ਧਰਮਕੋਟ ‘ਚ ਚੱਲੀ ਗੋਲੀ ,ਅਕਾਲੀਆਂ ਅਤੇ ਕਾਂਗਰਸੀਆਂ ‘ਚ ਝੜਪਾਂ,ਅਕਾਲੀ ਵਰਕਰ ਦੀ ਗੋਲੀ ਨਾਲ ਇਕ ਕਾਂਗਰਸੀ ਜ਼ਖਮੀ , ਕਾਂਗਰਸੀਆਂ ਨੂੰ ਖਦੇੜਨ ਲਈ ਪੁਲਿਸ ਨੇ ਸੁੱਟੇ ਅੱਥਰੂ ਗੈਸ ਦੇ ਗੋਲੇ,ਕੀਤਾ ਲਾਠੀਚਾਰਜ

ਧਰਮਕੋਟ,7 ਸਤੰਬਰ (ਜਸ਼ਨ)- ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਦੀਆਂ ਹੋ ਰਹੀਆਂ ਚੋਣਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਅੱਜ ਆਖ਼ਰੀ ਦਿਨ ਅਕਾਲੀ ਅਤੇ ਕਾਂਗਰਸੀ ਵਰਕਰ ਆਪਸ ਵਿੱਚ ਭਿੜ ਗਏ, ਜਿਸ ਦੌਰਾਨ ਅਕਾਲੀ ਵਰਕਰ ਵੱਲੋਂ ਗੋਲੀ ਚਲਾਉਣ ਤੇ ਇੱਕ ਕਾਂਗਰਸੀ ਵਰਕਰ ਜ਼ਖ਼ਮੀ ਹੋ ਗਿਆ। ਇਹਨਾਂ ਝੜਪਾਂ ਦੌਰਾਨ ਮਾਹੌਲ ਅਫਰਾ ਤਫਰੀ ਵਾਲਾ ਬਣਿਆ ਰਿਹਾ । ਇਸ ਦੌਰਾਨ ਗੋਲੀ ਚਲਾਉਣ ਵਾਲੇ ਅਕਾਲੀ ਕਾਰਕੁੰਨ ਦੀ ਗਿ੍ਰਫਤਾਰੀ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਬੈਠੇ ਕਾਂਗਰਸੀਆਂ ਨੂੰ ਖਦੇੜਨ ਲਈ  ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਵੀ ਸੁੱਟੇ। ਸਥਿਤੀ ਨੂੰ ਨਾਜ਼ੁਕਤਾ ਨੂੰ ਦੇਖਦੇ ਹੋਏ ਡੀ. ਸੀ ਮੋਗਾ ਦਵਿੰਦਰਪਾਲ ਸਿੰਘ ਖਰਬੰਦਾ ਅਤੇ ਐਸਐਸਪੀ ਮੋਗਾ ਗੁਰਪ੍ਰੀਤ ਸਿੰਘ ਤੂਰ ਭਾਰੀ ਪੁਲਿਸ ਫੋਰਸ ਨਾਲ ਮੌਕੇ ’ਤੇ ਪਹੁੰਚੇ। ਜ਼ਿਲਾ ਪ੍ਰੀਸ਼ਦ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੇ ਆਖਰੀ ਦਿਨ ਅੱਜ ਹਲਕਾ ਧਰਮਕੋਟ ‘ਚ ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਕਾਂਗਰਸੀ ਵਰਕਰਾਂ ਦਰਮਿਆਨ ਹੋਈ ਝੜਪ ਕਾਰਨ ਗੋਲੀਬਾਰੀ ਦੀ ਘਟਨਾ ਵਾਪਰਨ ਸਦਕਾ ਕਾਂਗਰਸ ਦਾ ਇਕ ਵਰਕਰ  ਸਿਮਰਨਜੀਤ ਸਿੰਘ ਦਾਤੇਵਾਲ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ । ਪੁਲਿਸ ਵੱਲੋਂ ਜਾਂਚ ਜਾਰੀ ਹੈ ਪਰ ਸ਼ੱਕ ਕੀਤਾ ਜਾ ਰਿਹਾ ਹੈ ਕਿ ਪਿੰਡ ਦਾਤੇਵਾਲ ਨਾਲ ਸਬੰਧਤ ੳੱੁਘੇ ਅਕਾਲੀ ਆਗੂ ਸੁਖਵਿੰਦਰ ਸਿੰਘ ਦਾਤੇਵਾਲ ਦੇ ਪੁੱਤਰ ਕੁਲਵਿੰਦਰ ਸਿੰਘ ਵੱਲੋਂ ਇਹ ਗੋਲੀ ਚਲਾਈ ਗਈ। ਅਣਹੋਣੀ ਘਟਨਾ ਨੂੰ ਟਾਲਣ ਲਈ  ਅੱਜ ਸਵੇਰ ਤੋਂ ਹੀ ਐਸਡੀਐਮ ਦਫਤਰ ਧਰਮਕੋਟ ਅੱਗੇ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਸੀ ਪਰ ਦਿਨ ਚੜਦੇ ਹੀ ਉੱਥੇ ਕਾਂਗਰਸੀ ਵਰਕਰ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਜਦ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਆਪਣੇ ਹਿਮਾਇਤੀਆਂ  ਨਾਲ ਨਾਮਜ਼ਦਗੀਆਂ ਦਾਖਲ ਕਰਨ ਪਹੁੰਚੇ ਤਾਂ ਦੇਖਦੇ ਹੀ ਦੇਖਦੇ ਕਾਂਗਰਸੀਆਂ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਦੋਹਾਂ ਧਿਰਾਂ ਵਿੱਚ ਟਕਰਾਅ ਹੋ ਗਿਆ। ਇਸੇ ਤਕਰਾਰ ਦੌਰਾਨ ਅਕਾਲੀ ਵਰਕਰ ਵੱਲੋਂ ਫਾਇਰ ਕੀਤੇ ਗਏ ਤੇ ਇਕ ਗੋਲੀ  ਕਾਂਗਰਸੀ ਵਰਕਰ ਸਿਮਰਨਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਦਾਤੇਵਾਲ ਦੇ ਪੱਟ ਵਿੱਚ ਵੱਜੀ ।  ਡੀ ਐੱਸ ਪੀ ਅਜੇਰਾਜ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਘਟਨਾ ‘ਚ ਜ਼ਖਮੀ ਹੋਇਆ ਵਿਅਕਤੀ ਅਤੇ ਗੋਲੀ ਚਲਾਉਣ ਵਾਲਾ ਸਖਸ਼ ਆਪਸ ਵਿਚ ਇਕੋ ਸ਼ਰੀਕੇ ਦੇ ਹਨ  ਅਤੇ ਪਾਰਟੀਬਾਜ਼ੀ ਕਾਰਨ ਇਹਨਾਂ ਦੀ ਪੁਰਾਣੀ ਰੰਜਿਸ਼ ਸੀ ਜਿਸ ਦੇ ਚੱਲਦਿਆਂ ਗੋਲੀ ਦੀ ਘਟਨਾ ਵਾਪਰੀ ਹੈ । ਪ੍ਰਤੱਖ ਦਰਸ਼ੀਆਂ ਮੁਤਾਬਕ ਤਹਿਸੀਲ ਕੰਪਲੈਕਸ ਦੇ ਨੇੜੇ ਕਾਂਗਰਸੀ ਵਰਕਰਾਂ ਵੱਲੋਂ ਪੰਜਾਬ ਵਿਚ  ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਦਅਦਬੀ ਦੀਆਂ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਅਕਾਲੀ ਦਲ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ ਜਿਸ ਕਾਰਨ ਅਕਾਲੀ ਵਰਕਰਾਂ ਵੱਲੋਂ ਤੈਸ਼ ਵਿਚ ਆ ਕੇ ਗੋਲੀ ਚਲਾ ਦਿੱਤੀ ਗਈ।  ਪਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਡੀ ਐੱਸ ਪੀ ਅਜੇਰਾਜ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਘਟਨਾ ਦਾ ਨਾਮਜ਼ਦਗੀਆਂ ਅਤੇ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ  ਪਰ ਇਹ ਘਟਨਾ ਨਿਰੋਲ ਪੁਰਾਣੀ ਪਰਿਵਾਰਕ ਰੰਜਿਸ਼ ਹੈ ਪਰ ਇਹ ਘਟਨਾ ਚੋਣਾਂ ਵਾਲੇ ਦਿਨਾਂ ਵਿਚ ਵਾਪਰੀ ਹੋਣ ਕਰਕੇ ਸੁਰਖੀਆਂ ਵਿਚ ਆ ਗਈ ਹੈ। ਉਹਨਾਂ ਕਿਹਾ ਕਿ ਨਾਮਜ਼ਦਗੀਆਂ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ। ਇਸ ਘਟਨਾ ਉਪਰੰਤ ਕਾਂਗਰਸੀਆਂ ਨੇ ਧਰਮਕੋਟ ਵਿਖੇ ਹੀ ਧਰਨਾ ਦੇ ਦਿੱਤਾ ਅਤੇ ਗੋਲੀ ਚਲਾਉਣ ਵਾਲੇ ਵਿਅਕਤੀਆਂ ਨੂੰ ਗਿ੍ਰਫਤਾਰ ਕਰਨ ਦੀ ਮੰਗ ਕੀਤੀ ਪਰ ਪ੍ਰਸ਼ਾਸਨ ਨੇ ਧਾਰਾ 144 ਲਾਗੂ ਕਰ ਦਿੱਤੀ ਅਤੇ ਪੁਲਿਸ ਵੱਲੋਂ ਧਰਨਾਕਾਰੀਆਂ ਨੂੰ ਧਰਨਾ ਖਤਮ ਕਰਨ ਲਈ ਮਜਬੂਰ ਕੀਤਾ ਗਿਆ। ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਧਰਨੇ ’ਤੇ ਬੈਠੇ ਕਾਂਗਰਸੀ ਧਰਨਾਕਾਰੀਆਂ ਨੂੰ ਖਦੇੜਨ ਲਈ ਪਾਣੀ ਦੀਆਂ ਬੋਛਾੜਾਂ ਦੀ ਵਰਤੋਂ ਅਤੇ ਹਲਕਾ ਲਾਠੀ ਚਾਰਜ ਵੀ ਕੀਤਾ ਗਿਆ ਦੱਸਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਟਕਰਾਅ ਦੌਰਾਨ ਸਥਿਤੀ ਇੰਨੀ ਤਣਾਅਪੂਰਨ ਹੋ ਗਈ ਕਿ ਦੋਵਾਂ ਪਾਰਟੀਆਂ ਦੇ ਵਰਕਰਾਂ ਨੇ ਇਕ ਦੂਸਰੇ ਉਪਰ ਪੱਥਰਬਾਜੀ ਕੀਤੀ। ਕਾਂਗਰਸੀ ਵਰਕਰਾਂ ਨੇ ਮੰਗ ਕੀਤੀ ਕਿ ਗੋਲੀ ਚਲਾਉਣ ਵਾਲੇ ਸਖਸ਼ ਉਪਰ ਕਾਰਵਾਈ ਕੀਤੀ ਜਾਵੇ। ਅਖੀਰ ਨਾਮਜਦਗੀ ਦਾਖਲ ਕਰਵਾਉਣ ਵਿਚ ਸਿਰਫ 15 ਮਿੰਟ ਬਾਕੀ ਸਨ ਕਿ ਪੁਲਿਸ ਨੇ ਕਾਂਗਰਸੀ ਵਰਕਰਾਂ ਉਪਰ ਲਾਠੀਚਾਰਜ਼ ਅਤੇ ਅੱਥਰੂ ਗੈਸ ਦੇ ਗੋਲੇ ਸੁੱਟ ਕੇ ਉਹਨਾਂ ਨੂੰ ਖਦੇੜ ਦਿੱਤਾ ਅਤੇ ਅਕਾਲੀ ਦਲ ਦੇੇ ਉਮੀਦਵਾਰਾਂ ਨੂੰ ਨਾਮਜਦਗੀ ਪੱਤਰ ਦਾਖਲ ਕਰਨ ਲਈ ਦਫਤਰ ਅੰਦਰ ਦਾਖਲ ਹੋਣ ਦਾ ਮੌਕਾ ਦੇ ਦਿੱਤਾ। ਅੱਜ ਦੀ ਘਟਨਾ ਦਾ ਇਕ ਪਹਿਲੂ ਇਹ ਵੀ ਹੈ ਕਿ  ਚੋਣ ਕਮਿਸ਼ਨ ਦੇ ਅਦੇਸ਼ਾਂ ਨੂੰ ਟਿੱਚ ਜਾਣਦਿਆਂ ਕਈ ਅਸਲਾ ਧਾਰਕਾਂ ਨੇ ਆਪੋ ਆਪਣੇ ਹਥਿਆਰ ਜਮਾਂ ਨਹੀਂ ਕਰਵਾਏ ਜਿਸ  ਕਾਰਨ ਅੱਜ ਧਰਮਕੋਟ ਵਿਚ ਵੱਡੀ ਘਟਨਾ ਘਟ ਗਈ । 

ਇਹਨਾਂ ਸਾਰੀਆਂ ਘਟਨਾਵਾਂ ਬਾਰੇ ਐੱਸ ਐੱਸ ਪੀ ਸ: ਗੁਰਪ੍ਰੀਤ ਸਿੰਘ ਤੂਰ ਨਾਲ ਸੰਪਰਕ ਕੀਤਾ ਤਾਂ ਉਹਨਾਂ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ   ਕਿ ਕੁਲਵਿੰਦਰ ਸਿੰਘ ਦਾਤੇਵਾਲ ਨੇ ਹੀ ਗੋਲੀ ਚਲਾਈ । ਧਰਨਾਕਾਰੀਆਂ ’ਤੇ ਲਾਠੀਚਾਰਜ ਬਾਰੇ ਉਹਨਾਂ ਆਖਿਆ ਕਿ ਪੁਲਿਸ ਨੇ ਘੱਟ ਤੋਂ ਘੱਟ ਬਲ ਦਾ ਇਸਤੇਮਾਲ ਕੀਤਾ ਹੈ ਤੇ ਉਹ ਵੀ ਇੱਟਾਂ ਪੱਥਰ ਚਲਾ ਰਹੇ ਲੋਕਾਂ ਦੀ ਭੀੜ ਨੂੰ ਕਾਬੂ ਕਰਨ ਲਈ । ​

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।