ਰੋਡਵੇਜ਼ ਕਾਮਿਆਂ ਨੇ ਟ੍ਰਾਂਸਪੋਰਟ ਮੰਤਰੀ ਦਾ ਕੀਤਾ ਪਿੱਟ ਸਿਆਪਾ,ਟ੍ਰਾਂਸਪੋਰਟ ਮੰਤਰੀ ਕੁਰੱਪਸ਼ਨ ਲਈ ਹੀ ਸਾਰੇ ਅਧਿਕਾਰ ਆਪਣੇ ਕੋਲ ਕੇਂਦਰਤ ਕਰ ਰਹੀ ਹੈ- ਜਗਦੀਸ਼ ਸਿੰਘ ਚਾਹਲ
ਮੋਗਾ,10 ਸਤੰਬਰ(ਜਸ਼ਨ): ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਫੈਸਲੇ ਮੁਤਾਬਕ ਬੱਸ ਸਟੈਂਡ ਮੋਗਾ ਵਿਖੇ ਪੰਜਾਬ ਰੋਡਵੇਜ਼/ ਪਨਬੱਸ ਮੁਲਾਜ਼ਮਾਂ ਨੇ ਵਿਸ਼ਾਲ ਗੇਟ ਰੈਲੀ ਕੀਤੀ। ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਮੈਂਬਰ ਕਾਮਰੇਡ ਜਗਦੀਸ਼ ਸਿੰਘ ਚਾਹਲ ਅਤੇ ਰਛਪਾਲ ਸਿੰਘ ਮੌਜਗੜ੍ਹ ਨੇ ਕਿਹਾ ਕਿ ਟ੍ਰਾਂਸਪੋਰਟ ਮੰਤਰੀ ਦੇ ਅੜੀਅਲ ਵਤੀਰੇ ਦੇ ਖਿਲਾਫ਼ ਪਿਛਲੇ ਦਿਨੀਂ 28 ਅਗਸਤ 2018 ਨੂੰ ਪੂਰੇ ਪੰਜਾਬ ਅੰਦਰ ਦੋ ਘੰਟੇ 12 ਵਜੇ ਤੋਂ 14 ਵਜੇ ਤੱਕ ਬੱਸ ਸਟੈਂਡ ਬੰਦ ਸਟੈਂਡ ਬੰਦ ਕਰਕੇ ਟ੍ਰਾਂਸਪੋਰਟ ਮੰਤਰੀ ਦਾ ਪਿੱਟ ਸਿਆਪਾ ਕਰਕੇ ਪੁਤਲੇ ਫੂਕੇ ਗਏ ਸਨ। ਅੱਜ ਫਿਰ ਇਸ ਗੇਟ ਰੈਲੀ ਰਾਹੀਂ ਟ੍ਰਾਂਸਪੋਰਟ ਮੰਤਰੀ ਨੂੰ ਜਾਣੂੰ ਕਰਵਾਉਣਾ ਚਾਹੁੰਦੇ ਹਾਂ ਕਿ ਜੇਕਰ ਉਹਨਾਂ ਨੇ ਆਪਣਾ ਨਾਦਰਸ਼ਾਹੀ ਵਤੀਰਾ ਜਾਰੀ ਰੱਖਿਆ ਤਾਂ 13 ਸਤੰਬਰ ਦਿਨ ਵੀਰਵਾਰ ਨੂੰ ਜਲੰਧਰ ਬੱਸ ਸਟੈਂਡ ਉੱਪਰ ਰੋਹ ਭਰਪੂਰ ਰੈਲੀ ਕਰਨ ਉਪਰੰਤ ਸ਼ਹਿਰ ਵਿਚ ਮਾਰਚ ਵੀ ਕੀਤਾ ਜਾਵੇਗਾ ਅਤੇ ਉਸ ਰੈਲੀ ਵਿਚ ਅਗਲੇ ਸਖ਼ਤ ਐਕਸ਼ਨ ਦਾ ਐਲਾਨ ਵੀ ਕੀਤਾ ਜਾਵੇਗਾ। ਕਿਉਂਕਿ ਐਕਸ਼ਨ ਕਮੇਟੀ ਪਿਛਲੇ ਸਮੇਂ ਤੋਂ ਮੰਗ ਕਰ ਰਹੀ ਹੈ ਕਿ ਟ੍ਰਾਂਸਪੋਰਟ ਮੰਤਰੀ, ਡਾਇਰੈਕਟਰ ਦਫ਼ਤਰ ਦੇ ਅਧਿਕਾਰਾਂ ਉੱਪਰ ਡਾਕਾ ਮਾਰ ਕੇ ਕੁਰੱਪਸ਼ਨ ਦੇ ਰਾਹੀਂ ਬਦਲੀਆਂ ਅਤੇ ਪ੍ਰਮੋਸ਼ਨਾਂ ਦੇ ਅਧਿਕਾਰ ਆਪਣੇ ਕੋਲ ਰੱਖਣਾ ਚਾਹੁੰਦੀ ਹੈ। ਜਿਸਨੂੰ ਐਕਸ਼ਨ ਕਮੇਟੀ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ। ਐਕਸ਼ਨ ਕਮੇਟੀ ਮੰਗ ਕਰਦੀ ਹੈ ਕਿ ਜੋ ਕੰਮ ਪੰਜਾਬ ਸਰਕਾਰ/ ਟ੍ਰਾਂਸਪੋਰਟ ਮੰਤਰੀ ਦੇ ਕਰਨੇ ਬਣਦੇ ਹਨ ਜਿਹਨਾਂ ਵਿਚੋਂ ਠੇਕੇ ਵਾਲੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ, ਤਨਖਾਹਾਂ ਵਿਚ ਵਾਧਾ, ਨਵੀਂ ਟ੍ਰਾਂਸਪੋਰਟ ਨੀਤੀ, 1990 ਦੇ ਮੁਤਾਬਕ ਬਣਾ ਕੇ ਜਲਦੀ ਜਾਰੀ ਕਰਨਾ, ਮਾਣਯੋਗ ਸੁਪਰੀਮ ਕੋਰਟ ਅਤੇ ਹਾਈਕੋਰਟ ਦਾ ਫੈਸਲਾ ਲਾਗੂ ਕਰਨਾ, ਟਾਈਮ ਟੇਬਲਾਂ ਵਿਚ ਇਕਸਾਰਤਾ ਅਤੇ ਮਹਿਕਮੇ ਅੰਦਰ ਫੈਲੇ ਵਿਆਪਕ ਭਿ੍ਰਸ਼ਟਾਚਾਰ ਨੂੰ ਬੰਦ ਕਰਨ ਬਾਰੇ ਟ੍ਰਾਂਸਪੋਰਟ ਮੰਤਰੀ ਦੀ ਚੁੱਪੀ ਧਾਰੀ ਹੋਈ ਹੈ। ਸਾਥੀ ਚਾਹਲ ਨੇ ਕਿਹਾ ਕਿ ਸੈਂਟਰ ਸਰਕਾਰ ਵੱਲੋਨ ਆਏ ਦਿਨ ਤੇਲ ਦੀਆਂ ਕੀਮਤਾਂ ਵਿਚ ਕੀਤੇ ਜਾ ਰਹੇ ਵਾਧੇ ਨੇ ਆਮ ਲੋਕਾਂ ਅਤੇ ਮੁਲਾਜ਼ਮਾਂ ਦਾ ਨੱਕ ਵਿਚ ਦਮ ਕਰਕੇ ਰੱਖਿਆ ਹੋਇਆ ਹੈ। ਤੇਲ ਦੀਆਂ ਕੀਮਤਾਂ ਵਧਣ ਦੇ ਨਾਲ ਸਮੁੱਚੀ ਮਹਿੰਗਾਈ ਉੱਪਰ ਵੀ ਅਸਰ ਪੈਂਦਾ ਹੈ। ਮੋਦੀ ਦਾ ਨਾਅਰਾ ਕਿ ‘ਬਹੁਤ ਪਈ ਮਹਿੰਗਾਈ ਦੀ ਮਾਰ- ਅਬ ਕੀ ਵਾਰੀ ਮੋਦੀ ਸਰਕਾਰ’ ਦੇ ਵੀ ਖਿਲਾਫ਼ ਹੈ। ਅੱਜ ਦੇਸ਼ ਭਰ ਵਿਚ ਕੰਮ ਕਰਦੀਆਂ ਰਾਜਨੀਤਿਕ ਪਾਰਟੀਆਂ, ਟਰੇਡ ਯੂਨੀਅਨਾਂ ਅਤੇ ਆਮ ਜਨਤਾ ਮੋਦੀ ਦੀਆਂ ਨੀਤੀਆਂ ਦੇ ਖਿਲਾਫ਼ ਦੇਸ਼ ਭਰ ਵਿਚ ਸੜਕਾਂ ਉੱਪਰ ਉੱਤਰੀਆਂ ਹਨ। ਜਿਸਦਾ ਖਮਿਆਜਾ ਮੋਦੀ ਨੂੰ ਵੋਟਾਂ ਵਿਚ ਭੁਗਤਣਾ ਪਵੇਗਾ। ਅੱਜ ਦੀ ਵਿਸ਼ਾਲ ਰੈਲੀ ਵਿਚ ਵੱਡੀ ਗਿਣਤੀ ਵਿਚ ਪੈਨਸ਼ਨਰ ਸਾਥੀ ਵੀ ਹਾਜ਼ਰ ਹੋਏ। ਰੈਲੀ ਵਿਚ ਵਿਸ਼ੇਸ਼ ਤੌਰ’ਤੇ ਬਚਿੱਤਰ ਸਿੰਘ ਧੋਥੜ, ਗੁਰਜੰਟ ਸਿੰਘ ਕੋਕਰੀ, ਪੋਹਲਾ ਸਿੰਘ ਬਰਾੜ, ਸੁਰਿੰਦਰ ਬਰਾੜ, ਇੰਦਰਜੀਤ ਭਿੰਡਰ, ਜਸਵੀਰ ਸਿੰਘ ਲਾਡੀ, ਕਰਮਚਾਰੀ ਦਲ ਦੇ ਪ੍ਰਧਾਨ ਪ੍ਰਦੀਪ ਸਿੰਘ, ਜਨਰਲ ਸਕੱਤਰ ਦੁਪਿੰਦਰ ਸਿੰਘ, ਇੰਟਕ ਦੇ ਚੇਅਰਮੈਨ ਗੁਰਦੇਵ ਸਿੰਘ, ਖੁਸ਼ਪਾਲ ਸਿੰਘ ਰਿਸ਼ੀ ਪ੍ਰਧਾਨ, ਕੁਲਦੀਪ ਚੰਦ, ਪੈਨਸ਼ਨਰ ਆਗੂ ਚਮਕੌਰ ਸਿੰਘ ਡਗਰੂ, ਉਂਕਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੈਨਸ਼ਨਰ ਸਾਥੀ ਵੀ ਹਾਜ਼ਰ ਸਨ।