ਫਿਰਕੂ ਜਨੂੰਨੀ ਅਨਸਰਾਂ ਨੇ ਦੇਸ਼ ਵਿਚ ਅੱਤ ਚੁੱਕੀ ਹੋਈ ਹੈ -ਜ਼ਮਹੂਰੀ ਅਧਿਕਾਰ ਸਭਾ ਮੋਗਾ

ਮੋਗਾ, 22 ਅਗਸਤ (ਜਸ਼ਨ): ਜ਼ਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਕਮੇਟੀ ਮੋਗਾ ਦੀ ਵਧਵੀਂ ਮੀਟਿੰਗ ਸਰਬਜੀਤ ਸਿੰਘ ਦੌਧਰ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਸੁਤੰਤਰਤਾ ਸੰਗ੍ਰਾਮੀ ਭਵਨ ਮੋਗਾ ਵਿਚ ਹੋਈ। ਮੀਟਿੰਗ ਦੌਰਾਨ ਜੇ.ਐਨ.ਯੂ. ਦਿੱਲੀ ਦੇ ਵਿਦਿਆਰਥੀ ਆਗੂ ਉਮਰ ਖਾਲਿਦ ਉੱਪਰ ਕੀਤੇ ਕਾਤਲਾਨਾ ਹਮਲੇ , ਬਿਹਾਰ ਦੀ ਮੋਤੀਹਾਰੀ ਯੂਨੀਵਰਸਿਟੀ ਦੇ ਇਕ ਪ੍ਰੋਫੈਸਰ ਉੱਪਰ ਏ.ਬੀ.ਵੀ.ਪੀ. ਦੇ ਸੰਘੀ ਕਾਰਕੁਨਾਂ ਵੱਲੋਂ ਵਾਜਪਾਈ ਨੂੰ ਸ਼ਰਧਾਂਜਲੀ ਵਜੋਂ ਅਵਤਾਰ ਪਾਸ਼ ਦੀਆਂ ਲਿਖੀਆਂ ਲਾਈਨਾਂ ਫੇਸ ਬੁੱਕ’ਤੇ ਪਾਉਣ ਕਾਰਨ ਕੀਤੇ ਹਮਲੇ, ਸਵਾਮੀ ਅਗਨੀਵੇਸ਼ ਉੱਪਰ ਆਪਣੇ ਨਰਿੰਦਰ ਮੋਦੀ ਤੋਂ ਵੱਖਰੇ ਵਿਚਾਰ ਪੇਸ਼ ਕਰਨ ਕਾਰਨ ਕੀਤੀ ਕੁੱਟਮਾਰ ਕਰਨ ਵਰਗੀਆਂ ਅਨੇਕਾਂ ਹੋਰ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਦੇਸ਼ ਵਿਚ ਫਿਰਕੂ ਜਨੂੰਨੀ ਅਨਸਰਾਂ ਨੇ ਅੱਤ ਚੁੱਕੀ ਹੋਈ ਹੈ। ਪਹਿਲਾਂ ਵੀ  ਜਨੂੰਨੀ ਅਨਸਰਾਂ ਵੱਲੋਂ ਯੋਜਨਾਬੱਧ ਢੰਗ ਨਾਲ ਕਾ. ਦਾਭੋਲਕਰ, ਕੁਲਬਰਕੀ ਆਦਿ ਦੇ ਕਤਲ ਕੀਤੇ ਗਏ ਹਨ। ਇਨ੍ਹਾਂ ਘਟਨਾਵਾਂ ਨੂੰ ਜ਼ਮਹੂਰੀ ਹੱਕਾਂ’ਤੇ ਹਮਲੇ ਵਜੋਂ ਲੈਂਦਿਆਂ ਜ਼ੋਰਦਾਰ ਨਿਖੇਧੀ ਕੀਤੀ ਗਈ। ਕਿਰਨਜੀਤ ਕੌਰ ਕਤਲ ਕਾਂਡ ਖਿਲਾਫ਼ ਐਕਸ਼ਨ ਕਮੇਟੀ ਮਹਿਲ ਕਲਾਂ ਦੇ ਆਗੂ ਮਨਜੀਤ ਸਿੰਘ ਧਨੇਰ ਦੀ ਸਜ਼ਾ ਮੁਆਫ਼ ਕਰਨ ਦੀ ਮੰਗ ਕਰਦੇ ਹੋਏ ਐਮ.ਐਲ.ਏ. ਹਲਕਾ ਮੋਗਾ ਨੂੰ 25-08-2018 ਨੂੰ ਮੰਗ-ਪੱਤਰ ਦੇਣ ਜਾ ਰਹੇ ਜਨਤਕ ਵਫ਼ਦ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ। ਬਿਹਾਰ ਦੇ ਭੋਜਪੁਰ ਜ਼ਿਲ੍ਹੇ ਦੀ ਬੀਹੀਆ ਪਿੰਡ’ਚ ਔਰਤ ਨੂੰ ਨਿਰਵਸਤਰ ਕਰਕੇ ਘੁਮਾਉਣ ਦੀ ਵੀ ਨਿਖੇਧੀ ਕੀਤੀ ਗਈ। ਉਪਰੋਕਤ ਸਾਰੀਆਂ ਘਟਨਾਵਾਂ ਖਿਲਾਫ਼ 1 ਸਤੰਬਰ 2018 ਨੂੰ ਬਾਅਦ ਦੁਪਹਿਰ 2.30 ਵਜੇ ਨੇਚਰ ਪਾਰਕ ਮੋਗਾ ਵਿਖੇ ਰੋਸ ਰੈਲੀ ਕਰਨ ਤੇ ਸ਼ਹਿਰ’ਚ ਜਨਤਕ ਰੋਸ ਮਾਰਚ ਦਾ ਫੈਸਲਾ ਕੀਤਾ ਗਿਆ। ਮੀਟਿੰਗ’ਚ ਦਰਸ਼ਨ ਸਿੰਘ ਤੂਰ, ਸੁਰਿੰਦਰ ਸਿੰਘ ਮੋਗਾ, ਬਲੌਰ ਸਿੰਘ ਘਾਲੀ, ਅਮਨਦੀਪ ਸਿੰਘ ਮਟਵਾਣੀ, ਭੂਪਿੰਦਰ ਸਿੰਘ ਸੇਖੋਂ, ਅਮਰਦੀਪ ਸਿੰਘ ਕੰਪਿਊਟਰ ਅਧਿ: ਯੂਨੀਅਨ, ਨਾਇਬ ਸਿੰਘ ਡਾਲਾ, ਦਰਸ਼ਨ ਸਿੰਘ ਘੋਲੀਆ, ਗੁਰਚਰਨ ਸਿੰਘ ਸੰਘਾ, ਮੋਹਣ ਸਿੰਘ ਪੀ.ਐਸ.ਯੂ., ਲਖਵੀਰ ਕੁਮਾਰ ਚੁਗਾਵਾਂ, ਸਮੇਤ ਅਨੇਕਾਂ ਆਗੂ ਸਾਮਲ ਹੋਏ।