ਖੇਤੀਬਾੜੀ ਵਿਕਾਸ ਅਫ਼ਸਰ ਡਾ. ਗੁਰਲਵਲੀਨ ਸਿੰਘ ਰਾਣਾ ਨੇ ਹਰ ਸਾਲ ਦੀ ਤਰਾਂ ਆਪਣੇ ਜਨਮ ਦਿਨ ‘ਤੇ 100 ਬੂਟੇ ਲਗਵਾਏ

ਮੋਗਾ 31 ਅਗਸਤ:(ਜਸ਼ਨ): ਮੁੱਖ ਖੇਤੀਬਾੜੀ ਅਫ਼ਸਰ ਡਾ. ਪਰਮਜੀਤ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਸੁਖਦੇਵ ਸਿੰਘ ਗਿੱਲ ਦੀ ਅਗਵਾਈ ਹੇਠ ‘ਮਿਸ਼ਨ ਤੰਦਰੁਸਤ ਪੰਜਾਬ‘ ਤਹਿਤ ਖੇਤੀਬਾੜੀ ਵਿਕਾਸ ਅਫ਼ਸਰ ਡਾ. ਗੁਰਲਵਲੀਨ ਸਿੰਘ ਰਾਣਾ ਨੇ ਹਰ ਸਾਲ ਦੀ ਤਰਾਂ ਆਪਣੇ ਜਨਮ ਦਿਨ ‘ਤੇ 100 ਬੂਟੇ ਲਗਵਾਏ। ਡਾ. ਗੁਰਲਵਲੀਨ ਸਿੰਘ ਰਾਣਾ ਨੇ ਦੱਸਿਆ ਕਿ ਪਿੰਡ ਕੜਿਆਲ ਦੇ ਨੌਜਵਾਨ ਕਲੱਬ ਦੇ ਸਾਥ ਨਾਲ ਪਿਛਲੇ ਸਾਲ ਵੀ ਆਪਣੇ ਜਨਮ ਦਿਨ ‘ਤੇ 100 ਬੂਟੇ ਲਗਵਾਏ ਗਏ ਸਨ, ਜਿਨਾਂ ਵਿੱਚੋ 92 ਬੂਟੇ ਵੱਧ ਫੁੱਲ ਗਏ ਹਨ। ਉਨਾਂ ਦੱਸਿਆ ਕਿ ਇਸ ਵਾਰ ਵੀ ਪਿੰਡ ਦੇ ਨੌਜਵਾਨਾਂ ਦੇ ਸਾਥ ਨਾਲ 100 ਬੂਟੇ ਲਗਵਾਏ ਗਏ ਹਨ, ਜਿਨਾਂ ਵਿੱਚ ਨਿੰਮ, ਬਰਮਾ ਡੇਕ, ਦੇਸੀ ਕਿੱਕਰ, ਸੁਖਚੈਨ, ਟਾਹਲੀ ਅਤੇ ਜਾਮਨ ਦੇ ਪੌਦੇ ਹਨ। ਉਨਾਂ ਇਹ ਵੀ ਦੱਸਿਆ ਕਿ ਹਰੇਕ ਇਨਸਾਨ ਦਾ ਇਹ ਫਰਜ਼ ਬਣਦਾ ਹੈ ਕਿ ਜੇ ਅਸੀ ਜਿਆਦਾ ਰੁੱਖ ਨਹੀ ਲਗਾ ਸਕਦੇ ਤਾਂ ਘੱਟੋ ਘੱਟ ਇੱਕ ਰੁੱਖ ਹੀ ਲਗਾ ਕੇ ਉਸਦੀ ਸਾਂਭ ਸੰਭਾਲ ਹੀ ਕਰ ਲਈਏ, ਤਾਂ ਸਾਡੀ ਕੁਦਰਤ ਪ੍ਰਤੀ ਬਹੁਤ ਵੱਡੀ ਦੇਣ ਹੋਵੇਗੀ। ਉਨਾਂ ਕਿਹਾ ਕਿ ਇਖਲਾਕੀ ਫਰਜ਼ ਬਣਦਾ ਹੈ ਕਿ ਅਸੀ ਵੱਧ ਤੋ ਵੱਧ ਰੁੱਖ ਲਗਾ ਕੇ ਕੁਦਰਤ ਪ੍ਰਤੀ ਸੁਹਿਰਦ ਹੋਈਏ। ਉਨਾਂ ਕਿਸਾਨ ਵੀਰਾਂ ਨੂੰ ਵੀ ਆਪਣੇ ਖੇਤਾਂ ਵਿੱਚ ਵੱਧ ਤੋ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ। ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਗੁਰਬਾਜ ਸਿੰਘ, ਡਾ. ਹਰਿੰਦਰਪਾਲ ਸ਼ਰਮਾ ਅਤੇ ਉਪ ਨਿਰੀਖਕ ਸਮਰੀਤ ਸਿੰਘ ਖੰਗੂੜਾ ਨੇ ਉਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਜਨਮ ਦਿਨ ਦੀ ਵਧਾਈ ਦਿੱਤੀ।


