ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਕਾਂਗਰਸੀ ਵਰਕਰਾਂ ਦਰਮਿਆਨ ਝੜਪ ਦੌਰਾਨ ਚੱਲੀ ਗੋਲੀ, ਕਾਂਗਰਸ ਦਾ ਇਕ ਵਰਕਰ ਜ਼ਖਮੀ

ਧਰਮਕੋਟ,7 ਸਤੰਬਰ (ਜਸ਼ਨ)- ਜ਼ਿਲਾ ਪ੍ਰੀਸ਼ਦ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੇ ਆਖਰੀ ਦਿਨ ਅੱਜ ਹਲਕਾ ਧਰਮਕੋਟ ‘ਚ ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਕਾਂਗਰਸੀ ਵਰਕਰਾਂ ਦਰਮਿਆਨ ਹੋਈ ਝੜਪ ਕਾਰਨ ਗੋਲੀਬਾਰੀ ਦੀ ਘਟਨਾ ਵਾਪਰਨ ਸਦਕਾ ਕਾਂਗਰਸ ਦਾ ਇਕ ਵਰਕਰ  ਜ਼ਖਮੀ ਹੋ ਗਿਆ।  ਦੱਸਿਆ ਜਾ ਰਿਹਾ ਹੈ ਕਿ ਪ੍ਰੀਸ਼ਦ ਚੋਣਾਂ ਕਾਰਨ ਪੈਦਾ ਹੋਏ ਇਸ ਤਨਾਅ ਕਾਰਨ ਹੀ ਅਕਾਲੀ ਵਰਕਰ ਵੱਲੋਂ ਕਾਂਗਰਸੀ ਵਰਕਰਾਂ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਕਾਰਨ ਕਾਂਗਰਸ ਦਾ ਕਾਰਕੁੰਨ ਸਿਮਰਨਜੀਤ ਸਿੰਘ ਦਾਤੇਵਾਲ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ । ਪੁਲਿਸ ਵੱਲੋਂ ਜਾਂਚ ਜਾਰੀ ਹੈ ਪਰ ਸ਼ੱਕ ਕੀਤਾ ਜਾ ਰਿਹਾ ਹੈ ਕਿ ਪਿੰਡ ਦਾਤੇਵਾਲ ਨਾਲ ਸਬੰਧਤ ੳੱੁਘੇ ਅਕਾਲੀ ਆਗੂ ਦੇ ਪੁੱਤਰ ਅਤੇ ਉਸ ਦੇ ਸਾਥੀਆਂ ਵੱਲੋਂ ਇਹ ਗੋਲੀ ਚਲਾਈ ਗਈ।  ਪੁਲਿਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਘਟਨਾ ‘ਚ ਜ਼ਖਮੀ ਹੋਇਆ ਵਿਅਕਤੀ ਅਤੇ ਗੋਲੀ ਚਲਾਉਣ ਵਾਲਾ ਸਖਸ਼ ਆਪਸ ਵਿਚ ਚਾਚੇ ਤਾਏ ਦੇ ਪੁੱਤ ਹਨ  ਅਤੇ ਪਾਰਟੀਬਾਜ਼ੀ ਕਾਰਨ ਇਹਨਾਂ ਦੀ ਪੁਰਾਣੀ ਰੰਜਿਸ਼ ਸੀ ਜਿਸ ਦੇ ਚੱਲਦਿਆਂ ਗੋਲੀ ਦੀ ਘਟਨਾ ਵਾਪਰੀ ਹੈ । ਪ੍ਰਤੱਖ ਦਰਸ਼ੀਆਂ ਮੁਤਾਬਕ ਤਹਿਸੀਲ ਕੰਪਲੈਕਸ ਦੇ ਨੇੜੇ ਕਾਂਗਰਸੀ ਵਰਕਰਾਂ ਵੱਲੋਂ ਪੰਜਾਬ ਵਿਚ  ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਦਅਦਬੀ ਦੀਆਂ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਅਕਾਲੀ ਦਲ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ ਜਿਸ ਕਾਰਨ ਅਕਾਲੀ ਵਰਕਰਾਂ ਵੱਲੋਂ ਤੈਸ਼ ਵਿਚ ਆ ਕੇ ਗੋਲੀ ਚਲਾ ਦਿੱਤੀ ਗਈ।  ਪਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਡੀ ਐੱਸ ਪੀ ਅਜੇਰਾਜ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਘਟਨਾ ਦਾ ਨਾਮਜ਼ਦਗੀਆਂ ਅਤੇ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ  ਪਰ ਇਹ ਘਟਨਾ ਨਿਰੋਲ ਪੁਰਾਣੀ ਪਰਿਵਾਰਕ ਰੰਜਿਸ਼ ਹੈ ਪਰ ਇਹ ਘਟਨਾ ਚੋਣਾਂ ਵਾਲੇ ਦਿਨਾਂ ਵਿਚ ਵਾਪਰੀ ਹੋਣ ਕਰਕੇ ਸੁਰਖੀਆਂ ਵਿਚ ਆ ਗਈ ਹੈ। ਉਹਨਾਂ ਕਿਹਾ ਕਿ ਨਾਮਜ਼ਦਗੀਆਂ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ।

 ਇਸ ਘਟਨਾ ਉਪਰੰਤ ਕਾਂਗਰਸੀਆਂ ਨੇ ਧਰਮਕੋਟ ਵਿਖੇ ਹੀ ਧਰਨਾ ਦੇ ਦਿੱਤਾ ਅਤੇ ਗੋਲੀ ਚਲਾਉਣ ਵਾਲੇ ਵਿਅਕਤੀਆਂ ਨੂੰ ਗਿ੍ਰਫਤਾਰ ਕਰਨ ਦੀ ਮੰਗ ਕੀਤੀ ਪਰ ਪ੍ਰਸ਼ਾਸਨ ਨੇ ਧਾਰਾ 144 ਲਾਗੂ ਕਰ ਦਿੱਤੀ ਅਤੇ ਪੁਲਿਸ ਵੱਲੋਂ ਧਰਨਾਕਾਰੀਆਂ ਨੂੰ ਧਰਨਾ ਖਤਮ ਕਰਨ ਲਈ ਮਜਬੂਰ ਕੀਤਾ ਗਿਆ।