ਤੇਲ ਦੀਆਂ ਕੀਮਤਾਂ ਵਿਚ ਵਾਧਾ ਲੋਕਾਂ ਦਾ ਕਚੂਮਰ ਕੱਢੇਗਾ- ਚਮਕੌਰ ਸਿੰਘ ਡਗਰੂ
ਮੋਗਾ,10 ਸਤੰਬਰ(ਜਸ਼ਨ): ਪੰਜਾਬ ਪੈਨਸ਼ਨਰਜ਼ ਯੂਨੀਅਨ ਇਕਾਈ ਮੋਗਾ ਦੀ ਮੀਟਿੰਗ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਯਾਦਗਾਰ ਮੋਗਾ ਵਿਚ ਹੋਈ। ਮੀਟਿੰਗ ਦੀ ਪ੍ਰਧਨਾਗੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਡਗਰੂ ਨੇ ਕੀਤੀ। ਮੀਟਿੰਗ ਵਿਚ ਸਾਥੀ ਸ਼ੇਰੇ ਸਿੰਘ ਦੌਧਰ ਅਤੇ ਸਾਥੀ ਸੁਖਦੇਵ ਸਿੰਘ ਸੁੱਖਾ ਫਤਹਿਗੜ੍ਹ ਕੋਰੋਟਾਣਾ ਦੀ ਮੌਤ ਤੇ ਅਫਸੋਸ ਵਜੋਂ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਇਸ ਵਿਚ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਪ੍ਰਧਾਨ ਚਮਕੌਰ ਸਿੰਘ ਡਗਰੂ ਨੇ ਕਿਹਾ ਕਿ ਕੇਂਦਰ ਸਰਕਾਰ ਤੇਲ ਦੀਆਂ ਕੀਮਤਾਂ ਵਧਾ ਕੇ ਲੋਕਾਂ ਦਾ ਕਚੂਮਰ ਕੱਢ ਰਹੀ ਹੈ ਅਤੇ ਸਰਮਾਏਦਾਰਾਂ ਨੂੰ ਗੱਫ਼ੇ ਦੇਣ ਲੱਗੀ ਹੈ। ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਵਧਣ ਨਾਲ ਮਹਿੰਗਾਈ ਵਿਚ ਵੀ ਵਾਧਾ ਹੋਵੇਗਾ ਜਿਸ ਨਾਲ ਆਮ ਜਨਤਾ ਦਾ ਜੀਣਾ ਵੀ ਹਰਾਮ ਹੋ ਜਾਵੇਗਾ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਨੂੰ ਖੋਰਾ ਲੱਗੇਗਾ। ਇਸ ਮੌਕੇ ਜ.ਸਕੱਤਰ ਭੂਪਿੰਦਰ ਸੇਖੋਂ ਨੇ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਬੋਲਦਿਆਂ ਕਿਹਾ ਕਿ ਸਾਰੇ ਭਾਰਤ ਵਿਚ ਕਾਨੂੰਨ ਇਕਸਾਰ ਲਾਗੂ ਹੋਣਾ ਚਾਹੀਦਾ ਹੈ। ਉੱਚ ਅਫ਼ਸਰਾਂ ਅਤੇ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਸੋਧਣ ਲਈ ਇੱਕੋ ਹੀ ਫਾਰਮੂਲਾ ਹੋਣਾ ਚਾਹੀਦਾ ਹੈ, ਛੋਟੇ ਮੁਲਾਜ਼ਮਾਂ ਅਤੇ ਉੱਚ ਅਫ਼ਸਰਾਂ ਦੀ ਵੱਧ ਤੋਂ ਵੱਧ ਤਨਖਾਹ 1:7 ਦੇ ਅਨੁਪਾਤ ਤੋਂ ਵੱਧ ਨਹੀਂ ਹੋਣੀ ਚਾਹੀਦੀ ਜਦਕਿ ਹੁਣ ਅਫ਼ਸਰ ਛੋਟੇ ਮੁਲਾਜ਼ਮਾਂ ਤੋਂ 15-15 ਗੁਣਾ ਵੱਧ ਤਨਖਾਹਾਂ ਲੈ ਰਹੇ ਹਨ ਅਤੇ ਹੋਰ ਸਹੂਲਤਾਂ ਅਤੇ ਭੱਤੇ ਵੱਖਰੇ ਹਨ। ਇਸੇ ਤਰ੍ਹਾਂ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਤਨਖਾਹਾਂ, ਭੱਤੇ ਅਤੇ ਹੋਰ ਸਹੂਲਤਾਂ ਦਾ ਵੀ ਕੋਈ ਅੰਤ ਨਹੀਂ। ਉਨ੍ਹਾਂ ਕਿਹਾ ਕਿ ਮੰਤਰੀਆਂ ਅਤੇ ਵਿਧਾਇਕਾਂ ਦੇ ਮੈਡੀਕਲ ਖਰਚਿਆਂ ਦੀ ਪ੍ਰਤੀ-ਪੂਰਤੀ ਤਾਂ ਤੁਰੰਤ ਹੋ ਜਾਂਦੀ ਹੈ ਅਤੇ ਉਹ ਵੀ ਪੂਰੀ ਪਰ ਮੁਲਾਜ਼ਮਾਂ ਦੀ ਪ੍ਰਤੀ ਪੂਰਤੀ ਅਧੂਰੀ ਹੁੰਦੀ ਹੈ ਅਤੇ ਉਹ ਵੀ ਬਹੁਤ ਹੀ ਦੇਰ ਬਾਅਦ। ਮੰਤਰੀਆਂ ਅਤੇ ਉੱਚ ਅਫ਼ਸਰਾਂ ਨੂੰ ਡੀ.ਏ. ਵਿਚ ਵਾਧਾ ਨਾਲ ਦੀ ਨਾਲ ਮਿਲ ਜਾਂਦਾ ਹੈ ਜਦਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦੂਜੇ ਦਰਜ਼ੇ ਦੇ ਸ਼ਹਿਰੀ ਸਮਝਦੇ ਹੋਏ ਕਈ ਕਈ ਸਾਲ ਲਟਕਾਇਆ ਜਾਂਦਾ ਹੈ। ਮੰਤਰੀਆਂ/ ਵਿਧਾਇਕਾਂ ਦੀਆਂ ਤਨਖਾਹਾਂ ਦੋ ਮਿੰਟ ਵਿਚ ਮੇਜ ਥਪਥਪਾ ਕੇ ਵਧਾ ਲਈਆਂ ਜਾਂਦੀਆਂ ਹਨ ਪਰ ਮੁਲਾਜ਼ਮਾਂ ਲਈ ਕਮਿਸ਼ਨ ਬੈਠਾਉਣ ਲਈ ਵੀ ਸਰਕਾਰ ਕੋਲ ਸਮਾਂ ਨਹੀਂ। ਇਸ ਮੌਕੇ ਵਿਸ਼ੇਸ਼ ਤੌਰ’ਤੇ ਪਹੁੰਚੇ ਕਾ. ਜਗਦੀਸ਼ ਸਿੰਘ ਚਾਹਲ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਬਾਰੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਤਾਂ ਹੈ ਹੀ ਕਾਰਪੋਰੇਟਰਾਂ ਦੀ ਸਰਕਾਰ। ਇਹ ਸੰਵਿਧਾਨ ਵਿੱਚ ਤੋੜ ਮਰੋੜ ਕਰਕੇ ਕਿਰਤੀ-ਕਾਮਿਆਂ ਦੇ ਹੱਕਾਂ ਦੀ ਰਾਖੀ ਲਈ ਬਣੇ ਕਾਨੂੰਨਾਂ ਨੂੰ ਵੀ ਕਾਰਪੋਰੇਟਰਾਂ ਦੇ ਹੱਕ ਵਿਚ ਤਬਦੀਲ ਕਰਦੀ ਜਾ ਰਹੀ ਹੈ। ਲੋਕ ਪੱਖੀ ਕਾਨੂੰਨ ਬਦਲੇ ਜਾ ਰਹੇ ਹਨ। ਮੰਤਰੀ ਅਤੇ ਵਿਧਾਇਕ ਆਪਣੇ ਫਰਜ਼ਾਂ ਨੂੰ ਨਹੀਂ ਪਛਾਣ ਰਹੇ ਸਗੋਂ ਲੁੱਟਣ ਲਈ ਵੇਲਾ ਹੱਥ ਆਇਆ ਸਮਝ ਕੇ ਪੂਰਾ ਲਾਹਾ ਲੈ ਰਹੇ ਹਨ। ਇਸ ਮੌਕੇ ਬੂਟਾ ਸਿੰਘ ਭੱਟੀ ਨੂੰ ਐਕਟਿੰਗ ਸਕੱਤਰ ਚੁਣਿਆ ਗਿਆ। ਇਸ ਮੀਟਿੰਗ ਵਿਚ ਬਚਿੱਤਰ ਸਿੰਘ ਧੋਥੜ, ਪੋਹਲਾ ਸਿੰਘ ਬਰਾੜ, ਉਂਕਾਰ ਸਿੰਘ ਫਰਵਾਹਾ, ਨਿਰੰਜਣ ਸਿੰਘ ਮਾਛੀਕੇ, ਹਰਦਿਆਲ ਸਿੰਘ ਲੰਢੇਕੇ, ਜੋਗਿੰਦਰ ਸਿੰਘ, ਬਾਬੂ ਸਿੰਘ, ਬਲਜੀਤ ਸਿੰਘ ਜਲਾਲਾਬਾਦ, ਅਜਮੇਰ ਸਿੰਘ ਦੱਦਾਹੂਰ, ਸੱਤਪਾਲ ਸਹਿਗਲ, ਸੁਰਜੀਤ ਸਿੰਘ ਘੋਲੀਆ, ਬਾਬੂ ਸਿੰਘ, ਭਜਨ ਸਿੰਘ ਆਦਿ ਵੀ ਹਾਜ਼ਰ ਸਨ।