12ਵੀਂ ਜਮਾਤ ’ਚੋਂ ਪੁਜੀਸ਼ਨਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਮੁਫਤ ਦਾਖਲਾ ਦਿੱਤਾ ਜਾਵੇਗਾ : ਡਾ: ਮਨਜੀਤ ਸਿੰਘ ਢਿੱਲੋਂ

ਕੋਟਕਪੂਰਾ, 7 ਸਤੰਬਰ (ਅਰਸ਼ਦੀਪ ਸਿੰਘ ਅਰਸ਼ੀ) :- ਬਾਰਵੀਂ ਜਮਾਤ ’ਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਬਾਬਾ ਫਰੀਦ ਨਰਸਿੰਗ ਕਾਲਜ ਕੋਟਕਪੂਰਾ ਵਿਖੇ ਮੁਫਤ ਦਾਖਲਾ ਦਿੱਤਾ ਜਾਵੇਗਾ। ਇਹਨਾਂ  ਸ਼ਬਦਾਂ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਫਰੀਦਕੋਟ ਵਿਖੇ ਉੱਘੇ ਸਮਾਜਸੇਵੀ ਡਾ: ਮਨਜੀਤ ਸਿੰਘ ਢਿੱਲੋਂ ਨੇ ਕਰਦਿਆਂ ਆਖਿਆ ਕਿ ਚੰਗੀਆਂ ਪੁਜੀਸ਼ਨਾਂ ਲੈਣ ਲਈ ਵਿਦਿਆਰਥਣਾਂ ਨੂੰ ਅੱਜ ਤੋਂ ਹੀ ਸਖਤ ਮਿਹਨਤ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਡਾ ਢਿੱਲੋਂ ਨੇ ਵਿਦਿਆਰਥਣਾ ਨੂੰ ਪੜਾਈ ਦੇ ਨਾਲ-ਨਾਲ ਵਾਤਾਵਰਣ, ਸਮਾਜਿਕ, ਧਾਰਮਿਕ, ਸੱਭਿਆਚਾਰਕ ਅਤੇ ਖੇਡਾਂ ਦੇ ਖੇਤਰ ’ਚ ਵੀ ਮੱਲਾਂ ਮਾਰਨ ਲਈ ਪੇ੍ਰਰਿਤ ਕੀਤਾ। ਰਾਮ ਮੁਹੰਮਦ ਸਿੰਘ ਅਜਾਦ ਵੈਲਫੇਅਰ ਸੁਸਾਇਟੀ ਵੱਲੋਂ ਹੋਣਹਾਰ ਵਿਦਿਆਰਥਣਾਂ ਦੇ ਕਰਵਾਏ ਗਏ ਸਨਮਾਨ ਸਮਾਰੋਹ ’ਚ ਡਾ ਮਨਜੀਤ ਸਿੰਘ ਢਿੱਲੋਂ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਸਨ। ਪਿ੍ਰੰਸੀਪਲ ਸੁਰੇਸ਼ ਅਰੋੜਾ ਨੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਡਾ ਢਿੱਲੋਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਆਪਣੇ ਸੰਬੋਧਨ ਦੌਰਾਨ ਡਾ ਪੁਸ਼ਪਿੰਦਰ ਸਿੰਘ ਕੂਕਾ, ਕੁਲਵੰਤ ਸਿੰਘ ਚਾਨੀ, ਕਾਨੂੰਗੋ ਰਜਿੰਦਰ ਸਿੰਘ ਸਰਾਂ, ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਮੈਡਮ ਰਾਜਵਿੰਦਰ ਕੌਰ ਨੇ ਵਿਦਿਆਰਥਣਾ ਨੂੰ ਨੈਤਿਕਤਾ ਦਾ ਪਾਠ ਪੜਾਉਂਦਿਆਂ ਆਖਿਆ ਕਿ ਕਈ ਵਾਰ ਬਚਪਨ ਤੋਂ ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖਦਿਆਂ ਸਾਡੇ ਤੋਂ ਕੋਈ ਅਜਿਹੀ ਅਣਗਹਿਲੀ, ਲਾਪ੍ਰਵਾਹੀ, ਗਲਤੀ ਜਾਂ ਬੇਵਕੂਫੀ ਹੋ ਜਾਂਦੀ ਹੈ, ਜਿਸ ਦਾ ਸੰਤਾਪ ਸਾਰੀ ਉਮਰ ਭੋਗਣਾ ਪੈ ਜਾਂਦਾ ਹੈ, ਅਰਥਾਤ ਉਸ ਗਲਤੀ ਦਾ ਸੰਤਾਪ ਸਾਨੂੰ ਤੇ ਸਾਡੇ ਮਾਪਿਆਂ ਨੂੰ ਤਮਾਮ ਉਮਰ ਤਕਲੀਫ਼ ਦਿੰਦਾ ਹੈ । ਇਕਬਾਲ ਸਿੰਘ ਮੰਘੇੜਾ, ਸੁਖਮੰਦਰ ਸਿੰਘ ਰਾਮਸਰ, ਤਰਸੇਮ ਨਰੂਲਾ ਅਤੇ ਜਸਕਰਨ ਸਿੰਘ ਭੱਟੀ ਨੇ ਦੱਸਿਆ ਕਿ ਸੁਸਾਇਟੀ ਦੇ ਸਕੱਤਰ ਮਾ ਸੋਮਇੰਦਰ ਸਿੰਘ ਸੁਨਾਮੀ ਵੱਲੋਂ ਪੁੱਛੇ ਗਏ ਸਵਾਲਾਂ ਦਾ ਸਹੀ ਜਵਾਬ ਦੇਣ ਵਾਲੀਆਂ 18 ਲੜਕੀਆਂ ਨੂੰ ਨਗਦ 100-100 ਰੁਪਏ ਪ੍ਰਤੀ ਵਿਦਿਆਰਥਣ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਉਪਰੋਕਤ ਤੋਂ ਇਲਾਵਾ ਗੁਰਚਰਨ ਸਿੰਘ ਮਾਨ, ਸੁਖਦਰਸ਼ਨ ਸਿੰਘ ਗਿੱਲ, ਅਵਤਾਰ ਸਿੰਘ, ਰਾਜਗੁਰੂ ਸ਼ਰਮਾ, ਲੈਕ. ਰਾਜਪਾਲ ਕੌਰ ਸਮੇਤ ਸਮੂਹ ਸਟਾਫ, ਵਿਦਿਆਰਥਣਾ ਤੇ ਉਨਾ ਦੇ ਮਾਪੇ ਵੀ ਹਾਜਰ ਸਨ।