ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ 1 ਸਤੰਬਰ ਤੋਂ 31 ਅਕਤੂਬਰ 2018 ਤੱਕ ਚੱਲੇਗਾ,18 ਸਾਲ ਦੀ ਉਮਰ ਪੂਰੀ ਕਰ ਚੁੱਕਾ ਕੋਈ ਵੀ ਵਿਅਕਤੀ ਆਪਣੀ ਵੋਟ ਬਣਵਾ ਸਕਦਾ ਹੈ

ਫ਼ਿਰੋਜ਼ਪੁਰ 31 ਅਗਸਤ ( ਸੰਦੀਪ ਕੰਬੋਜ ਜਈਆ ) : ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿਚ 1 ਸਤੰਬਰ 2018 ਤੋਂ 31 ਅਕਤੂਬਰ 2018 ਤੱਕ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਸਮੇਂ ਦੌਰਾਨ ਵਿਅਕਤੀ ਆਪਣੀ ਨਵੀਂ ਵੋਟ ਬਣਵਾ ਸਕਦਾ ਹੈ, ਵੋਟ ਕਟਵਾ ਸਕਦਾ ਹੈ ਅਤੇ ਵੋਟਰ ਵਿਚ ਸੋਧ ਕਰਵਾ ਸਕਦਾ ਹੈ। ਜੇਕਰ ਵਿਅਕਤੀ ਮਿਤੀ 1 ਜਨਵਰੀ 2019 ਨੂੰ 18 ਸਾਲ ਦੀ ਉਮਰ ਪੂਰੀ ਕਰਦਾ ਹੈ ਅਤੇ ਅਜੇ ਤੱਕ ਆਪਣੀ ਵੋਟ ਰਜਿਸਟਰਡ ਕਰਵਾਉਣ ਤੋਂ ਵਾਂਝਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ- ਜ਼ਿਲ੍ਹਾ ਚੋਣ ਅਫ਼ਸਰ ਸ੍ਰ: ਬਲਵਿੰਦਰ ਸਿੰਘ ਧਾਲੀਵਾਲ ਨੇ ਦਿੱਤੀ।ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰ: ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਵੋਟ ਬਣਵਾਉਣ ਲਈ 1 ਸਤੰਬਰ 31 ਅਕਤੂਬਰ 2018 ਤੱਕ ਫਾਰਮ ਨੰ: 6 ਭਰ ਕੇ ਆਪਣੇ ਬੀ.ਐਲ.ਓਜ ਨੂੰ ਜਾਂ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਦੇ ਦਫ਼ਤਰ ਵਿਚ ਜਮਾ ਕਰਵਾ ਸਕਦਾ ਹੈ। ਵੋਟ ਕਟਵਾਉਣ ਲਈ ਫਾਰਮ ਨੰ: 7 ਅਤੇ ਵੋਟ ਵਿਚ ਦਰੁਸਤੀ ਕਰਵਾਉਣ ਲਈ ਫਾਰਮ ਨੰ: 8 ਅਤੇ ਉਸੇ ਚੋਣ ਹਲਕੇ ਵਿਚ ਹੀ ਰਿਹਾਇਸ਼ ਦੀ ਤਬਦੀਲੀ ਸਬੰਧੀ ਫਾਰਮ ਨੰ: 8ੳ ਭਰ ਕੇ ਦਿੱਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਮਿਤੀ 9 ਅਤੇ 16 ਸਤੰਬਰ 2018 ਨੂੰ ਪੋਲਿੰਗ ਬੂਥਾਂ ਤੇ ਬੀ.ਐਲ.ਓਜ਼ ਦੁਆਰਾ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਵਿਚ ਬੂਥ ਲੈਵਲ ਅਫ਼ਸਰ ਆਪਣੇ-ਆਪਣੇ ਪੋਲਿੰਗ ਸਟੇਸ਼ਨ ਤੇ ਬੈਠ ਕੇ ਆਮ ਜਨਤਾ ਪਾਸੋਂ ਦਾਅਵੇ/ਇਤਰਾਜ਼ ਪ੍ਰਾਪਤ ਕਰਨਗੇ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਪੋਰਟਲ nvsp.in ਤੇ ਆਨਲਾਈਨ ਵੋਟ ਬਣਾਉਣ ਸਬੰਧੀ ਫਾਰਮ ਵੀ ਭਰੇ ਜਾ ਸਕਦੇ ਹਨ।


