ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਵੱਲੋਂ ਤੀਸਰੀ ਵਿਸ਼ਾਲ ਕਨਵੈਨਸ਼ਨ 23 ਨੂੰ

ਮੋਗਾ 20 ਅਗਸਤ (ਜਸ਼ਨ): ਪੰਜਾਬ ਰੋਡਵੇਜ਼ ਮੋਗਾ ਦੇ ਬੱਸ ਸਟੈਂਡ ਉੱਪਰ ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੇ ਮੁਲਾਜ਼ਮਾਂ ਦੀ ਇਕੱਤਰਤਾ ਹੋਈ। ਜਿਸ ਵਿਚ ਸ਼ਾਮਲ ਜਗਦੀਸ਼ ਸਿੰਘ ਚਾਹਲ ਅਤੇ ਭੂਪਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਮਿਤੀ 23-08-2018 ਨੂੰ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਚ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਤੀਸਰੀ ਵਿਸ਼ਾਲ ਕਨਵੈਨਸ਼ਨ ਕੀਤੀ ਜਾ ਰਹੀ ਹੈ ਜਿਸ ਵਿੱਚ ਮੁੱਖ ਤੌਰ’ਤੇ ਨਿਰਮਲ ਸਿੰਘ ਧਾਲੀਵਾਲ, ਸਾਥੀ ਸੱਜਣ ਸਿੰਘ, ਰਣਬੀਰ ਢਿੱਲੋਂ, ਦਰਸ਼ਨ ਸਿੰਘ ਲੁਬਾਣਾ, ਰਣਜੀਤ ਰਾਣਵਾਂ, ਚਰਨ ਸਿੰਘ ਸਰਾਭਾ ਅਤੇ ਬਲਕਾਰ ਵਲਟੋਹਾ ਉਚੇਚੇ ਤੌਰ’ਤੇ ਪਹੁੰਚ ਰਹੇ ਹਨ। ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਠੇਕੇ ਉੱਪਰ ਕੰਮ ਕਰਦੇ ਮੁਲਾਜ਼ਮਾਂ ਦੀਆਂ ਮੰਗਾਂ ਤੇ ਪੰਜਾਬ ਸਰਕਾਰ ਵੱਲੋਂ ਚੁੱਪੀ ਧਾਰੀ ਹੋਈ ਹੈ। ਪੰਜਾਬ ਸਰਕਾਰ ਬਣੀ ਨੂੰ ਤਕਰੀਬਨ ਡੇਢ ਸਾਲ ਹੋਣ ਵਾਲਾ ਹੈ ਹੁਣ ਪੰਜਾਬ ਦੇ ਕਿਰਤੀ ਲੋਕ ਚੁੱਪ ਕਰਕੇ ਨਹੀਂ ਬੈਠਣਗੇ ਸਗੋਂ ਆਰ ਪਾਰ ਦੀ ਲੜਾਈ ਤਹਿਤ ਇਹਨਾਂ ਕਨਵੈਨਸ਼ਨਾਂ ਵਿੱਚੋਂ ਅਗਲੇ ਸਖ਼ਤ ਐਕਸ਼ਨ ਦਾ ਐਲਾਨ ਵੀ ਕੀਤਾ ਜਾਵੇਗਾ। 
ਸਾਥੀ ਚਾਹਲ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਅਤੇ ਪਨਬੱਸ ਦਾ ਸਮੁੱਚਾ ਕਾਮਾ ਟ੍ਰਾਂਸਪੋਰਟ ਮੰਤਰੀ ਦੇ ਅੜੀਅਲ ਵਤੀਰੇ ਤੋਂ ਬੇਹੱਦ ਦੁੱਖੀ ਹੈ। ਟ੍ਰਾਂਸਪੋਰਟ ਮੰਤਰੀ ਨੇ ਬਦਲੀਆਂ ਅਤੇ ਪ੍ਰਮੋਸ਼ਨਾਂ ਦੀਆਂ ਪਾਵਰਾਂ ਵੀ ਆਪਣੇ ਤੱਕ ਹੀ ਸੀਮਿਤ ਕਰ ਲਈਆਂ ਹਨ। ਜਿਹੜੀਆਂ ਬਦਲੀਆਂ ਕੀਤੀਆਂ ਹਨ ਉਹਨਾਂ ਵਿਚੋਂ ਵੀ ਕੁਰੱਪਸ਼ਨ ਦੀ ਬੋਅ ਆ ਰਹੀ ਹੈ। ਜੋ ਕੰਮ ਟ੍ਰਾਂਸਪੋਰਟ ਮੰਤਰੀ ਦੇ ਲੈਵਲ ਦੇ ਹਨ ਉਹਨਾਂ ਉੱਪਰ ਚੁੱਪ ਧਾਰੀ ਹੋਈ ਹੈ। ਜਿਸ ਕਰਕੇ ਐਕਸ਼ਨ ਕਮੇਟੀ ਨੇ ਮਿਤੀ 18-8-2018 ਨੂੰ ਮੀਟਿੰਗ ਕਰਕੇ ਫੈਸਲਾ ਕੀਤਾ ਹੈ ਕਿ ਟ੍ਰਾਂਸਪੋਰਟ ਮੰਤਰੀ ਦੇ ਨਾਦਰਸ਼ਾਹੀ ਹੁਕਮਾਂ ਦੇ ਖਿਲਾਫ਼ 28-8-2018 ਨੂੰ ਬੱਸ ਅੱਡਿਆਂ ਉੱਪਰ 12.00 ਵਜੇ ਤੋਂ 2 ਵਜੇ ਤੱਕ ਦੋ ਘੰਟੇ ਬੰਦ ਕਰਕੇ ਟ੍ਰਾਂਸਪੋਰਟ ਮੰਤਰੀ ਦੇ ਪੁਤਲੇ ਫੂਕੇ ਜਾਣਗੇ। ਮਿਤੀ 11-9-2018 ਨੂੰ ਪੰਜਾਬ ਦੇ 18 ਡਿਪੂਆਂ ਉਪਰ ਗੇਟ ਰੈਲੀਆਂ ਕਰਨ ਉਪਰੰਤ ਮਿਤੀ 13-9-2018 ਨੂੰ ਪ੍ਰੈੱਸ ਦੇ ਘਰ ਜਲੰਧਰ ਬੱਸ ਸਟੈਂਡ ਉਪਰ ਰੋਹ ਭਰਪੂਰ ਵਿਸ਼ਾਲ ਰੈਲੀ ਕੀਤੀ ਜਾਵੇਗੀ। ਜੇਕਰ ਫਿਰ ਵੀ ਟ੍ਰਾਂਸਪੋਰਟ ਮੰਤਰੀ ਨੇ ਐਕਸ਼ਨ ਕਮੇਟੀ ਦੀ ਮੀਟਿੰਗ ਬੁਲਾ ਕੇ ਠੀਕ ਫੈਸਲਾ ਨਾ ਲਿਆ ਤਾਂ ਜਲੰਧਰ ਵਾਲੀ ਰੈਲੀ ਵਿਚ ਟ੍ਰਾਂਸਪੋਰਟ ਮੰਤਰੀ ਦੇ ਹਲਕੇ ਦੀਨਾ ਨਗਰ ਵਿਚ ਵਿਸ਼ਾਲ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਅੱਜ ਦੀ ਇਕੱਤਰਤਾ ਵਿਚ ਮੁੱਖ ਤੌਰ’ਤੇ ਬਚਿੱਤਰ ਸਿੰਘ ਧੋਥੜ, ਸੁਰਿੰਦਰ ਸਿੰਘ ਬਰਾੜ, ਗੁਰਜੰਟ ਸਿੰਘ ਕੋਕਰੀ, ਪੋਹਲਾ ਸਿੰਘ ਬਰਾੜ, ਇੰਦਰਜੀਤ ਭਿੰਡਰ, ਜਗਰਾਜ ਬੁੱਟਰ, ਮੱਖਣ ਸਿੰਘ, ਜਗਦੇਵ ਸਿੰਘ, ਛਿੰਦਰਪਾਲ ਵਰ੍ਹੇ, ਮਨਪ੍ਰੀਤ ਸਿੰਘ ਆਦਿ ਸ਼ਮਲ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ