ਡਿਪਟੀ ਕਮਿਸ਼ਨਰ ਡੀ.ਪੀ.ਐਸ ਖਰਬੰਦਾ ਨੇ ਰਾਸ਼ਟਰੀ ਮਾਰਗ ਦੇ ਸ਼ਹਿਰ ਵਿੱਚ ਕੀਤੇ ਜਾ ਰਹੇ ਚਾਰ ਮਾਰਗੀਕਰਨ ਦੇ ਕੰਮਾਂ ਦਾ ਲਿਆ ਜ਼ਾਇਜਾ

ਮੋਗਾ 10 ਸਤੰਬਰ:(ਜਸ਼ਨ):ਡਿਪਟੀ ਕਮਿਸ਼ਨਰ ਸ. ਡੀ.ਪੀ.ਐਸ ਖਰਬੰਦਾ ਨੇ ਅੱਜ ਲੁਧਿਆਣਾ ਤੋਂ ਤਲਵੰਡੀ ਭਾਈ ਤੱਕ ਰਾਸ਼ਟਰੀ ਮਾਰਗ ਦੇ ਮੋਗਾ ਸ਼ਹਿਰ ਵਿੱਚ ਕੀਤੇ ਜਾ ਰਹੇ ਚਾਰ ਮਾਰਗੀਕਰਨ ਦੇ ਕੰਮਾਂ ਦਾ ਜ਼ਾਇਜਾ ਲਿਆ। ਇਸ ਮੌਕੇ ਉਨਾਂ ਨਾਲ ਸਹਾਇਕ ਕਮਿਸ਼ਨਰ (ਜਨਰਲ) ਲਾਲ ਵਿਸਵਾਸ਼ ਬੈਂਸ, ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਬੀ.ਐਸ.ਚੌਹਾਨ, ਰਾਸ਼ਟਰੀ ਮਾਰਗ ਦਾ ਨਿਰਮਾਣ ਕਰ ਰਹੀ ਐਸਲ ਕੰਪਨੀ ਦੇ ਪ੍ਰੋਜੈਕਟ ਇੰਚਾਰਜ ਸੰਜੀਵ ਮਿਸ਼ਰਾ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ (ਭ ਤੇ ਮ) ਮਨਜੀਤ ਸਿੰਘ, ਕਾਰਜਕਾਰੀ ਇੰਜੀਨੀਅਰ ਪਾਵਰਕਾਮ ਡੀ.ਐਸ.ਤੂਰ ਅਤੇ ਕਾਰਜਕਾਰੀ ਇੰਜੀਨੀਅਰ ਨਗਰ ਨਿਗਮ ਮੋਗਾ ਰਵਿੰਦਰ ਸਿੰਗਲਾ ਤੇ ਸਤੀਸ਼ ਵਰਮਾ ਵੀ ਮੌਜੂਦ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਬੰਧਤ ਕੰਪਨੀ ਦੇ ਅਧਿਕਾਰੀਆਂ ਨੂੰੰ ਰਾਸ਼ਟਰੀ ਮਾਰਗ ਦੇ ਸਰਵਿਸ ਲਾਈਨਾਂ ਦੇ ਅਧੂੂਰੇ ਪਏ ਨਿਰਮਾਣ ਕਾਰਜ ਨੂੰ ਜਲਦੀ ਮੁਕੰਮਲ ਕਰਨ ਦੇ ਆਦੇਸ਼ ਦਿੱਤੇ, ਤਾਂ ਜੋ ਲੋਕਾਂ ਨੂੰ ਆਵਾਜਾਈ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਕਿਹਾ ਕਿ ਰਾਸ਼ਟਰੀ ਮਾਰਗ ਦੇ ਨਾਲ-ਨਾਲ ਡਿਪਟੀ ਕਮਿਸ਼ਨਰ ਦਫ਼ਤਰ ਦੀ ਕੰਧ ਦੇ ਨਾਲ ਲਾਲ ਰੰਗ ਦੀਆਂ ਟਾਈਲਾਂ ਲਗਾਈਆਂ ਜਾਣਗੀਆਂ, ਤਾਂ ਂਜੋ ਪੈਦਲ ਚੱਲਣ ਵਾਲਿਆਂ ਲਈ ਆਵਾਜਾਈ ਨੂੰ ਸਰਲ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਇਸ ਨੂੰ ਗਰੀਨ ਲਾਈਟਾਂ ਨਾਲ ਸਜਾ ਕੇ ਅਤੇ ਬੂਟੇ ਲਗਾ ਕੇ ਜਿੱਥੇ ਸੁੰਦਰ ਦਿੱਖ ਪ੍ਰਦਾਨ ਕੀਤੀ ਜਾਵੇਗੀ। ਉਨਾਂ ਹੋਰ ਕਿਹਾ ਕਿ ਰਾਸ਼ਟਰੀ ਮਾਰਗ ਦੇ ਨਾਲ ਨਾਲ ਪਾਣੀ ਦੀ ਨਿਕਾਸੀ ਦੇ ਵੀ ਪੁਖਤਾ ਇੰਤਜਾਕੀਤੇ ਜਾਣਗੇ।ਉਨਾਂ ਕਿਹਾ ਕਿ ਰਾਸ਼ਟਰੀ ਮਾਰਗ ‘ਤੇ ਸ਼ਹਿਰ ਦੇ ਦੋਵਾਂ ਪਾਸਿਆਂ ਤੋਂ ਐਂਟਰੀ ‘ਤੇ ਸਵਾਗਤੀ ਬੋਰਡ ਲਗਾਏ ਜਾਣਗੇ ਅਤੇ ਇਸ ਸੜਕ ਤੋਂ ਬਜ਼ਾਰ ਤੇ ਸ਼ਹਿਰ ਦੇ ਹੋਰ ਹਿੱਸਿਆਂ ਨੂੰ ਜਾਂਦੀਆਂ ਸੜਕਾਂ ਦੀ ਕੁਨੈਕਟੀਵਿਟੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨਾਂ ਕੰਪਨੀ ਅਧਿਕਾਰੀਆਂ ਨੂੰ ਸੜਕ ਦੇ ਆਲੇ-ਦੁਆਲੇ ਛੋਟੇ-ਮੋਟੇ ਰਹਿੰਦੇ ਕੰਮਾਂ ਨੂੰ ਜਲਦੀ ਨਿਪਟਾਉਣ ਦੇ ਵੀ ਆਦੇਸ਼ ਦਿੱਤੇ।