ਵੱਡੀ ਮਾਤਰਾ ‘ਚ ਨਕਲੀ ਦੇਸੀ ਘਿਉ, ਪਨੀਰ, ਦੁੱਧ ਅਤੇ ਦਹੀਂ ਬਰਾਮਦ

ਮੋਗਾ 16 ਅਗਸਤ:(ਜਸ਼ਨ)-ਸੀਨੀਅਰ ਕਪਤਾਨ ਪੁਲਿਸ ਸ੍ਰੀ ਗੁਰਪ੍ਰੀਤ ਸਿੰਘ ਤੂਰ, ਆਈ.ਪੀ.ਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਸਪੈਕਟਰ ਜੰਗਜੀਤ ਸਿੰਘ, ਮੁੱਖ ਅਫ਼ਸਰ ਥਾਣਾ ਬਾਘਾਪੁਰਾਣਾ ਪਾਸ ਮੁਖਬਰੀ ਹੋਈ ਕਿ ਰਾਕੇਸ਼ ਕੁਮਾਰ ਪੁੱਤਰ ਵਿਸ਼ਨੂ ਭਗਵਾਨ ਵਾਸੀ ਵਾਰਡ ਨੰ: 02, ਡਾਕਖਾਨੇ ਵਾਲੀ ਗਲੀ, ਬਾਘਾਪੁਰਾਣਾ ਆਪਣੀਆਂ ਦੁਕਾਨਾਂ ਵਿਸ਼ਨੂ ਡੇਅਰੀ ਨਿਹਾਲ ਸਿੰਘ ਵਾਲਾ ਰੋਡ, ਬਾਘਾਪੁਰਾਣਾ ਵਿਖੇ ਜਾਅਲੀ ਘਿਓ, ਦੁੱਧ, ਪਨੀਰ ਅਤੇ ਦਹੀ ਬਣਾ ਕੇ ਵੇਚਦਾ ਹੈ ਅਤੇ ਉਸ ‘ਤੇ ਮੁਕੱਦਮਾ ਨੰਬਰ 155 ਮਿਤੀ 16.08.18 18 ਅ/ਧ 272/273/274/420 ਭ:ਦ ਤੇ ਫੂਡ ਸਪਲਾਈ ਐਂਡ ਸਟੈਂਡਰਡ ਐਕਟ 2006 ਥਾਣਾ ਬਾਘਾਪੁਰਾਣਾ ਵਿਖੇ ਦਰਜ ਕੀਤਾ ਗਿਆ। ਉਨਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਸਹਾਇਕ ਕਮਿਸ਼ਨਰ ਫੂਡ ਸੇਫ਼ਟੀ ਹਰਪ੍ਰੀਤ ਕੌਰ, ਫੂਡ ਸੇਫਟੀ ਅਫ਼ਸਰ ਅਭਿਨਵ, ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਨਿਰਵੈਰ ਸਿੰਘ ਅਤੇ ਜਨਰਲ ਮੈਨੇਜਰ ਵੇਰਕਾ ਮੋਗਾ ਖੁਸ਼ਕਰਨ ਸਿੰਘ ਸਮੇਤ ਮੁਖਬਰੀ ਦੇ ਅਧਾਰ ‘ਤੇ ਰੇਡ ਕੀਤਾ ਗਿਆ। ਸ. ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਇੰਸਪੈਕਟਰ ਜੰਗਜੀਤ ਸਿੰਘ, ਮੁੱਖ ਅਫਸਰ ਥਾਣਾ ਬਾਘਾਪੁਰਾਣਾ ਨੇ ਸਮੇਤ ਪੁਲਿਸ ਪਾਰਟੀ ਅਤੇ ਉਪਰੋਕਤ ਅਧਿਕਾਰੀਆਂ ਨਾਲ ਮਿਲ ਕੇ ਰਾਕੇਸ਼ ਕੁਮਾਰ ਨੂੰ ਕਾਬੂ ਕਰਕੇ ਉਸ ਪਾਸੋਂ 2,740 ਕਿਲੋਗ੍ਰਾਮ ਨਕਲੀ ਦੇਸੀ ਘਿਓ, 210 ਕਿਲੋ ਨਕਲੀ ਪਨੀਰ, ਇੱਕ ਕੁਇੰਟਲ ਮਿਲਕ ਪਾਊਡਰ, 350 ਲੀਟਰ ਨਕਲੀ ਦੁੱਧ, 320 ਕਿਲੋ ਨਕਲੀ ਦਹੀ, 24 ਪੈਕਟ ਸਰਫ਼ ਅਤੇ ਦੋ ਵੱਡੇ ਕੈਨ ਕੈਮੀਕਲ ਆਦਿ ਬਰਾਮਦ ਕੀਤਾ ਗਿਆ। ਉਨਾਂ ਦੱਸਿਆ ਕਿ ਮੁਕੱਦਮਾ ਦੀ ਤਫਤੀਸ਼ ਦੌਰਾਨ ਦੋਸ਼ੀ ਪਾਸੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ‘ਮਿਸ਼ਨ ਤੰਦਰੁਸਤ ਪੰਜਾਬ‘ ਤਹਿਤ ਖੁਰਾਕੀ ਵਸਤਾਂ ‘ਚ ਮਿਲਾਵਟਖੋਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।