ਐਵਰੈਸਟ ਦੀ ਚੋਟੀ ਸਰ ਕਰਨ ਵਾਲੇ ਹੌਂਸਲਾ ਨਾ ਹਾਰਨ ਦਾ ਜਿਗਰਾ ਕਰਕੇ ਹੀ ਸਫਲਤਾ ਹਾਸਲ ਕਰਦੇ ਨੇ : ਰਜਿੰਦਰ ਸਿੰਘ ਸਰਾਂ

ਕੋਟਕਪੂਰਾ, 31 ਅਗਸਤ (ਟਿੰਕੂ) :- ਐਵਰੈਸਟ ਦੀ ਚੋਟੀ ਸਰ ਕਰਨ ਵਾਲੇ ਵਿਅਕਤੀਆਂ ਨੂੰ ਰਸਤੇ ’ਚ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਬਾਰੇ ਜ਼ਿਕਰ ਕੀਤਾ ਜਾਵੇ ਤਾਂ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਉਹ ਲੋਕ ਹੌਂਸਲਾ ਨਾ ਹਾਰਨ ਦਾ ਜਿਗਰਾ ਕਰਕੇ ਹੀ ਸਫਲਤਾ ਹਾਸਲ ਕਰਦੇ ਹਨ। ਨੇੜਲੇ ਪਿੰਡ ਵਾਂਦਰ ਜਟਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੁਸ਼ਿਆਰ ਬੱਚਿਆਂ ਦੇ ਕਰਵਾਏ ਸਨਮਾਨ ਸਮਾਰੋਹ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਮੁੱਖ ਮਹਿਮਾਨ ਵਜੋਂ ਪੁੱਜੇ ਕਾਨੂੰਗੋ ਰਜਿੰਦਰ ਸਿੰਘ ਸਰਾਂ ਨੇ ਆਖਿਆ ਕਿ ਕੋਈ ਵੀ ਸਫਲਤਾ ਹਾਸਲ ਕਰਨ ਮੌਕੇ ਮੁਸ਼ਕਿਲਾਂ, ਸਮੱਸਿਆਵਾਂ ਅਤੇ ਚੁਣੌਤੀਆਂ ਨੂੰ ਦਰਕਿਨਾਰ ਜਾਂ ਨਜ਼ਰ ਅੰਦਾਜ ਕਰਨ ਦੀ ਬਜਾਇ ਸਗੋਂ ਉਨਾ ਦਾ ਦਲੇਰੀ ਨਾਲ ਸਾਹਮਣਾ ਕਰਨਾ ਚਾਹੀਦਾ ਹੈ। ਉਨਾ ਮਿਜ਼ਾਇਲ ਮੈਨ ਵਜੋਂ ਜਾਣੇ ਜਾਂਦੇ ਮਰਹੂਮ ਰਾਸ਼ਟਰਪਤੀ ਡਾ ਏ.ਪੀ.ਜੇ ਅਬਦੁਲ ਕਲਾਮ ਸਮੇਤ ਅਨੇਕਾਂ ਸਤਿਕਾਰਤ ਅਧਿਕਾਰੀਆਂ ਅਤੇ ਸਿਆਸਤਦਾਨਾ ਦਾ ਜਿਕਰ ਕੀਤਾ, ਜੋ ਅੱਤ ਦੀ ਗਰੀਬੀ ਅਤੇ ਗੁਰਬਤ ਭਰੀ ਜਿੰਦਗੀ ਦੇ ਬਾਵਜੂਦ ਮਿਹਨਤ ਤੇ ਲਗਨ ਨਾਲ ਉੱਚ ਅਹੁਦਿਆਂ ’ਤੇ ਬਿਰਾਜਮਾਨ ਹੋਏ। ਉਨਾ ਦੇ ਮਾਪਿਆਂ ਕੋਲ ਗਰੀਬੀ ਕਰਕੇ ਸਰਕਾਰੀ ਸਕੂਲਾਂ ਦੀ ਮਹਿਜ ਕੁਝ ਕੁ ਰੁਪਏ ਫੀਸ ਭਰਨ ਦੀ ਸਮਰੱਥਾ ਵੀ ਨਹੀਂ ਸੀ ਪਰ ਫਿਰ ਵੀ ਬੱਚਿਆਂ ਨੇ ਦਿਨ-ਰਾਤ ਇਕ ਕਰਕੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਰਜਿੰਦਰ ਸਿੰਘ ਸਰਾਂ ਦੇ ਸਤਿਕਾਰਤ ਪਿਤਾ ਮਾ. ਗੁਰਦੀਪ ਸਿੰਘ ਅਤੇ ਮਾਤਾ ਭਗਵਾਨ ਕੌਰ ਦੀ ਯਾਦ ’ਚ ਹੋਏ ਸਮਾਗਮ ਦੌਰਾਨ ਰਾਮ ਮੁਹੰਮਦ ਸਿੰਘ ਅਜਾਦ ਵੈਲਫੇਅਰ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਚੀਫ ਮੈਨੇਜਰ ਜਸਵੰਤ ਸਿੰਘ, ਕੁਲਵੰਤ ਸਿੰਘ ਚਾਨੀ, ਸੁਰਜੀਤ ਸਿੰਘ ਵਾਂਦਰ, ਪਰਮਿੰਦਰ ਸਿੰਘ ਜਟਾਣਾ, ਜਗਜੀਤ ਸਿੰਘ ਪਿਆਸਾ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਪਿ੍ਰੰਸੀਪਲ ਗੁਰਮੇਲ ਕੌਰ, ਕੰਵਰਜੀਤ ਸਿੰਘ ਸੇਠੀ, ਪਿ੍ਰੰਸੀਪਲ ਦਰਸ਼ਨ ਸਿੰਘ, ਇਕਬਾਲ ਸਿੰਘ ਮੰਘੇੜਾ, ਮਾ ਸੁਖਮੰਦਰ ਸਿੰਘ ਰਾਮਸਰ, ਤਰਸੇਮ ਨਰੂਲਾ, ਮਾ ਬਰਜਿੰਦਰ ਸਿੰਘ, ਜਸਕਰਨ ਸਿੰਘ ਸਰਾਂ ਆਦਿ ਵੀ ਹਾਜ਼ਰ ਸਨ