ਐੱਸ.ਐੱਸ.ਏ./ਰਮਸਾ ਅਧਿਆਪਕਾਂ ਦੀ ਜਿਲ੍ਹਾ ਪੱਧਰੀ ਮੀਟਿੰਗ ਸੁਖਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ
ਮੋਗਾ ,3 ਸਤੰਬਰ (ਜਸ਼ਨ):ਸਿੱਖਿਆ ਵਿਭਾਗ ਵਿੱਚ ਰੈਗੂਲਰਾਈਜੇਸ਼ਨ ਨੂੰ ਲੈ ਕੇ ਐੱਸ.ਐੱਸ.ਏ./ਰਮਸਾ ਅਧਿਆਪਕਾਂ ਦੀ ਜਿਲ੍ਹਾ ਪੱਧਰੀ ਮੀਟਿੰਗ ਸੁਖਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿੱਚ ਹੋਈ। ਇਸ ਮੌਕੇ ਬੋਲਦਿਆਂ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਹੋਈ ਇੱਕ ਮੀਟਿੰਗ ਦੌਰਾਨ ਮਾਨਯੋਗ ਸਿੱਖਿਆ ਮੰਤਰੀ ਓ.ਪੀ. ਸੋਨੀ ਵਲੋਂ ਅਧਿਆਪਕਾਂ ਨੂੰ ਦੱਸਿਆ ਗਿਆ ਕਿ ਪੰਜਾਬ ਸਰਕਾਰ ਉਹਨਾਂ ਨੂੰ ਜਲਦ ਸਿੱਖਿਆ ਵਿਭਾਗ ਵਿੱਚ ਮਰਜ਼ ਕਰਨ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਉਹਨਾਂ ਨੂੰ ਠੇਕਾ ਭਰਤੀ ਤੋਂ ਨਿਜਾਤ ਦਵਾ ਕੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਦੀ ਹੈ ਤਾਂ ਅਸੀਂ ਪੰਜਾਬ ਸਰਕਾਰ ਦੇ ਇਸ ਕਦਮ ਦਾ ਸਵਾਗਤ ਕਰਦੇ ਹਾਂ ਪਰ ਜਿਸ ਪਾਲਿਸੀ ਅਧੀਨ ਇਹ ਰੈਗੂਲਰਾਈਜੇਸ਼ਨ ਕੀਤੀ ਜਾ ਰਹੀ ਹੈ ਉੁਹ ਚਿੰਤਾ ਦਾ ਵਿਸ਼ਾ ਹੈ।ਇਸ ਮੌਕੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਗੂਆਂ ਵਲੋਂ ਕਿਹਾ ਗਿਆ ਕਿ ਜਿਸ ਮੌਜੂਦਾ ਤਨਖਾਹ ਤੇ ਉਹ ਕੰਮ ਕਰਦੇ ਹਨ ਉਸੇ ਅਨੁਸਾਰ ਉਹਨਾਂ ਦੀ ਜੀਵਨ ਸ਼ੈਲੀ ਢਲ ਚੁੱਕੀ ਹੈ ਤੇ ਤਨਖਾਹ ਘਟਣ ਨਾਲ ਉਹਨਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।ਜਿਸ ‘ਤੇ ਸਿੱਖਿਆ ਮੰਤਰੀ ਵਲੋਂ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਗਿਆ ਕਿ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਸਗੋਂ ਮੈਂ ਤਾਂ ਕੈਬਨਿਟ ਦੀ ਮੀਟਿੰਗ ਵਿੱਚ ਤੁਹਾਡੀ ਤਨਖਾਹ ਵਧਾਉਣ ਦੀ ਮੰਗ ਪੂਰੇ ਜੋਰ ਨਾਲ ਉਠਾਈ ਸੀ। ਪਰ ਪੰਜਾਬ ਵਿੱਚ ਕਿਸੇ ਵੀ ਕਰਮਚਾਰੀ ਨੂੰ ਰੈਗੂਲਰ ਕਰਨ ਦੇ ਮੌਜੂਦਾ ਕਾਨੂੰਨ ਦੇ ਚਲਦਿਆਂ ਇਹ ਕਿਸੇ ਵੀ ਹਾਲਤ ਵਿੱਚ ਸੰਭਵ ਨਹੀਂ ਹੈ। ਜੇਕਰ ਕਿਸੇ ਨੇ ਵੀ ਰੈਗੂਲਰ ਹੋਣਾ ਹੈ ਤਾਂ ਇਸੇ ਕਾਨੂੰਨ ਵਿਚੋਂ ਲੰਘ ਕੇ ਰੈਗੂਲਰ ਹੋਣਾ ਪਵੇਗਾ। ਪਿਛਲੇ ਦਿਨੀ ਮੀਟਿੰਗ ਦੌਰਾਨ ਆਗੂ ਗੁਰਪ੍ਰੀਤ ਰੂਪਰਾ ਵਲੋਂ ਮੀਟਿੰਗ ਦੌਰਾਨ ਇਹ ਵੀ ਦਲੀਲ ਦਿੱਤੀ ਗਈ ਕਿ ਪਿਛਲੇ 8-9 ਸਾਲਾਂ ਤੋਂ ਸਰਕਾਰ ਉਹਨਾਂ ਦੀ ਵਿੱਦਿਅਕ ਕੰਮਾਂ ਦੇ ਨਾਲ-ਨਾਲ ਗੈਰ-ਵਿੱਦਿਅਕ ਕੰਮਾਂ ਵਿੱਚ ਵੀ ਪਰਖ ਕਰ ਚੁੱਕੀ ਹੈ। ਐੱਸ.ਐੱਸ.ਏ./ਰਮਸਾ ਅਧਿਆਪਕਾਂ ਦੇ ਨਤੀਜੇ ਹਰ ਖੇਤਰ ਵਿੱਚ ਮੋਹਰੀ ਰੋਲ ਅਦਾ ਕਰਦੇ ਰਹੇ ਨੇ ਤੇ ਇਹਨਾਂ ਅਧਿਆਪਕਾਂ ਨੇ ਘਰਾਂ ਤੋਂ ਦੂਰ ਜਾ ਕੇ ਵੀ ਪੰਜਾਬ ਵਿੱਚ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਪੱਧਰ ਉੱਚਾ ਚੁੱਕਿਆ ਹੈ।ਇਹਨਾਂ ਦੀ 3 ਸਾਲ ਦੁਬਾਰਾ ਪਰਖ ਕਰਨ ਦੀ ਕੋਈ ਲੋੜ ਨਹੀਂ ਹੈ। ਉਹਨਾਂ ਇਹ ਵੀ ਦਲੀਲ ਦਿੱਤੀ ਕਿ ਪੁਰਾਣੀ ਭਰਤੀ ਹੋਣ ਕਾਰਨ ਮਹਿਕਮਾਂ ਇਹਨਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਜਾ ਰਿਹਾ ਹੈ। ਜੇਕਰ ਪੰਜਾਬ ਸਰਕਾਰ ਕਾਨੂੰਨ ਅਨੁਸਾਰ ਵੀ ਦੇਖੇ ਤਾਂ ਇਹਨਾਂ ਅਧਿਆਪਕਾਂ ਦੀ ਭਰਤੀ ਦੀ ਪ੍ਰੀਕ੍ਰਿਆ 15-01-15 ਦੇ ਕਾਨੂੰਨ ਤੋਂ ਪਹਿਲਾਂ ਦੀ ਹੈ ਸੋ ਕਾਨੂੰਨ ਅਨੁਸਾਰ ਵੀ ਇਹਨਾਂ ਉੱਪਰ 3 ਸਾਲ ਦਾ ਪਰਖ ਕਾਲ ਲਾਉਣਾ ਗਲਤ ਹੋਵੇਗਾ।ਸਿੱਖਿਆ ਮੰੰਤਰੀ ਵਲੋਂ ਇਸ ਮੰਗ ਤੇ ਹਾਂ ਪੱਖੀ ਹੁੰਗਾਰਾ ਭਰਦਿਆਂ ਭਰੋਸਾ ਦਿੱਤਾ ਕਿ ਪੂਰੀ ਕੋਸ਼ਿਸ਼ ਕਰਨਗੇ ਕਿ ਇਹਨਾਂ ਅਧਿਆਪਕਾਂ ਦਾ ਪਰਖਕਾਲ ਦਾ ਸਮਾਂ ਘੱਟ ਸਾਲ ਕੀਤਾ ਜਾਵੇ।ਇਸ ਮੌਕੇ ਅਸ਼ਵਨੀ ਬੁੱਟਰ,ਅਸ਼ਵਨੀ ਸਲੀਣਾ,ਪੁਨੀਤ ਕੁਮਾਰ,ਰਮਨਦੀਪ ਕਪਿਲ,ਸ਼ਵਿੰਦਰ ਸਿੰਘ,ਲਖਵੀਰ ਸ਼ਰਮਾ ਆਦਿ ਅਧਿਆਪਕ ਆਗੂਆਂ ਨੇ ਮੰਗ ਕੀਤੀ ਪੰਜਾਬ ਸਰਕਾਰ ਅਧਿਆਪਕਾਂ ਨੂੰ ਜਲਦ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ ਤੇ ਅਧਿਆਪਕਾਂ ‘ਤੇ ਪਿਛਲੀ ਸਰਕਾਰ ਵਲੋਂ ਪਾਏ ਝੂਠੇ ਪਰਚੇ ਜਲਦ ਰੱਦ ਕੀਤੇ ਜਾਣ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ