22 ਕਿੱਲਿਆਂ ਦੀ ਮਾਲਕ ਬੀਬੀ ਲੈ ਰਹੀ ਸੀ ਬੁਢਾਪਾ ਪੈਨਸ਼ਨ,420 ਦਾ ਮਾਮਲਾ ਦਰਜ,ਭੁੱਖਾ ਤਾਂ ਰੱਜ ਸਕਦਾ ਭੁੱਖੜ ਨਹੀਂ

ਫ਼ਿਰੋਜ਼ਪੁਰ 3 ਸਿਤੰਬਰ ( ਸੰਦੀਪ ਕੰਬੋਜ ਜਈਆ)  : ਇਹ ਕੋਈ ਨਵੀ ਗੱਲ ਨਹੀ ਕਿ ਸੂੂਬੇ ਵਿਚ ਸਰਕਾਰ ਦੁਆਰਾ ਚਲਾਈਆਂ ਜਾਂਦੀਆਂ ਕਈ ਸਕੀਮਾਂ ਦਾ ਅਸਲ ਲਾਭਪਾਤਰੀਆਂ ਨੂੰ ਲਾਭ ਨਹੀਂ ਮਿਲਦਾ, ਜਦੋਂਕਿ ਸਿਆਸੀ ਨੇਤਾਵਾਂ ਨਾਲ ਰਾਬਤਾ ਰੱੱਖਣ ਵਾਲੇ ਲੋਕ ਸਰਕਾਰ ਦੀਆਂ ਉਕਤ ਸਕੀਮਾਂ ਦਾ ਲਾਭ ਲੈ ਲੈਂਦੇ ਹਨ।ਅਜਿਹਾ ਇਕ ਤਾਜ਼ਾ ਮਾਮਲਾ ਜਿਲਾ ਫ਼ਿਰੋਜ਼ਪੁਰ ਦੇ ਪਿੰਡ ਚੱਕ ਮੈਬੋਨ ਹਰਦੋ ਢੰਡੀ (ਲਾਲਚੀਆਂ) ਦਾ ਸਾਹਮਣੇ ਆਇਆ ਹੈ, ਜਿਥੋਂ ਦੀ ਇਕ ਬੀਬੀ ਜੋ 20-22 ਕਿੱਲੇ ਜ਼ਮੀਨ ਦੀ ਮਾਲਕ ਹੈ ਉਹ ਸਰਕਾਰ ਨੂੰ ਗ਼ਲਤ ਸੂਚਨਾ ਦੇ ਕੇ ਸਰਕਾਰ ਤੋਂ ਬੁਢਾਪਾ ਪੈਨਸ਼ਨ ਵਸੂਲ ਰਹੀ ਸੀ। ਜਿਸ ਦੇ ਵਿਰੁੱਧ ਮਿਲੀ ਦਰਖਾਸਤ ਤੋਂ ਬਾਅਦ ਪੁਲਿਸ ਵਲੋਂ ਕੀਤੀ ਗਈ ਜਾਂਚ ਤੋਂ ਮਗਰੋਂ ਉਕਤ ਔਰਤ ਦੇ ਵਿਰੁੱਧ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਹੈ।ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਹਰਦੀਪ ਸਿੰਘ ਪੁੱਤਰ ਬਾਜ ਸਿੰਘ ਵਾਸੀ ਪਿੰਡ ਚੱਕ ਮੈਬੋਨ ਹਰਦੋ ਢੰਡੀ (ਲਾਲਚੀਆਂ) ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਿੰਡ ਦੀ ਰਹਿਣ ਵਾਲੀ ਇਕ ਗੁਰਦੇਵ ਕੌਰ ਨਾਂਅ ਦੀ ਔਰਤ ਜਿਸ ਕੋਲ ਕਰੀਬ 20-22 ਕਿੱਲੇ ਜ਼ਮੀਨ ਹੈ ਅਤੇ ਗਲਤ ਸੂਚਨਾ ਸਰਕਾਰ ਨੂੰ ਦੇ ਕੇ ਬੁਢਾਪਾ ਪੈਨਸ਼ਨ ਲੈ ਰਹੀ ਹੈ, ਜਦੋਂ ਕਿ ਇੰਨੀ ਜ਼ਮੀਨ ਦੀ ਮਾਲਕਣ ਪੈਨਸ਼ਨ ਦੇ ਯੋਗ ਨਹੀਂ ਹੈ।ਹਰਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਉਸ ਵਲੋਂ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿਤੀ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਹਰਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਗੁਰਦੇਵ ਕੌਰ ਪਤਨੀ ਗੁਰਚਰਨ ਸਿੰਘ ਵਾਸੀ ਪਿੰਡ ਚੱਕ ਮੈਬੋਨ ਹਰਦੋ ਢੰਡੀ (ਲਾਲਚੀਆਂ) ਦੇ ਵਿਰੁੱਧ 420 ਆਈਪੀਸੀ ਤਹਿਤ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।