ਜ਼ਿਲ੍ਹਾ ਪ੍ਰੀਸ਼ਦ ਲਈ 14 ਅਤੇ ਪੰਚਾਇਤ ਸੰਮਤੀ ਲਈ 139 ਉਮੀਦਵਾਰਾਂ ਨੇ ਕੀਤੇ ਨਾਮਜ਼ਦਗੀ ਪੱਤਰ ਦਾਖਲ,ਗੂਰੁਹਰਸਹਾਏ ਤੋ ਪੰਚਾਇਤ ਸੰਮਤੀ ਲਈ 15 ਉਮੀਦਵਾਰਾਂ ਵੱਲੋਂ ਕੀਤੇ ਗਏ ਨਾਮਜਦਗੀ ਪੱਤਰ ਦਾਖਿਲ

ਫ਼ਿਰੋਜ਼ਪੁਰ 6 ਸਤੰਬਰ ( ਸੰੰਦੀਪ ਕੰਬੋਜ ਜਈਆ) :ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰ: ਬਲਵਿੰਦਰ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ 19 ਸਤੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀ ਚੋਣਾਂ ਦੇ ਮੱਦੇਨਜ਼ਰ ਨਾਮਜ਼ਦਗੀ ਪੱਤਰ ਲੈਣ ਦੇ ਅੱਜ ਤੀਜੇ ਦਿਨ ਜ਼ਿਲ੍ਹਾ ਪ੍ਰੀਸ਼ਦ ਲਈ 14 ਉਮੀਦਵਾਰਾਂ ਅਤੇ ਪੰਚਾਇਤ ਸੰਮਤੀ ਲਈ 139 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ  ਦੱਸਿਆ ਕਿ ਪੰਚਾਇਤ ਸੰਮਤੀ ਲਈ ਬਲਾਕ ਫ਼ਿਰੋਜ਼ਪੁਰ ਤੋਂ 11, ਜ਼ੀਰਾ ਤੋਂ 20, ਮਖੂ ਤੋਂ 23, ਗੁਰੂਹਰਸਹਾਏ ਤੋਂ 15, ਮਮਦੋਟ ਤੋਂ 13 ਅਤੇ ਘਲਖੁਰਦ ਤੋਂ 57 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਚਾਹਵਾਨ ਉਮੀਦਵਾਰ 7 ਸਤੰਬਰ, 2018 ਤੱਕ ਆਪਣੇ ਨਾਮਜ਼ਦਗੀ ਪੱਤਰ ਭਰ ਸਕਣਗੇ। 10 ਸਤੰਬਰ ਨੂੰ ਕਾਗ਼ਜ਼ਾਂ ਦੀ ਪੜਤਾਲ ਅਤੇ 11 ਸਤੰਬਰ ਨੂੰ ਕਾਗ਼ਜ਼ਾਂ ਦੀ ਵਾਪਸੀ ਹੋਵੇਗੀ ਅਤੇ ਇਸੇ ਦਿਨ ਉਮੀਦਵਾਰਾਂ ਨੂੰ ਉਨ੍ਹਾਂ ਦੇ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਵੋਟਾਂ ਦੀ ਗਿਣਤੀ 22 ਸਤੰਬਰ ਨੂੰ ਹੋਵੇਗੀ।