ਸਨ। ਸਥਾਨਕ ਬਾਬਾ ਫਰੀਦ ਨਰਸਿੰਗ ਕਾਲਜ ਦੇ ਮੈੈਨੇਜਿੰਗ ਡਾਇਰੈਕਟਰ ਡਾ ਮਨਜੀਤ ਸਿੰਘ ਢਿੱਲੋਂ ਦੀ ਹਦਾਇਤ ’ਤੇ ਪਿ੍ਰੰਸੀਪਲ ਕੁਸ਼ਨਪ੍ਰੀਤ ਕੌਰ ਚੌਹਾਨ ਨੇ ਬਾਰਵੀਂ ਜਮਾਤ ’ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾ ਨੂੰ ਨਰਸਿੰਗ ਕਾਲਜ ’ਚ ਮੁਫਤ ਦਾਖਲਾ ਦੇਣ ਦਾ ਐਲਾਨ ਕੀਤਾ। ਮਾ ਹਰਨਾਮ ਸਿੰਘ, ਕੁਲਵੰਤ ਸਿੰਘ ਚਾਨੀ, ਮਾ ਸੋਮਇੰਦਰ ਸਿੰਘ ਸੁਨਾਮੀ, ਜਗਜੀਤ ਸਿੰਘ ਪਿਆਸਾ, ਪੋ੍ਰ. ਹਰਬੰਸ ਸਿੰਘ ਪਦਮ, ਅਮਰਪ੍ਰੀਤ ਸਿੰਘ, ਚਮਕੌਰ ਸਿੰਘ, ਪਟਵਾਰੀ ਗੁਰਚਰਨ ਸਿੰਘ ਬਰਾੜ, ਜਸਕਰਨ ਸਿੰਘ ਭੱਟੀ, ਗੁਰਿੰਦਰ ਸਿੰਘ ਮਹਿੰਦੀਰੱਤਾ ਆਦਿਕ ਬੁਲਾਰਿਆਂ ਨੇ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਧਾਰਮਿਕ, ਸਮਾਜਿਕ, ਸੱਭਿਆਚਾਰਕ, ਵਾਤਾਵਰਣ ਅਤੇ ਖੇਡਾਂ ਦੇ ਖੇਤਰ ’ਚ ਵੀ ਡੂੰਘੀ ਦਿਲਚਸਪੀ ਲੈ ਕੇ ਮੱਲਾਂ ਮਾਰਨ ਅਤੇ ਬੁਲੰਦੀਆਂ ਛੂਹਣ ਦਾ ਸੱਦਾ ਦਿੱਤਾ। ਉਨਾਂ ਨਸ਼ੇ ਵਰਗੀ ਬੁਰਾਈ ਸਮੇਤ ਹੋਰ ਸਮਾਜਿਕ ਕੁਰੀਤੀਆਂ ਸਬੰਧੀ ਸੁਚੇਤ ਕਰਦਿਆਂ ਆਖਿਆ ਕਿ ਸਕੂਲ ਜਾਂ ਕਾਲਜ ਸਮੇਂ ਮਿਹਨਤ ਕਰਨ ਵਾਲੇ ਬੱਚੇ ਅਫਸਰਸ਼ਾਹੀ ਵਾਲਾ ਅਰਥਾਤ ਆਨੰਦਮਈ ਜੀਵਨ ਬਤੀਤ ਕਰਦੇ ਹਨ ਤੇ ਸਮੇਂ ਦੀ ਕਦਰ ਨਾ ਕਰਨ ਵਾਲੇ ਬੱਚਿਆਂ ਨੂੰ ਅੰਤ ਪਛਤਾਉਣਾ ਪੈਂਦਾ ਹੈ। ਅੰਤ ’ਚ ਪਿ੍ਰੰਸੀਪਲ ਕਾਂਤਾ ਨਾਰੰਗ ਨੇ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਸਮੇਤ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਤੇ ਹੋਰ ਪਤਵੰਤਿਆਂ ਨੂੰ ਜੀ ਆਇਆਂ ਆਖਦਿਆਂ ਉਨਾ ਦਾ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਾ. ਸੁਖਮੰਦਰ ਸਿੰਘ ਰਾਮਸਰ, ਤਰਸੇਮ ਨਰੂਲਾ, ਪਿ੍ਰੰ. ਦਰਸ਼ਨ ਸਿੰਘ, ਸ਼ਾਮ ਲਾਲ ਚਾਵਲਾ, ਇਕਬਾਲ ਸਿੰਘ ਮੰਘੇੜਾ, ਸੰਜੀਵ ਕੁਮਾਰ ਬਿੱਟੂ ਆਦਿ ਸਮੇਤ ਸਮੂਹ ਸਟਾਫ ਤੇ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ।