ਪੰਡਿਤ ਜਵਾਹਰ ਲਾਲ ਨਹਿਰੂ ਨੇ ਆਖਿਆ ਸੀ ‘ਇਹ ਨੌਜਵਾਨ ਇੱਕ ਦਿਨ ਭਾਰਤ ਦਾ ਪ੍ਰਧਾਨ ਮੰਤਰੀ ਜ਼ਰੂਰ ਬਣੇਗਾ’

ਅਟਲ ਇਰਾਦੇ ਵਾਲਾ ਅਣਥੱਕ ਰਾਹੀ ਸੀ ਵਾਜਪਾਈ । ਸਿਆਸਤ ਵਿੱਚ ਜਿਸ ਦਾ ਕੋਈ ਵਿਰੋਧੀ ਨਹੀਂ ਸੀ ਉਹ ਸ਼ਾਂਤੀ ਦਾ ਦੂਤ ਸੀ ਅਟਲ ਬਿਹਾਰੀ ਵਾਜਪਾਈ। ‘ਤੇ ਚਲਾ ਗਿਆ ਇੱਕ ਕਵੀ ਤੇ ਸ਼ਬਦਾਂ ਦਾ ਜਾਦੂਗਰ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਕੇ।  ਗੈਰ ਕਾਂਗਰਸੀ ਸਰਕਾਰ ਦੀ ਅਗਵਾਈ ਕਰਨ ਵਾਲੇ ਅਟਲ ਬਿਹਾਰੀ ਵਾਜਪਾਈ ਦੇਸ਼ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਸਨ ਜਿਨਾਂ ਨੂੰ 47 ਸਾਲ ਮੈਂਬਰ ਪਾਰਲੀਮੈਂਟ ਬਣਨ ਦਾ ਮਾਣ ਹਾਸਲ ਹੋਇਆ। ਉਹ ਦਸ ਵਾਰ ਲੋਕ ਸਭਾ ਅਤੇ ਦੋ ਵਾਰ ਰਾਜ ਸਭਾ ਦੇ ਮੈਂਬਰ ਚੁਣੇ ਗਏ । ਮੁਰਾਰਜੀ ਦੇਸਾਈ ਦੀ ਸਰਕਾਰ ਵਿੱਚ ਵਿਦੇਸ਼ ਮੰਤਰੀ ਰਹੇ ਅਟੱਲ ਨੇ ਅਠਾਰਾਂ ਸਾਲ ਦੀ ਉਮਰ ਵਿੱਚ ਵਿਦਿਆਰਥੀ ਜੀਵਨ ਦੌਰਾਨ ਹੀ ਸਿਆਸੀ ਸਰਗਰਮੀਆਂ ਆਰੰਭ ਕੀਤੀਆਂ । ਇਹ ਸਮਾਂ ਭਾਰਤ ਛੱਡੋ ਦਾ ਸੀ । ਉਹਨਾਂ ਪੱਤਰਕਾਰੀ ਕੀਤੀ, ਰਾਸ਼ਟਰੀ ਸੇਵਕ ਸੰਘ ਦੇ ਪ੍ਰਚਾਰਕ ਰਹੇ ਤੇ ਫਿਰ ਪਾਰਲੀਮੈਂਟ ‘ਚ ਪਹੁੰਚੇ । ਆਜ਼ਾਦ ਭਾਰਤ ਦੀਆਂ ਦੂਜੀਆਂ ਆਮ ਚੋਣਾਂ ਦੌਰਾਨ ਉਹ ਬਲਰਾਮਪੁਰ ਤੋਂ ਪਾਰਲੀਮਾਨੀ ਮੈਂਬਰ ਵਜੋਂ ਚੁਣੇ ਗਏ । ਆਪਣੇ ਪਹਿਲੇ ਭਾਸ਼ਣ ਵਿੱਚ ਹੀ ਉਨਾਂ ਆਪਣੇ ਸਾਥੀ ਪਾਰਲੀਮੈਂਟ ਮੈਂਬਰਾਂ ਨੂੰ ਖਾਸਕਰ ਪੰਡਿਤ ਜਵਾਹਰਲਾਲ ਨਹਿਰੂ ਨੂੰ ਇਨਾਂ ਪ੍ਰਭਾਵਿਤ ਕੀਤਾ ਕਿ ਨਹਿਰੂ ਨੇ ਇੱਕ ਵਿਦੇਸ਼ੀ ਮਹਿਮਾਨ ਨਾਲ ਅਟਲ ਨੂੰ ਮਿਲਾਉਂਦਿਆਂ ਆਖਿਆ ‘ਇਹ ਨੌਜਵਾਨ ਇੱਕ ਦਿਨ ਭਾਰਤ ਦਾ ਪ੍ਰਧਾਨ ਮੰਤਰੀ ਜ਼ਰੂਰ ਬਣੇਗਾ’।    ਸੰਨ 2015 ਦੌਰਾਨ ਅਟਲ ਨੂੰ ਭਾਰਤ ਰਤਨ ਐਵਾਰਡ ਨਾਲ ਸਨਮਾਨਿਆ ਗਿਆ । ਜੰਗਜੂ ਵਾਜਪਾਈ ਦਾ ਹੌਂਸਲਾ ਕਿ ਪੋਖਰਾਨ ਪਰਮਾਣੂ ਤਜਰਬੇ ਵੀ ਕੀਤੇ ਤੇ ਹਿੰਦ ਪਾਕਿ ਬੱਸ ਚਲਾਉਂਦਿਆਂ ਖੁਦ ਪਹਿਲੀ ਬੱਸ ‘ਚ ਸਫਰ ਵੀ ਕੀਤਾ। ਨਰਿੰਦਰ ਮੋਦੀ ਦੇ ਗੁਜਰਾਤ ਵਿੱਚ ਮੁੱਖ ਮੰਤਰੀ ਕਾਰਜਕਾਲ ਦੌਰਾਨ ਗੁਜਰਾਤ ਦੰਗਿਆਂ ਤੇ ਵਾਜਪਾਈ ਦੀ ਪ੍ਰਤੀਕਿਰਿਆ ਹਰ ਕੋਈ ਜਾਣਦਾ ਹੈ ਤੇ ਉਨਾਂ ਵੱਲੋਂ ਮੋਦੀ ਨੂੰ ਰਾਜ ਧਰਮ ਨਿਭਾਉਣ ਦੀ ਨਸੀਹਤ ਦੇਣਾ ਵੀ ਘੱਟ ਹੌਸਲੇ ਵਾਲਾ ਕਦਮ ਨਹੀਂ ਸੀ । ਬਾਬਰੀ ਮਸਜਿਦ ਨੂੰ ਨੇਸਤੋ ਨਾਬੂਦ ਕਰਨ ਵਿੱਚ ਸੰਘ, ਭਾਜਪਾ ਅਤੇ ਹੋਰਨਾਂ ਕੱਟੜ ਆਗੂਆਂ ਦੀ ਸ਼ਮੂਲੀਅਤ ਤਾਂ ਦੇਸ਼ ਜਾਣਦਾ ਹੈ ਪਰ ਅਟਲ ਬਿਹਾਰੀ ਵਾਜਪਾਈ ਹੀ ਸੀ ਜਿਸ ਨੇ ਇਸ ਕਦਮ ਦੀ ਭਰਸਕ ਨਿੰਦਾ ਕੀਤੀ । ਇੰਦਰਾ ਗਾਂਧੀ ਨੇ ਐਮਰਜੈਂਸੀ ਵੀ ਲਗਾਈ ਤੇ ਦਰਬਾਰ ਸਾਹਿਬ ਤੇ ਫੌਜੀ ਹਮਲਾ ਵੀ ਕਰਵਾਇਆ । ਇੰਦਰਾ ਗਾਂਧੀ ਦੇ ਇਹਨਾਂ ਕਦਮਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਅਟਲ ਬਿਹਾਰੀ ਵਾਜਪਾਈ ਨੇ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਅਵਤਾਰ ਕਹਿ ਕੇ ਉਸ ਦੀ ਸ਼ਲਾਘਾ ਕੀਤੀ ।  ਪਰ ਅਗਲੇ ਹੀ ਦਿਨ ਵਾਜਪਾਈ ਨੇ ਇਸ ਖਬਰ ਦਾ ਖੰਡਨ ਕੀਤਾ ਖਾਸਕਰ ‘ਆਪ ਕੀ ਅਦਾਲਤ ’ ਟੀ ਵੀ ਪ੍ਰੋਗਰਾਮ ਵਿਚ ਵਾਜਪਾਈ ਨੇ ਇਹਨਾਂ ਖਬਰਾਂ ਦਾ ਸਪੱਸ਼ਟ ਤੌਰ ’ਤੇ ਖੰਡਨ ਕੀਤਾ।   25 ਦਸੰਬਰ 1924  ਨੂੰ ਗਵਾਲੀਅਰ ਮੱਧ ਪ੍ਰਦੇਸ਼ ਵਿੱਚ ਜੰਮੇ ਅਟਲ ਸਕੂਲ ਅਧਿਆਪਕ ਦੇ ਪੁੱਤਰ ਸਨ।  ਉਹਨਾਂ ਐਮ ਏ ਪੁਲਿਟੀਕਲ ਸਾਇੰਸ ਦੀ ਵਿੱਦਿਆ ਹਾਸਲ ਕੀਤੀ । ਉਹ ਰਾਸ਼ਟਰ ਧਰਮਾਂ, ਪੰਚ ਜਣਿਆਂ ਅਤੇ ਸਵਦੇਸ਼ ਆਦਿ ਅਖਬਾਰਾਂ ਦੇ ਐਡੀਟਰ ਵੀ ਰਹੇ । ਸਾਰੀ ਉਮਰ ਕਵਾਰੇ ਰਹੇ ਵਾਜਪਾਈ ਪ੍ਰਭਾਵਸ਼ਾਲੀ ਸ਼ਾਇਰੀ ਕਰਨ ਕਰਕੇ ਸਾਹਿਤਕ ਹਲਕਿਆਂ ਅਤੇ ਆਮ ਲੋਕਾਂ ਵਿਚ ਵੀ ਹਰਮਨ ਪਿਆਰੇ ਰਹੇ।  ਅਜਿਹੀ ਬਹੁਪੱਖੀ ਸ਼ਖ਼ਸੀਅਤ ਲਈ ਹੀ ਸ਼ਾਇਦ ਕਿਸੇ ਸ਼ਾਇਰ ਨੇ ਆਖਿਆ ਹੈ .........‘ਹਜ਼ਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ, ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ’ ........ਪਾਠਕਾਂ ਲਈ ਅਟਲ ਬਿਹਾਰੀ ਵਾਜਪਾਈ ਜੀ ਦਾ ਲਿਖਿਆ ਤੇ ਗ਼ਜ਼ਲ ਗਾਇਕ ਜਗਜੀਤ ਸਿੰਘ ਦਾ ਗਾਇਆ ਗੀਤ ‘ਰੋਤੇ ਰੋਤੇ ਰਾਤ ਸੋ ਗਈ ’ -------ਦਾ ਲਿੰਕ ਖਬਰ ਨਾਲ ਅਟੈਚ ਕਰ ਰਹੇ ਹਾਂ, ਜ਼ਰੂਰ ਸੁਣਨਾ,
ਪੇਸ਼ਕਸ਼-:  ਤੇਜਿੰਦਰ ਸਿੰਘ ਜਸ਼ਨ

ਐਮ ਏ ਜਰਨਲਿਜ਼ਮ ਐਂਡ ਮਾਸ ਕਮਿੳੂਨੀਕੇਸ਼ਨ,

ਪੰਜਾਬੀ ਯੂਨੀਵਰਸਟੀ ਪਟਿਆਲਾ

98727-54321