ਮੁਸਲਿਮ ਭਾਈਚਾਰੇ ਨੇ ਕੀਤੀ ਈਦ ਦੀ ਨਮਾਜ਼ ਅਦਾ, ਅਮਨ ਸ਼ਾਂਤੀ ਦੀ ਮੰਗੀ ਦੂਆ,ਵਿਧਾਇਕ ਡਾ. ਹਰਜੋਤ ਨੇ ਦਿੱਤੀ ਵਧਾਈ

ਮੋਗਾ, 22 ਅਗੱਸਤ (ਅੰਗਰੇਜ਼ ਸਿੱਧੂ/ਜਸਵਿੰਦਰ/ਅਰੋੜਾ) : ਅੱਜ ਮੋਗਾ ਵਿਖੇ ਮੁਸਲਿਮ ਭਾਈਚਾਰੇ ਵਲੋਂ ਸਥਾਨਕ ਈਦਗਾਹ ਵਿਖੇ ਈਦ-ਉਲ-ਅਜ਼ਹਾ ਦੀ ਨਮਾਜ਼ ਅਦਾ ਕੀਤੀ ਗਈ। ਇਸ ਨਮਾਜ਼ ਹਾਫ਼ਿਜ ਇਫ਼ਤਖ਼ਾਰ-ਉਲ-ਹਸਨ ਨੇ ਅਤਾ ਕਰਵਾਈ। ਇਸ ਮੌਕੇ ਨਮਾਜ਼ ਅਤਾ ਕਰਨ ਤੋਂ ਬਾਅਦ ਦੁਨੀਆਂ ਭਰ ’ਚ ਖ਼ਾਸਕਰ ਆਪਣੇ ਮੁਲਕ ਭਾਰਤ ਵਿਚ ਅਮਨਸ਼ਾਂਤੀ ਅਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ ਦੁਆ ਕੀਤੀ ਗਈ। ਇਸ ਮੌਕੇ ਕੇਰਲਾ ਵਿਚ ਆਏ ਹੜ ਕਾਰਨ ਬੇਘਰ ਹੋਏ ਲੋਕਾਂ ਅਤੇ ਇਸ ਦੀ ਲਪੇਟ ’ਚ ਆਏ ਲੋਕਾਂ ਲਈ ਦੁਆ ਕੀਤੀ ਗਈ। ਇਸ ਮੌਕੇ ਮੋਲਾਨਾ ਹੁਸੈਨ ਅਹਿਮਦ ਨੇ ਇਸ ਤਿਉਹਾਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਦੁਨੀਆਂ ਭਰ ਵਿਚ ਈਦ-ਉੱਲ-ਅਜ਼ਹਾ (ਬਕਰਾ-ਈਦ) ਦਾ ਤਿਉਹਾਰ ਬੜੀ ਸ਼ਰਧਾ ਅਤੇ ਖ਼ੁਸ਼ੀ ਨਾਲ ਮਨਾਇਆ ਜਾਦਾ ਹੈ। ਇਹ ਤਿਉਹਾਰ ਮੁਸਲਿਮ ਭਾਈਚਾਰੇ ਲਈ ਬੜਾ ਪਵਿੱਤਰ ਅਤੇ ਖ਼ੁਸ਼ੀਆਂ ਭਰਿਆਂ ਹੁੰਦਾ ਹੈ। ਖੁਆਬ ’ਚ ਅੱਲਾ ਵਲੋਂ ਆਏ ਹੁਕਮ ਕਿ ਆਪਣੀ ਸਭ ਤੋਂ ਪਿਆਰੀ ਚੀਜ਼ ਦੀ ਕੁਰਬਾਨੀ ਮੇਰੇ ਰਸਤੇ ਕਰੋ ਤਾਂ ਸਵੇਰੇ ਹਜ਼ਰਤ ਇਬਰਾਹੀਮ ਆਲੇ ਇਸਲਾਮ ਉਦਾਸ ਸਨ ਪੁਤਰ ਦੇ ਪੁੱਛਣ ’ਤੇ ਉਨਾਂ ਖ਼ੁਆਬ ਬਾਰੇ ਦੱਸਿਆ ਤਾਂ ਉਨਾਂ ਦੇ ਪੁੱਤਰ ਨੇ ਕਿਹਾ ਅੱਲਾ ਦੇ ਹੁਕਮ ਦੀ ਪਾਲਣਾ ਕਰੋ ਅਤੇ ਮੈਂ ਖ਼ੁਸ਼ਕਿਸਮਤ ਹਾਂ ਕਿ ਤੁਸੀ ਮੈਨੂੰ ਅੱਲਾ ਦੇ ਰਸਤੇ ਕੁਰਬਾਨ ਕਰੋ। ਅੱਲਾ ਦੇ ਹੁਕਮ ਦੀ ਪਾਲਣਾ ਕਰਦਿਆ ਹਜ਼ਰਤ ਇਬਰਾਹੀਮ ਆਲੇ ਇਸਲਾਮ ਆਪਣੇ ਬੇਟੇ ਦੀ ਕੁਰਬਾਨੀ ਅੱਲਾ ਦੇ ਰਸਤੇ ਕਰਨ ਲਈ ਤਿਆਰ ਹੋਏ। ਜਦੋਂ ਉਹ ਆਪਣੇ ਪੁੱਤਰ ਦੇ ਗਲੇ ’ਤੇ ਛੁਰੀ ਚਲਾਉਣ ਲੱਗੇ ਤਾਂ ਆਪਣੀਆਂ ਅੱਖ਼ਾਂ ਬੰਦ ਕਰ ਲਈਆਂ। ਜਦੋਂ ਅੱਖਾਂ ਖੋਲੀਆਂ ਤਾਂ ਉਨਾਂ ਅੱਗੇ ਦੂਬਾ (ਭੇਡੂ) ਹਲਾਲ ਹੋਇਆ ਪਿਆ ਸੀ ਅਤੇ ਹਜ਼ਰਤ ਇਬਰਾਹੀਮ ਆਲੇ ਇਸਲਾਮ ਦੇ ਪੁੱਤਰ ਦੂਰ ਖ਼ੜੇ ਸਨ। ਅੱਲਾ ਉਨਾਂ ਤੋਂ ਖ਼ੁਸ਼ ਹੋਏ ਅਤੇ ਹਰ ਮੁਸਲਮਾਨ ਨੂੰ ਕੁਬਰਾਨੀ ਜੋ ਇਸ ਦੇ ਕਾਬਿਲ ਹੋਣ ਕਰਨ ਦਾ ਹੁਕਮ ਦਿੱਤਾ ਅਤੇ ਇਹ ਤਿਉਹਾਰ ਮਨਾਉਣ ਲਈ ਕਿਹਾ। ਕਾਰੀ ਅਬਦੁਲ ਰਹਿਮਾਨ ਕਾਸਮੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦੇ ਦਿਨ ਖਾਨਾ-ਕਾਅਬਾ ਦਾ ਤਵਾਫ਼ ਕਰ ਕੇ ਮੁਸਲਮਾਨ ਆਪਣਾ ਹੱਜ ਮੁਕੰਮਲ ਕਰਦੇ ਹਨ।
ਹਲਕਾ ਵਿਧਾਇਕ ਡਾ. ਹਰਜੋਤ ਕਮਲ ਨੇ ਸਮੂਹ ਮੁਸਲਿਮ ਭਾਈਚਾਰੇ ਨੂੰ ਇਸ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਮੁੁਸਲਿਮ ਭਲਾਈ ਯੂਵਾ ਵੈਲਫ਼ੇਅਰ ਕਲੱਬ (ਰਜਿ) ਦੇ ਸਰਪ੍ਰਸਤ ਸੋਦਾਗਰ ਅਲੀ ਸਾਗਰ ਅਤੇ ਪ੍ਰਧਾਨ ਅਮਜਦ ਖ਼ਾਨ ਨੇ ਸਮੂਹ ਭਾਈਚਾਰੇ ਨੂੰ ਈਦ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਪ੍ਰਸਾਸ਼ਨ ਵਲੋ ਕਰਵਾਏ ਪ੍ਰਬੰਧ ਲਈ ਧੰਨਵਾਦ ਕੀਤਾ। ਇਸ ਮੌਕੇ ਹਾਜ਼ੀ ਫ਼ਜਲ ਦੀਨ ਭੱਟੀ, ਡਾ. ਜੌਨੀ ਸਦੀਕ, ਡਾ. ਮੱਖਣ ਖ਼ਾਨ (ਮਾਮਦੀਨ), ਚੇਅਰਮੈਨ ਸਰਫ਼ਰੋਜ਼ ਭੱਟੀ, ਮੁਹੰਮਦ ਅਸਲਮ ਕੂਰੈਸ਼ੀ, ਮੀਤ ਪ੍ਰਧਾਨ ਕਾਬਲ ਖ਼ਾਨ, ਜਨਰਲ ਸਕੱਤਰ ਰਿਆਜ਼ ਮੁਹੰਮਦ, ਮਾ. ਨੌਸ਼ਾਦ, ਅਬਦੁਲ ਸਤਾਰ ਕੂਰੈਸ਼ੀ, ਅਜ਼ਹਰ ਕੂਰੈਸ਼ੀ, ਮੱਖਣ ਰਾਜਸਤਾਨੀ, ਹਾਫ਼ਿਜ਼ ਸਦਾਮ ਹੁਸੈਨ, ਮਾਸੂਮ ਅਲੀ, ਰਫ਼ੀਕ ਮੁਹੰਮਦ ਆਦਿ ਤੋਂ ਇਲਾਵਾਂ ਮੁਸਲਿਮ ਭਾਈਚਾਰੇ ਦੇ ਹਜ਼ਾਰਾਂ ਲੋਕਾਂ ਨੇ ਈਦ ਦੀ ਨਮਾਜ਼ ਅਦਾ ਕੀਤੀ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


