ਪਿੰਡ ਦੇ ਦੋਵੇਂ ਛੱਪੜ ਭਰਨ ਕਰਕੇ ਗਲੀਆਂ ਵਿੱਚ ਖੜ੍ਹਾ ਗੰਦਾ ਪਾਣੀ,ਭਿਆਨਕ ਬੀਮਾਰੀਆਂ ਫੈਲਣ ਦਾ ਡਰ,ਸਿਹਤ ਵਿਭਾਗ ਤੇ ਪ੍ਰਸਾਸ਼ਨ ਬੇਖ਼ਬਰ,ਲੋਕਾਂ ਵਿੱਚ ਸਹਿਮ ਦਾ ਮਾਹੌਲ

ਸਮਾਲਸਰ,6 ਸਤੰਬਰ (ਜਸਵੰਤ ਗਿੱਲ)-ਕਸਬਾ ਸਮਾਲਸਰ ਦੇ ਮੱਲਕੇ ਲਿੰਕ ਰੋਡ ਅਤੇ ਗੁਰਦੁਆਰਾ ਸ਼ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਨਜ਼ਦੀਕੀ ਛੱਪੜ ਭਰਨ ਕਰਕੇ ਨਾਲੀਆਂ ਦਾ ਗੰਦਾ ਪਾਣੀ ਪਿੰਡ ਦੀਆਂ ਵੱਖ-ਵੱਖ ਗਲੀਆਂ ਵਿੱਚ ਖੜ੍ਹਾ ਰਹਿੰਦਾ ਹੈ।ਜਿਸ ਕਰਕੇ ਪਿੰਡ ਵਾਸੀਆ ਦਾ ਆਪਣੇ ਘਰਾਂ ਵਿੱਚੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ।ਪਿੰਡ ਦੇ ਦੋਵੇਂ ਛੱਪੜ ਭਰਨ ਕਰਕੇ ਗਲੀਆਂ ਵਿੱਚ ਖੜ੍ਹੇ ਗੰਦੇ ਪਾਣੀ ਕਾਰਨ ਭਿਆਨਕ ਬੀਮਾਰੀਆਂ ਫੈਲਣ ਦਾ ਖ਼ਤਰਾ ਵੱਧ ਗਿਆ ਹੈ।ਇਸ ਕਰਕੇ ਲੋਕਾਂ ਦੇ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਪਰ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਇਸ ਗੱਲ ਤੋਂ ਬੇਖ਼ਬਰ ਜਾਨਲੇਵਾ ਬੀਮਾਰੀਆਂ ਫੈਲਣ ਦੀ ਉਡੀਕ ਕਰ ਰਹੇ ਹਨ। ਇਸ ਸਬੰਧੀ ਪਿੰਡ ਵਾਸੀਆਂ ਨੇ ਗੱਲਬਾਤ ਕਰਦਿਆ ਕਿਹਾ ਕਿ ਪਿੰਡ ਦੇ ਵੱਡੇ ਛੱਪੜ ਵਿੱਚ ਤਾਂ ਪਾਈਪ ਲਾਇਨ ਪਾ ਕੇ ਗੰਦਾ ਪਾਣੀ ਸੇਮ ਨਾਲੇ ਵਿੱਚ ਪਾਇਆ ਜਾ ਰਿਹਾ ਹੈ ਪਰ ਮੱਲਕੇ ਰੋਡ ਅਤੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦੇ ਨਜ਼ਦੀਕੀ ਦੋਵੇਂ ਛੱਪੜ ਵਿੱਚ ਪਾਇਪ ਲਾਇਨ ਨਹੀਂ ਪਾਈ ਗਈ ਤੇ ਛੱਪੜ ਭਰਨ ਕਰਕੇ ਗੰਦਾ ਪਾਣੀ ਗਲੀਆਂ ਅਤੇ ਘਰਾਂ ਵਿੱਚ ਆ ਗਿਆ ਹੈ,ਜਿਸ ਕਰਕੇ ਲੋਕਾਂ ਲਈ ਖਾਣਾ-ਪੀਣਾਂ ਵੀ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਗਲੀਆਂ ਵਿੱਚ ਖੜ੍ਹੇ ਗੰਦੇ ਪਾਣੀ ਦੀ ਬਦਬੂ ਉਨ੍ਹਾਂ ਨੂੰ ਸਾਹ ਵੀ ਨਹੀਂ ਲੈਣ ਦਿੰਦੀ।ਉਨ੍ਹਾਂ ਕਿਹਾ ਕਿ ਗਲੀਆਂ ਵਿੱਚ ਖੜ੍ਹੇ ਗੰਦੇ ਪਾਣੀ ‘ਚੋਂ ਲੰਘ ਕੇ ਉਨ੍ਹਾਂ ਦੇ ਪੈਰ ਖਰਾਬ ਹੋ ਗਏ ਹਨ ਅਤੇ ਚਮੜੀ ਨੂੰ ਬੀਮਾਰੀ ਲੱਗ ਰਹੀ ਹੈ ਪਰ ਪ੍ਰਸ਼ਾਸਨ ਇਸ ਦਾ ਕੋਈ ਵੀ ਹੱਲ ਨਹੀਂ ਕਰ ਰਿਹਾ।ਹੁਣ ਲੋਕ ਆਪਣੇ ਘਰਾਂ ਤੱਕ ਪਹੁੰਚਣ ਲਈ ਗੰਦੇ ਪਾਣੀ ਵਿੱਚ ਮਿੱਟੀ ਦੇ ਬੰਨ੍ਹ ਮਾਰ ਕੇ ਰਸਤੇ ਬਣਾ ਰਹੇ ਹਨ।ਪਿੰਡ ਵਾਸੀਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਹਲਕਾ ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਉਨ੍ਹਾਂ ਨਾਲ ਪਾਇਪ ਲਾਇਨ ਪਾਉਣ ਦਾ ਵਾਅਦਾ ਕੀਤਾ ਸੀ ਜੋ ਅੱਜ ਤੱਕ ਪੂਰਾ ਨਹੀਂ ਹੋਇਆ। ਇਸ ਸਬੰਧੀ ਜਦ ਵਿਧਾਇਕ ਦਰਸ਼ਨ ਸਿੰਘ ਬਰਾੜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਪਿੰਡ ਦੇ ਦੋਵੇਂ ਛੱਪੜ ਦੇ ਗੰਦੇ ਪਾਣੀ ਦਾ ਹੱਲ ਕੀਤਾ ਜਾਵੇਗਾ।ਦੋਵੇਂ ਛੱਪੜਾਂ ਵਿੱਚ ਪਾਇਪ ਲਾਇਨ ਪਾ ਕੇ ਦੋਹਾਂ ਦਾ ਪਾਣੀ ਪਿੰਡ ਦੇ ਵੱਡੇ ਛੱਪੜ ਵਿੱਚ ਪਾਇਆ ਜਾਵੇਗਾ ਜਿਸ ਦਾ ਗੰਦਾ ਪਾਣੀ ਅੱਗੇ ਸੇਮ ਨਾਲੇ ਵਿੱਚ ਪੈ ਰਿਹਾ ਹੈ।