ਕਾਂਗਰਸੀਆਂ ਵੱਲੋਂ ਅਖੀਰਲੇ ਦਿਨ ਵੀ ਅਕਾਲੀਆਂ ਨੂੰ ਨਹੀ ਭਰਨ ਦਿੱਤੇ ਗਏ ਨਾਮਜ਼ਦਗੀ ਪੱਤਰ,ਅਕਾਲੀਆਂ ਵੱਲੋਂ ਦੂਜੇ ਦਿਨ ਵੀ ਡੀ ਸੀ ਦਫਤਰ ਅੱਗੇ ਦਿੱਤਾ ਗਿਆ ਧਰਨਾ

ਫਿਰੋਜ਼ਪੁਰ 7 ਸਿਤੰਬਰ ( ਸੰਦੀਪ ਕੰਬੋਜ ਜਈਆ) :  ਸੂਬੇ ਵਿਚ 19 ਸਿਤੰਬਰ ਨੂੰ ਹੋਣ ਵਾਲੀਆਂ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਸੰਬੰਧੀ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਵੱਲੋਂ ਵੱਖ - ਵੱਖ ਜੋਨਾਂ ਤੋ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਗਏ ਹਨ।ਜਿਕਰਯੋਗ ਹੈ ਕਿ ਸਾਰੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ 7 ਸਿਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ ਅਤੇ ਇਸੇ ਤਰ੍ਹਾਂ ਕਾਂਗਰਸੀ ਪਾਰਟੀ ਦੇ ਉਮੀਦਵਾਰਾਂ ਵੱਲੋਂ 6 ਸਿਤੰਬਰ ਤੱਕ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਗਏ ਪਰ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋ ਰੋਕ ਦਿੱਤਾ ਗਿਆ।ਇਸ ਸੰਬੰਧੀ ਸੀਨੀਅਰ ਅਕਾਲੀ ਨੇਤਾ ਵਰਦੇਵ ਸਿੰਘ ਨੋਨੀ ਮਾਨ ਨੇ ਸਾਡੇ ਨਾਲ ਗੱਲਬਾਤ ਦੌਰਾਨ ਕਿਹਾ ਕਿ 6 ਸਿਤੰਬਰ ਨੂੰ ਜਦੋ ਅਸੀ ਗੂਰੁਹਰਸਹਾਏ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਪਹੁੰਚੇ ਤਾਂ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਅੱਜ ਕਾਂਗਰਸੀ ਪੱਤਰ ਦਾਖ਼ਲ ਕਰ ਰਹੇ ਹਨ ਤੁਸੀਂ ਕੱਲ ਨਾਮਜ਼ਦਗੀ ਪੱਤਰ ਦਾਖ਼ਲ ਕਰ ਲੈਣਾ, ਪਰ ਜਦੋ ਅਸੀ ਅੱਜ ਅਖੀਰਲੇ ਦਿਨ ਆਪਣੇ ਉਮੀਦਵਾਰਾਂ ਦੇ ਨਾਲ ਪੱਤਰ ਦਾਖ਼ਲ ਕਰਨ ਲਈ ਪਹੁੰਚੇ ਤਾਂ ਸਾਨੂੰ ਫਿਰ ਓਹੀ ਗੱਲ ਕਹੀ ਗਈ ਕਿ ਅਜੇ ਕਾਂਗਰਸੀ ਨਾਮਜ਼ਦਗੀ ਪੱਤਰ ਦਾਖ਼ਲ ਕਰ ਰਹੇ ਹਨ ਤੁਸੀਂ ਇੰਤਜ਼ਾਰ ਕਰੋ।ਵਰਦੇਵ ਸਿੰਘ ਮਾਨ ਨੇ ਕਿਹਾ ਕਿ ਇਸ ਤੋ ਸਾਫ ਜਾਹਰ ਸੀ ਕਿ ਕਾਂਗਰਸੀਆਂ ਵੱਲੋਂ ਸੰਬੰਧਤ ਪ੍ਰਸ਼ਾਸਨ ਆਪਣੇ ਕਬਜ਼ੇ ਹੇਠ ਕੀਤਾ ਹੋਇਆ ਸੀ ਜੋ ਉਹਨਾਂ ਦੀ ਹੀ ਬੋਲੀ ਬੋਲ ਰਿਹਾ ਸੀ।ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅਸੀਂ ਆਪਣੇ ਉਮੀਦਵਾਰਾਂ ਨਾਲ ਫਿਰੋਜ਼ਪੁਰ ਵਿਖੇ ਜਿਲਾ ਪ੍ਰੀਸ਼ਦ ਦੇ ਨਾਮਾਂਕਨ ਪੇਪਰ ਦਾਖਲ ਕਰਨ ਲਈ ਪਹੁੰਚੇ ਤਾਂ ਉਥੇ ਵੀ ਕਾਂਗਰਸੀਆਂ ਅਤੇ ਪੁਲਿਸ ਨੇ ਡੀ ਸੀ ਦਫਤਰ ਨੂੰ ਪੂਰੀ ਤਰ੍ਹਾਂ ਘੇਰ ਕੇ ਤਾਲੇ ਲਗਾਏ ਹੋਏ ਸਨ ਅਤੇ 300 ਤੋਂ ਜਿਆਦਾ  ਕਾਂਗਰਸੀ ਹਥਿਆਰਾਂ ਨਾਲ ਸ਼ਰੇਆਮ ਕੰਪਲੈਕਸ ਵਿਚ ਘੁੰਮ ਰਹੇ ਸਨ ਜਿੰਨਾ ਨੂੰ ਪ੍ਰਸ਼ਾਸਨ ਵੱਲੋਂ ਬਿਲਕੁਲ ਵੀ ਨਹੀਂ ਰੋਕਿਆ ਗਿਆ। ਵਰਦੇਵ ਸਿੰਘ ਮਾਨ ਨੇ ਕਿਹਾ ਕਿ ਅਸੀ ਆਪਣੇ ਉਮੀਦਵਾਰਾਂ ਦੇ ਨਾਲ 2 ਘੰਟੇ ਤੋ ਜਿਆਦਾ ਸਮਾਂ ਕੰਪਲੈਕਸ ਦੇ ਬਾਹਰ ਇੰਤਜ਼ਾਰ ਕਰਦੇ ਰਹੇ ਪਰ ਪੁਲਿਸ ਵੱਲੋਂ ਸਾਨੂੰ ਨਾਮਾਂਕਨ ਪੇਪਰ ਦਾਖਲ ਨਹੀਂ ਕਰਨ ਦਿੱਤੇ ਗਏ।ਵਰਦੇਵ ਸਿੰਘ ਮਾਨ ਨੇ ਕਿਹਾ ਕਿ ਇਹਨਾਂ ਦੀ ਧੱਕੇਸ਼ਾਹੀ ਇਸ ਦਿਨ ਪਹਿਲਾਂ ਦੇਖਣ ਨੂੰ  ਮਿਲੀ ਜਦੋਂ ਅਸੀਂ ਆਪਣੇ ਉਮੀਦਵਾਰਾਂ ਸਮੇਤ ਡੀ ਸੀ ਦਫਤਰ ਪਹੁੰਚੇ ਤਾਂ ਅਕਾਲੀ ਉਮੀਦਵਾਰਾਂ ਅਤੇ ਅਕਾਲੀ ਆਗੂਆਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਅਤੇ ਉਹਨਾਂ ਵੱਲੋਂ ਵਾਰ ਵਾਰ ਕਹਿਣ ਦੇ ਬਾਵਜੂਦ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਜਿਸ ਦੇ ਚੱਲਦੇ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਲਗਾਤਾਰ 4 ਘੰਟੇ ਸਿਵਲ, ਪੁਲਿਸ ਪ੍ਰਸ਼ਾਸਨ ਅਤੇ ਕਾਂਗਰਸ ਪਾਰਟੀ ਦਾ ਜੰਮ ਕੇ ਪਿੱਟ ਸਿਆਪਾ ਵੀ ਕੀਤਾ ਗਿਆ ਪਰ ਉਨ੍ਹਾਂ ਦੀ ਗੱਲ ਸੁਣਨ ਲਈ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਵੀ ਨਹੀਂ ਪਹੁਚਿਆਂ।ਵਰਦੇਵ ਸਿੰਘ ਮਾਨ ਨੇ ਕਿਹਾ ਕਿ ਅਕਾਲੀ ਉਮੀਦਵਾਰਾਂ ਨੂੰ ਇਸ ਤਰ੍ਹਾਂ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀ ਚੋਣ ਲੜਣ ਤੋ ਰੋਕਣਾ ਰਾਣਾ ਸੋਢੀ ਦੀ ਹਾਰ ਜੱਗ ਜ਼ਾਹਿਰ ਹੋ ਚੁੱਕੀ ਹੈ ਅਤੇ ਉਨ੍ਹਾਂ ਕਿਹਾ ਕਿ ਸਮਾਂ ਆਉਣ ਤੇ ਅਕਾਲੀ ਦਲ ਇਸ ਧੱਕੇਸ਼ਾਹੀ ਦਾ ਜਵਾਬ ਸਹੀ ਅਤੇ ਵਾਜਬ ਤਰੀਕੇ ਨਾਲ਼ ਦੇਵੇਗਾ।ਇਸ ਸੰਬੰਧੀ ਡਿਪਟੀ ਕਮਿਸ਼ਨਰ ਅਤੇ ਸੰਬੰਧਤ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵਾਰ - ਵਾਰ ਫੋਨ ਕਰਨ ਤੇ ਵੀ ਉਹਨਾਂ ਨਾਲ ਗੱਲ ਨਹੀ ਨਹੀ ਹੋ ਸਕੀ। ਇਸ ਮੋਕੇ ਉਹਨਾਂ ਦੇ ਨਾਲ ਨਰਦੇਵ ਸਿੰਘ ਬੋਬੀ ਮਾਨ, ਐਡਵੋਕੇਟ ਗੁਰਸੇਵਕ ਸਿੰਘ ਕੈਸ਼ ਮਾਨ, ਦਲਜੀਤ ਸਿੰਘ ਬਿੱਟੂ ਖੈਰੇਕਾ, ਸੁਰਿੰਦਰ ਥਿੰਦ ਸਾਬਕਾ ਸਰਪੰਚ ਜੀਵਾ ਅਰਾਈ, ਨੀਸ਼ੂ ਰੁਕਣਾ , ਅਮੀਰ ਚੰਦ ਸਾਬਕਾ ਸਰਪੰਚ ਪਿੰਡੀ, ਰਾਜੇਸ਼ ਕੁਮਾਰ ਪਿੰਡੀ, ਜਸਪ੍ਰੀਤ ਮਾਨ, ਗੁਰਮੀਤ ਮਾਨ, ਤਿਲਕ ਰਾਜ ਗੋਲੂਕਾ, ਸੋਹਣ ਲਾਲ ਬਾਜੇਕਾ, ਇਕਬਾਲ ਚੰਦ ਪਾਲਾ ਥਿੰਦ ਸਾਬਕਾ ਸਰਪੰਚ ਜੀਵਾ ਅਰਾਈਂ, ਹਰੀ ਚੰਦ ਮਰੋੋੋਕ ਸਾਬਕਾ ਸਰਪੰਚ ਪੰਜੇ ਕੇੇ ਉਤਾੜ ਅਤੇ ਹੋਰ ਅਨੇਕਾਂ ਆਗੂ ਹਾਜਰ ਸਨ।