ਆਮ ਆਦਮੀ ਪਾਰਟੀ ਦੀ ਮਾਲਾ ਦਾ ਇਕ ਹੋਰ ਮੋਤੀ ਕਿਰਿਆ, ਆਸ਼ੂਤੋਸ਼ ਨੇ ਦਿੱਤਾ ਅਸਤੀਫ਼ਾ

ਦਿੱਲੀ,15 ਅਗਸਤ(ਪੱਤਰ ਪਰੇਰਕ)- ਆਮ ਆਦਮੀ ਪਾਰਟੀ ਦੇ ਦਿਗਜ ਨੇਤਾ ਆਸ਼ੂਤੋਸ਼ ਨੇ ਅੱਜ ਪਾਰਟੀ ਤੋਂ ਆਪਣਾ ਅਸਤੀਫ਼ਾ ਦੇ ਕੇ ਨਾ ਸਿਰਫ਼ ਪਾਰਟੀ ਸਫ਼ਾਂ ਵਿਚ ਹੈਰਾਨੀ ਅਤੇ ਚਿੰਤਾ ਦੀ ਲਹਿਰ ਪੈਦਾ ਕੀਤੀ ਬਲਕਿ ਹੋਰਨਾਂ ਪਾਰਟੀਆਂ ਦੇ ਆਗੂਆਂ ਵਿਚ ਵੀ ਅੱਜ ਆਸ਼ੂਤੋਸ਼ ਦੇ ਅਸਤੀਫ਼ੇ ‘ਤੇ ਚਰਚਾ ਹੁੰਦੀ ਰਹੀ। ਆਸ਼ੂਤੋਸ਼ ਨੇ ਟਵੀਟ ਰਾਹੀਂ ਅਸਤੀਫ਼ੇ ਦਾ ਐਲਾਨ ਕਰਦਿਆਂ ਆਖਿਆ ਕਿ ਹਰ ਆਗਾਜ਼ ਦਾ ਅੰਤ ਹੁੰਦਾ ਹੈ ਅਤੇ ਪਾਰਟੀ ਲਈ ਆਰੰਭੇ ਸਫ਼ਰ ਦਾ ਅੱਜ ਖਾਤਮਾ ਹੋ ਗਿਐ। ਉਹਨਾਂ ਆਖਿਆ ਕਿ ਇਹ ਅਸਤੀਫ਼ਾ ਨਿਰੋਲ ਨਿੱਜੀ ਕਾਰਨਾਂ ਕਰਕੇ ਹੈ ਅਤੇ ਉਹਨਾਂ ਨੇ ਇਹ ਅਸਤੀਫ਼ਾ ਪਾਰਲੀਮਾਨੀ ਅਫੇਅਰਜ਼ ਕਮੇਟੀ ਨੂੰ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੱਤਰਕਾਰਤਾ ਦੇ ਖੇਤਰ ਵਿਚ ਨਿਵੇਕਲੀ ਪਹਿਚਾਣ ਬਣਾਉਣ ਵਾਲੇ ਆਸ਼ੂਤੋਸ਼ ਨੇ ਆਮ ਆਦਮੀ ਪਾਰਟੀ ਨੂੰ ਦਿੱਲੀ ਵਿਚ ਪੂਰਨ ਬਹੁਮਤ ਦਿਵਾਉਣ ਵਾਲੀ ਚੋਣ ਮੁਹਿੰਮ ਦੌਰਾਨ ਦਿੱਲੀ ਵਾਲਿਆਂ ’ਤੇ ਆਪਣੇ ਜਾਦੂਮਈ ਭਾਸ਼ਣਾਂ ਨਾਂਲ ਗਹਿਰੀ ਛਾਪ ਛੱਡੀ ਸੀ ਅਤੇ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਵਜੋਂ ਪਾਰਟੀ ’ਤੇ ਉਹਨਾਂ ਦੀ ਚੰਗੀ ਪਕੜ ਹੈ। ਇਸ ਅਸਤੀਫ਼ੇ ’ਤੇ ਪ੍ਰਤੀਕਿਰਿਆ ਦਿੰਦਿਆਂ ਕੇਜਰੀਵਾਲ ਨੇ ਆਸ਼ੂਤੋਸ਼ ਨੂੰ ਸੰਬੋਧਨ ਹੰੁਦਿਆਂ ਆਖਿਆ ‘ਅਸੀਂ ਤੁਹਾਡਾ ਅਸਤੀਫ਼ਾ ਕਿਵੇਂ ਪਰਵਾਨ ਕਰ ਸਕਦੇ ਹਾਂ,ਘੱਟੋ ਘੱਟ ਇਸ ਜਨਮ ਵਿਚ ਤਾਂ ਨਹੀਂ ਕਿਉਂਕਿ ਅਸੀਂ ਸਾਰੇ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ’