ਗਰਭਵਤੀ ਔਰਤਾਂ ਨੂੰ ਪੌਸ਼ਟਿਕ ਭੋਜਨ ਲੈਣਾ ਚਾਹੀਦਾ ਹੈ-ਸਿਵਲ ਸਰਜਨ,ਸਿਵਲ ਹਸਪਤਾਲ ਵਿਖੇ ਕਰਵਾਇਆ ਗਿਆ ਜਾਗਰੂਕਤਾ ਸਮਾਗਮ

ਫ਼ਿਰੋਜ਼ਪੁਰ 5 ਸਿਤੰਬਰ (ਸੰਦੀਪ ਕੰਬੋਜ ਜਈਆ ) : ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਮਨਾਏ ਜਾ ਰਹੇ ਪੋਸ਼ਣ ਮਹੀਨੇ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਆਪਣੇ ਸੰਬੋਧਨ ਵਿੱਚ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਕਿਹਾ ਕਿ ਸਤੰਬਰ ਦਾ ਮਹੀਨਾ ਪੋਸ਼ਣ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ। ਇਸ ਤਹਿਤ ਸ਼ਹਿਰਾਂ ਅਤੇ ਸਾਰੇ ਪਿੰਡਾਂ ਵਿੱਚ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਸਮਾਗਮ ਕਰਕੇ ਲੋਕਾਂ ਨੂੰ ਸੰਤੁਲਿਤ ਆਹਾਰ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤ ਨੂੰ ਪੌਸ਼ਟਿਕ ਅਤੇ ਸੰਤੁਲਿਤ ਭੋਜਨ ਲੈਣਾ ਚਾਹੀਦਾ ਹੈ ਤਾਂ ਕਿ ਤੰਦਰੁਸਤ ਰਹਿਣ ਦੇ ਨਾਲ-ਨਾਲ ਪੇਟ ਵਿੱਚ ਪਲ ਰਹੇ ਬੱਚੇ ਨੂੰ ਵੀ ਭਰਪੂਰ ਖ਼ੁਰਾਕ ਮਿਲ ਸਕੇ। ਉਨ੍ਹਾਂ ਕਿਹਾ ਕਿ ਬੱਚੇ ਦੇ ਜਨਮ ਸਮੇਂ ਉਸ ਨੂੰ ਮਾਂ ਦਾ ਪਹਿਲਾ ਗਾੜ੍ਹਾ ਦੁੱਧ ਜ਼ਰੂਰ ਪਿਆਉਣਾ ਚਾਹੀਦਾ ਹੈ ਜਿਸ ਨਾਲ ਉਸ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪੈਦਾ ਹੋ ਸਕੇ। ਉਨ੍ਹਾਂ ਇਸ ਮੌਕੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੱਚੇ ਨੂੰ ਪਹਿਲੇ ਛੇ ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ ਅਤੇ ਛੇ ਮਹੀਨੇ ਬਾਅਦ ਉਸ ਨੂੰ ਹੋਰ ਖ਼ੁਰਾਕ ਦੇਣੀ ਵੀ ਸ਼ੁਰੂ ਕਰ ਦੇਣੀ ਚਾਹੀਦੀ ਹੈ । ਇਸ ਮੌਕੇ ਡਾ: ਪੂਜਾ ਨੇ ਗਰਭਵਤੀ ਔਰਤਾਂ ਨੂੰ ਗਰਭ ਦੌਰਾਨ ਖਾਣ ਵਾਲੀ ਖ਼ੁਰਾਕ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਡਾ:ਬਲਦੇਵ ਰਾਜ ਅਰੋੜਾ ਨੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਡਾ: ਪ੍ਰਦੀਪ ਅਗਰਵਾਲ ਸੀਨੀਅਰ ਮੈਡੀਕਲ ਅਫ਼ਸਰ , ਡਾ: ਰਿਚਾ ਗਾਇਨੀਕਾਲੋਜਸਿਟ, ਸੁਖਮੰਦਰ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਸੁਰਿੰਦਰ ਸਿੰਗਲਾ ਏ.ਯੂ.ਓ,  ਰਵੀ ਚੋਪੜਾ, ਅਮਨਪ੍ਰੀਤ ਕੌਰ , ਬਲਵਿੰਦਰ ਕੌਰ ਤੋਂ ਇਲਾਵਾ ਭਾਰੀ ਸੰਖਿਆ ਵਿੱਚ ਮਹਿਲਾਵਾਂ ਵੀ ਮੌਜੂਦ ਸਨ।