‘ਨੌਜਵਾਨ ਉਦਮੀ ਕਿਸਾਨ ਵਟਸਐਪ’ ਸਮੂਹ ਦੇ ਚਾਰ ਸਾਲ ਪੂਰੇ ਹੋਣ ਤੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ

ਬਟਾਲਾ,1 ਸਤੰਬਰ (ਬਿਸ਼ੰਬਰ ਬਿੱਟੂ): ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸੋਸ਼ਲ ਮੀਡੀਆ ਵਟਸਐਪ ਰਾਹੀਂ ਕਿਸਾਨੀ ਨੂੰ ਨਵੀਂਆਂ ਤਕਨੀਕਾਂ ਸਬੰਧੀ ਜਾਣਕਾਰੀ ਦੇਣ ਅਤੇ ਨੌਜਵਾਨਾਂ ਅੰਦਰ ਖੇਤੀਬਾੜੀ ਦੇ ਕਿੱਤੇ ਪ੍ਰਤੀ ਰੁਚੀ ਪੈਦਾ ਕਰਨ ਲਈ ਪੰਜਾਬ ਭਰ ਤੋਂ ਨੌਜਵਾਨ ਕਿਸਾਨਾਂ ਦਾ ‘ਨੌਜਵਾਨ ਉਦਮੀ ਕਿਸਾਨ ਵਟਸਐਪ’ ਸਮੂਹ ਦੇ ਚਾਰ ਸਾਲ ਪੂਰੇ ਹੋਣ ਤੇ ਸਮੂਹ ਨੌਜਵਾਨ ਕਿਸਾਨ ਮੈਂਬਰਾਂ ਵਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਤਕਨੀਕੀ ਸਹਿਯੋਗ ਨਾਲ ਸਥਾਨਕ ਸ਼ਿਵ ਕੁਮਾਰ ਬਟਾਲਵੀ ਸਭਿਆਚਾਰਕ ਕੇਂਦਰ ਵਿੱਚ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਰਾਜ ਪੱਧਰੀ ਸਮਾਗਮ ਦੌਰਾਨ ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ ਅਤੇ ਪੀ.ਏ.ਯੂ. ਦੇ ਖੇਤੀ ਮਾਹਿਰ ਵਲੋਂ ਖੇਤੀ ਜਿਨਸਾਂ ਦਾ ਮੰਡੀਕਰਨ, ਸਬਜ਼ੀਆ ਦੀ ਕਾਸ਼ਤ, ਕਿਸਾਨ ਉਤਪਾਦਕ ਸੰਗਠਨਾਂ ਦੀ ਮਹੱਤਤਾ, ਜੈਵਿਕ ਖੇਤੀ, ਐਗਰੋ ਪ੍ਰੋਸੈਸਿੰਗ ਵਿਸ਼ਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇੇ। ਬਟਾਲਾ ਚ ਕਰਵਾਏ ਗਏ ਸਮਾਗਮ ਚ ਕਾਹਨ ਸਿੰਘ ਪੰਨੂੰ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਾਹਨ ਸਿੰਘ ਪੰਨੂ ਨੇ ਆਖਿਆ ਕਿ ਕਿਸਾਨ ਭਲਾਈ ਵਿਭਾਗ ਵੱਲੋਂ 14 ਅਗਸਤ 2014 ਨੂੰ ਬਣਾਏ ਗਏ ਸੋਸ਼ਲ ਮੀਡੀਆ ਵਟਸਐਪ ਰਾਹੀਂ ਕਿਸਾਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਅਤੇ ਇਸ ਗਰੁੱਪ ਰਹੀ ਪੰਜਾਬ ਅਤੇ ਕੇਂਦਰ ਸਰਕਾਰ ਦੀਆ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਅਤੇ ਉਸ ਜਾਣਕਾਰੀ ਰਾਹੀਂ ਪਿਛਲੇ ਸਮੇਂ ‘ਚ ਕਿਸਾਨਾਂ ਨੇ ਬਹੁਤ ਲਾਭ ਲਿਆ ਹੈ। ਸਮਾਗਮ ਚ ਸ਼ਾਮਿਲ ਕਿਸਾਨਾਂ ਨੇ ਆਖਿਆ ਕਿ ਸਮੁੱਚੇ ਦੇਸ਼ ਵਿੱਚ ਸਭ ਤੋਂ ਪਹਿਲਾਂ ਬਣੇ ਇਸ ਸਮੂਹ ਕਾਰਨ ਨੌਜਵਾਨ ਕਿਸਾਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਜਿਸ ਕਾਰਨ ਅੱਜ ਬਹੁਤ ਸਾਰੇ ਨੌਜਵਾਨ ਕਿਸਾਨਾਂ ਨੇ ਖੇਤੀਬਾੜੀ ਦੇ ਨਾਲ ਸਹਾਇਕ ਕਿੱਤੇ ਅਪਣਾ ਕੇ ਕਈ ਸਫਲਤਾਵਾਂ ਹਾਸਲ ਕੀਤੀਆਂ ਹਨ। ਉਹਨਾਂ ਆਖਿਆ ਕਿ ਅੱਜ ਦਾ ਸਮਾਗਮ ਕਿਸਾਨਾਂ ਵਲੋਂ ਅਤੇ ਕਿਸਾਨਾਂ ਲਈ ਹੈ ਅਤੇ ਇਸਦਾ ਉਹਨਾਂ ਨੂੰ ਬਹੁਤ ਲਾਭ ਹੋਇਆ ਹੈ।