ਨੈਤਿਕਤਾ ਲਈ ਵਿੱਦਿਅਕ ਅਦਾਰੇ ਅਤੇ ਧਾਰਮਿਕ ਸਥਾਨਾਂ ਦੀ ਬਹੁਤਾਤ ਦੇ ਬਾਵਜੂਦ ਸਮਾਜਿਕ ਕੁਰੀਤੀਆਂ ਕਿਉਂ ? : ਓਮਕਾਰ ਗੋਇਲ
ਕੋਟਕਪੂਰਾ, 6 ਸਤੰਬਰ (ਟਿੰਕੂ) :- ਅੱਜ ਨੈਤਿਕਤਾ ਦਾ ਪਾਠ ਪੜਾਉਣ ਲਈ ਗੁਰਦਵਾਰੇ-ਮੰਦਰ ਤੇ ਹੋਰ ਧਾਰਮਿਕ ਸਥਾਨ, ਸਕੂਲ-ਕਾਲਜ ਤੇ ਹੋਰ ਵਿਦਿਅਕ ਅਦਾਰਿਆਂ ਦੀ ਭਰਮਾਰ ਹੈ ਪਰ ਇਸ ਦੇ ਬਾਵਜੂਦ ਸਮਾਜਿਕ ਕੁਰੀਤੀਆਂ ਦੀ ਬਹੁਤਾਤ ਕਿਉਂ ਹੈ? ਉਕਤ ਸ਼ਬਦਾਂ ਦਾ ਪ੍ਰਗਟਾਵਾ ਨੇੜਲੇ ਪਿੰਡ ਸਿਵੀਆਂ ਦੇ ਸਰਕਾਰੀ ਹਾਈ ਸਕੂਲ ਵਿਖੇ ਹੋਣਹਾਰ ਬੱਚਿਆਂ ਦੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਉੱਘੇ ਸਮਾਜਸੇਵੀ ਤੇ ਆਲ ਇੰਡੀਆ ਰਿਟੇਲ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਓਮਕਾਰ ਗੋਇਲ ਨੇ ਕਰਦਿਆਂ ਆਖਿਆ ਕਿ ਮਾਪਿਆਂ ਦੀ ਅਸਲ ਕਮਾਈ ਉਨਾ ਦੀ ਔਲਾਦ ਦਾ ਕਿਰਦਾਰ ਅਤੇ ਤਰੱਕੀ ਹੈ, ਕਿਉਂਕਿ ਮਾਪੇ ਕਰੋੜਾਂ-ਅਰਬਾਂ ਰੁਪਿਆ ਕਮਾ ਦੇਣ ਤਾਂ ਮਾੜੀ ਔਲਾਦ ਮਿੱਟੀ ਕਰ ਦਿੰਦੀ ਹੈ ਤੇ ਜੇਕਰ ਮਾਪੇ ਗੁਰਬਤ ਨਾਲ ਘੁਲਦੇ ਰਹਿਣ ਤਾਂ ਚੰਗੀ ਔਲਾਦ ਮਾਪਿਆਂ ਨੂੰ ਕਰੋੜਾਂ-ਅਰਬਾਂ ਰੁਪਏ ਦੀ ਮਾਲਕ ਬਣਾ ਸਕਦੀ ਹੈ। ਰਾਮ ਮੁਹੰਮਦ ਸਿੰਘ ਅਜਾਦ ਵੈਲਫੇਅਰ ਸੁਸਾਇਟੀ ਦੇ ਸੰਸਥਾਪਕ ਕੁਲਵੰਤ ਸਿੰਘ ਚਾਨੀ, ਗੁਰਿੰਦਰ ਸਿੰਘ ਮਹਿੰਦੀਰੱਤਾ, ਰਵਿੰਦਰ ਸਿੰਘ ਸੰਧੂ ਮੁੱਖ ਅਧਿਆਪਕ, ਮਾ ਅਰੁਣਦੀਪ ਸਿੰਘ ਨੇ ਵੀ ਬੱਚਿਆਂ ਨੂੰ ਅਨੁਸ਼ਾਸ਼ਨ ਦਾ ਪਾਲਣ, ਸਮੇਂ ਦੀ ਕਦਰ, ਉਸਾਰੂ ਨਜ਼ਰੀਆ ਅਤੇ ਹਾਂਪੱਖੀ ਸੋਚ ਰੱਖਣ ਲਈ ਪੇ੍ਰਰਿਤ ਕਰਦਿਆਂ ਆਖਿਆ ਕਿ ਤੁਹਾਡੀ ਕੋਈ ਵੀ ਪ੍ਰਾਪਤੀ ਮਾਪਿਆਂ ਦਾ ਸਮਾਜ ’ਚ ਮਾਣ ਸਨਮਾਨ ਵਧਾਉਣ ਦੇ ਨਾਲ-ਨਾਲ ਉਨਾ ਦੀਆਂ ਹਰ ਤਰਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦੂਰ ਕਰ ਦਿੰਦੀ ਹੈ ਤੇ ਬੱਚਿਆਂ ਵੱਲੋਂ ਕੀਤੀ ਕੋਈ ਵੀ ਮਾਮੂਲੀ ਗਲਤੀ ਕਈ ਵਾਰ ਮਾਪਿਆਂ ਲਈ ਹਮੇਸ਼ਾਂ ਵਾਸਤੇ ਸੰਤਾਪ ਬਣ ਜਾਂਦੀ ਹੈ। ਸੁਸਾਇਟੀ ਦੇ ਆਗੂਆਂ ਮਾ. ਹਾਕਮ ਸਿੰਘ, ਇਕਬਾਲ ਸਿੰਘ ਮੰਘੇੜਾ, ਤਰਸੇਮ ਨਰੂਲਾ ਅਤੇ ਸੁਖਮੰਦਰ ਸਿੰਘ ਰਾਮਸਰ ਦੀ ਅਗਵਾਈ ਹੇਠ ਹੋਣਹਾਰ ਬੱਚਿਆਂ ਦਾ ਸਨਮਾਨ ਕੀਤਾ ਗਿਆ। ਅੰਤ ’ਚ ਮਾ. ਸੋਮਨਾਥ ਅਰੋੜਾ ਵੱਲੋਂ ਬੱਚਿਆਂ ਦੀ ਜਨਰਲ ਨਾਲੇਜ ’ਚ ਵਾਧਾ ਕਰਨ ਲਈ ਪੁੱਛੇ ਗਏ ਸਵਾਲਾਂ ਦਾ ਸਹੀ ਜਵਾਬ ਦੇਣ ਵਾਲਿਆਂ ਨੂੰ ਪ੍ਰਤੀ ਬੱਚਾ 100-100 ਰੁਪਏ ਨਗਦ ਦੇ ਕੇ ਸਨਮਾਨਿਤ ਕੀਤਾ ਗਿਆ। ਉਕਤ ਇਨਾਮ 10 ਬੱਚਿਆਂ ਨੇ ਪ੍ਰਾਪਤ ਕੀਤਾ। ਅੰਤ ’ਚ ਸਕੁੂਲ ਮੁਖੀ ਸਮੇਤ ਸਮੁੱਚੇ ਸਟਾਫ ਅਤੇ ਮੁੱਖ ਮਹਿਮਾਨ ਦਾ ਵੀ ਵਿਸ਼ੇਸ਼ ਸਨਮਾਨ ਹੋਇਆ। ਇਸ ਮੋਕੇ ਉਪਰੋਕਤ ਤੋਂ ਇਲਾਵਾ ਰਾਜੇਸ਼ ਗੋਇਲ, ਹਰਜੀਤ ਸਿੰਘ ਜੈਲਦਾਰ, ਸੇਵਾਮੁਕਤ ਮੁੱਖ ਅਧਿਆਪਕ ਸਾਧੂ ਸਿੰਘ, ਗੁਰਵਿੰਦਰ ਸਿੰਘ, ਹਰਭਜਨ ਸਿੰਘ, ਓਮ ਪ੍ਰਕਾਸ਼ ਗੁਪਤਾ, ਨਛੱਤਰ ਸਿੰਘ ਆਦਿ ਵੀ ਹਾਜਰ ਸਨ।