ਦੋ ਕੁਇੰਟਲ ਸ਼ੱਕੀ ਨਕਲੀ ਦੇਸੀ ਘਿਓ ਕੀਤਾ ਬਰਾਮਦ,ਬੰਸਰੀਵਾਲਾ ਅਤੇ ਕਰਿਸ਼ਨਾ ਬਰਾਂਡ ਦੇ ਡੱਬੇ ਕੀਤੇ ਸੀਲ

ਫਿਰੋਜ਼ਪੁਰ ,16 ਅਗਸਤ (ਪੰਕਜ ਕੁਮਾਰ): ਸਿਹਤ ਵਿਭਾਗ ਫਿਰੋਜ਼ਪੁਰ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਸਖਤੀ ਵਰਤੀ ਜਾ ਰਹੀ ਹੈ, ਜਿਸਦੇ ਚਲਦਿਆਂ ਆਏ ਦਿਨ ਸਿਹਤ ਦੀ ਟੀਮ ਵਲੋਂ ਖਾਣ ਪੀਣ ਵਾਲੀਆਂ ਵਸਤੂਆਂ ਸਣੇ ਲੋਕਾਂ ਦੀ ਸਿਹਤ ਨਾਲ ਜੁੜੀ ਹਰੇਕ ਤਰਲ ਅਤੇ ਖਾਧ ਪਦਾਰਥਾਂ ਵਾਲੀਆਂ ਵਸਤੂਆਂ ਤੇ ਸ਼ਿਕਾਇਤ ਮਿਲਣ ਤੇ ਸੂਬਾ ਸਰਕਾਰ ਦੀਆ ਹਦਾਇਤਾਂ ਅਨੁਸਾਰ ਸਂੈਪਲ ਭਰਕੇ ਜਾਂਚ ਲਈ ਭੇਜਿਆ ਜਾ ਰਿਹਾ ਹੈ ਅਤੇ ਸਰਕਾਰ ਅਨੁਸਾਰ ਦਿਤੇ ਗਏ ਮਾਪਦੰਡਾਂ ਤੇ ਖਰੇ ਨਾ ਉਤਰਨ ਜਾ ਫਿਰ ਮਿਲਾਵਟ ਖੋਰੀ ਖਿਲ਼ਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਲੜੀ ਤਹਿਤ ਫਿਰੋਜ਼ਪੁਰ ਵਿਖੇ ਸਿਹਤ ਵਿਭਾਗ ਦੀ ਟੀਮ ਵਲੋਂ ਇਕ ਦੁਕਾਨ ਤੋਂ ਤਕਰੀਬਨ 2 ਕੁਇੰਟਲ ਨਕਲੀ ਦੇਸੀ ਘਿਓ ਦੀ ਖੇਪ ਬਰਾਮਦ ਕੀਤੀ ਗਈ ਹੈ ਜਿਸਦੇ ਸੈਪਲ ਭਰਕੇ ਅਗਲੀ ਕਾਰਵਾਹੀ ਸ਼ੁਰੂ ਕਰ ਦਿਤੀ ਗਈ ਹੈ । ਸਿਹਤ ਵਿਭਾਗ ਦੀ ਟੀਮ ਵਲੋਂ ਫਿਰੋਜ਼ਪੁਰ ਸ਼ਹਿਰ ਦੀ ਸਬਜ਼ੀ ਮੰਡੀ ਰੋਡ ਤੇ ਸਥਿਤ ਇਕ ਦੁਕਾਨ ਤੋਂ ਭਾਰੀ ਮਾਤਰਾ ਵਿਚ ਬੰਸਰੀ ਲਾਈਟ ਅਤੇ ਕਿ੍ਰਸ਼ਨਾ ਨਾਮ ਦੇ 2 ਬਰਾਂਡਾ ਦੇ ਬਣੇ ਨਕਲੀ ਦੇਸੀ ਘਿਉ ਨੂੰ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ । ਗੌਰਤਲਬ ਹੈ ਕਿ ਸਿਹਤ ਵਿਭਾਗ ਦੀ ਟੀਮ ਨੂੰ ਇਕ ਗ੍ਰਾਹਕ ਵਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਕਤ ਦੁਕਾਨ ਤੋਂ ਖਰੀਦਿਆ ਦੇਸੀ ਘਿਓ ਵੇਖਣ ਵਿਚ ਅਸਲ ਦੇ ਦੇਸੀ ਘਿਓ ਵਰਗਾ ਨਹੀਂ ਲੱਗ ਰਿਹਾ ਹੈ ਅਤੇ ਦੁਕਾਨਦਾਰ ਵਲੋਂ ਵੇਚਿਆ ਜਾ ਰਿਹਾ ਦੇਸੀ ਘਿਓ ਦਾ ਰੇਟ ਵੀ ਜ਼ਿਆਦਾ ਹੈ ਜਿਸ ਤੇ ਕਾਰਵਾਈ ਕਰਦਿਆਂ ਸਿਹਤ ਵਿਭਾਗ ਨੇ ਉਕਤ ਦੁਕਾਨ ਤੋਂ ਤਕਰੀਬਨ 2 ਕੁਇੰਟਲ ਦੇ ਕਰੀਬ ਦੇਸੀ ਘਿਓ ਜਿਸ ਤੇ ਫੂਡ ਸੇਫਟੀ ਦੇ ਮਾਅਰਕੇ ਤੇ ਲਾਈਸੈਂਸ ਨੰਬਰ ਅਤੇ ਬੈਚ ਨੰਬਰ ਨਹੀਂ ਲਿਖਿਆ ਹੋਇਆ ਸੀ, ਦੇ ਸੈਪਲ ਭਰਕੇ ਜਾਂਚ ਵਾਸਤੇ ਭੇਜ ਦਿਤੇ ਗਏ ਹਨ । ਉਧਰ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਵੀ ਮੰਨਣਾ ਹੈ ਕਿ ਇਹ ਘਿਓ ਨਕਲੀ ਹੋ ਸਕਦਾ ਹੈ ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ ।


