ਪਠਾਨਕੋਟ ਵਿਖੇ ਮਨਾਏ ਆਜ਼ਾਦੀ ਦਿਹਾੜੇ ਮੌਕੇ ਟਰਾਂਸਪੋਰਟ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਨੇ ਲਹਿਰਾਇਆ ਕੌਮੀਂ ਝੰਡਾ

ਪਠਾਨਕੋਟ, 15 ਅਗਸਤ(ਪੱਤਰ ਪਰੇਰਕ):- ਸਥਾਨਕ ਸਟੇਡੀਅਮ ਗਰਾਊਂਡ ਵਿਖੇ ਜ਼ਿਲ੍ਹਾ ਪੱਧਰ ਦਾ 72 ਵਾਂ ਆਜ਼ਾਦੀ ਦਿਵਸ ਦਾ ਸਮਾਗਮ ਬੜੇ ਉਤਸ਼ਾਹ ਤੇ ਧੂਮ ਧਾਮ ਨਾਲ ਮਨਾਇਆ ਗਿਆ ਅਤੇ ਸ਼੍ਰੀਮਤੀ ਅਰੁਣਾ ਚੌਧਰੀ ਟਰਾਂਸਪੋਰਟ ਮੰਤਰੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋ ਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਪ੍ਰਭਾਵਸ਼ਾਲੀ ਪ੍ਰਰੇਡ ਤੋਂ ਸਲਾਮੀ ਲਈ। 

ਇਸ ਮੌਕੇ ਉਹਨਾਂ ਦੇਸ਼ ਦੀ ਆਜ਼ਾਦੀ ਖਾਤਰ ਸ਼ਹੀਦ ਹੋਏ ਸ਼ਹੀਦਾਂ, ਸ਼ਹੀਦ-ਏ-ਆਜਮ ਸ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਕਰਤਾਰ ਸਿੰਘ ਸਰਾਭਾ, ਸ਼ਹੀਦ ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ ਅਤੇ ਹੋਰ ਆਜ਼ਾਦੀ ਦੇ ਪਰਵਾਨਿਆਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਾਨੂੰ ਇੰਨ੍ਹਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦੇਸ਼ ਵਿੱਚੋਂ ਭਰੂਣ ਹੱਤਿਆ, ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਪ੍ਰਣ ਕਰਨਾ ਚਾਹੀਦਾ ਹੈ।ਉਨ੍ਹਾਂ ਨੇ ਇਸ ਮੌਕੇ ‘ਤੇ ਅਪੰਗ ਵਿਅਕਤੀਆਂ ਨੂੰ ਟਰਾਈਸਾਇਕਲ, ਵੀਹਲ ਚੇਅਰਾਂ ਅਤੇ ਲੋੜਵੰਦ ਗਰੀਬ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੀ ਵੰਡੀਆਂ। ਉਨ੍ਹਾਂ ਨੇ ਇਸ ਮੌਕੇ ਆਜ਼ਾਦੀ ਘੁਲਾਟੀਆਂ, ਉੱਘੇ ਸਮਾਜ ਸੇਵਕਾਂ, ਵੱਖ ਵੱਖ ਖੇਤਰਾਂ ਵਿੱਚ ਮਲਾਂ ਮਾਰਨ ਵਾਲੇ ਵਿਦਿਆਰਥੀਆਂ ਅਤੇ ਚੰਗਾ ਕੰਮ ਕਰਨ ਵਾਲੇ ਮੁਲਾਜਮਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ‘ਤੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਇੱਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੇਖ ਰਹੇ ਅਧਿਕਾਰੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦੇ ਕੇ ਉਨ੍ਹਾਂ ਦੀ ਪੇਸ਼ਕਾਰੀ ਦੀ ਪ੍ਰਸੰਸ਼ਾ ਕੀਤੀ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸ਼੍ਰੀ ਅਮਿਤ ਵਿਜ ਐਮ.ਐਲ.ਏ ਪਠਾਨਕੋਟ, ਸ਼੍ਰੀ ਡੀ. ਸੀ ਰਾਮਵੀਰ, ਸਰਵਸ਼੍ਰੀ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਵੀ.ਐਸ. ਸੋਨੀ ਐਸ.ਐਸ.ਪੀ ਵੀ ਹਾਜ਼ਰ ਸਨ।