ਜਿਲਾ ਪਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸਬੰਧੀ ਪੀ.ਪੀ.ਸੀ.ਸੀ. ਦੇ ਆੱਬਜ਼ਰਵਰਾਂ ਨੇ ਕੀਤੀ ਮੀਟਿੰਗ

ਮੋਗਾ, 03 ਸਤੰਬਰ (ਜਸ਼ਨ): ਜਿਲਾ ਪਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਨਿਯੁਕਤ ਕੀਤੇ ਅਬਜ਼ਰਵਰ ਮੇਜਰ ਸਿੰਘ ਮੁੱਲਾਂਪੁਰ ਅਤੇ ਉਨਾਂ ਦੇ ਨਾਲ ਤੇਲੂ ਰਾਮ ਬਾਂਸਲ ਪ੍ਰਧਾਨ ਨਗਰ ਕੌਂਸਲ ਮੁੱਲਾਂਪੁਰ ਮੋਗਾ ਵਿਖੇ ਪਹੁੰਚੇ ਅਤੇ ਉਨਾਂ ਨੇ ਜਿਲਾ ਪਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਸਬੰਧੀ ਜਿਲਾ ਪ੍ਰਧਾਨ ਕਾਂਗਰਸ ਕਰਨਲ ਬਾਬੂ ਸਿੰਘ, ਐਮ.ਐਲ.ਏ. ਮੋਗਾ ਡਾ. ਹਰਜੋਤ ਕਮਲ, ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ, ਰਵਿੰਦਰ ਸਿੰਘ ਰਵੀ ਗਰੇਵਾਲ ਅਤੇ ਰਾਮਪਾਲ ਧਵਨ ਅਤੇ ਸਮੁੱਚੀ ਕਾਂਗਰਸ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਦਿੱਤੀਆਂ ਹਦਾਇਤਾਂ ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਤੇ ਮੇਜਰ ਸਿੰਘ ਨੇ ਕਿਹਾ ਕਿ ਮੋਗਾ ਵਿੱਚ ਸ਼ਾਂਤਮਈ ਢੰਗ ਨਾਲ ਚੋਣ ਕਰਵਾਈ ਜਾਵੇਗੀ ਅਤੇ ਪਾਰਟੀ ਵਲੋਂ ਪੜੇ ਲਿਖੇ, ਨੌਜਵਾਨ ਅਤੇ ਟਕਸਾਲੀ ਕਾਂਗਰਸੀਆਂ ਨੂੰ ਟਿਕਟ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਜਿਸ ਜੋਨ ਵਿੱਚ ਇੱਕ ਤੋਂ ਜਿਆਦਾ ਬਰਾਬਰ ਯੋਗਤਾ ਵਾਲੇ ਉਮੀਦਵਾਰ ਹੋਣਗੇ ਉਨਾਂ ਵਿੱਚੋਂ ਜਿਸ ਵੀ ਉਮੀਦਵਾਰ ਨੂੰ ਟਿਕਟ ਨਹੀਂ ਮਿਲੇਗੀ ਉਸਨੂੰ ਪਾਰਟੀ ਵਲੋਂ ਬਣਦਾ ਮਾਨ ਸਨਮਾਨ ਦਵਾਇਆ ਜਾਵੇਗਾ।

ਜਿਲਾ ਪਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਆੱਬਜ਼ਰਵਰ ਦੀ ਦੇਖ ਰੇਖ ਹੇਠ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਜਿਲਾ ਪਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਜੇਕਰ ਕੋਈ ਉਮੀਦਵਾਰ ਆਪਣੀਆਂ ਅਰਜ਼ੀਆਂ ਦੇਣ ਤੋਂ ਰਹਿ ਗਿਆ ਹੈ ਤਾਂ ਉਹ ਆਪਣੀਆਂ ਅਰਜ਼ੀਆਂ 4 ਸਤੰਬਰ ਤੱਕ ਐਮ.ਐਲ.ਏ. ਡਾ. ਹਰਜੋਤ ਕਮਲ ਦੇ ਦਫ਼ਤਰ ਵਿੱਚ ਦੇ ਸਕਦੇ ਹਨ।