ਸਿੱਧੂ ਵੱਲੋਂ ਅੱਧੇ-ਅਧੂਰੇ ਸੀਵਰੇਜ ਦਾ ਕੰਮ ਕਰ ਰਹੀਆਂ ਕੰਪਨੀਆਂ ਨੂੰ ਸਖਤ ਤਾੜਨਾ,ਕੰਮ ਤਸੱਲੀਬਖ਼ਸ਼ ਨਾ ਹੋਣ ‘ਤੇ ਕੰਪਨੀ ਬਲੈਕ ਲਿਸਟ ਕਰਨ ਦੇ ਨਾਲ ਅਪਰਾਧਿਕ ਕੇਸ ਵੀ ਦਰਜ ਕਰਵਾਵਾਂਗੇ

ਚੰਡੀਗੜ, 14 ਅਗਸਤ(ਪੱਤਰ ਪਰੇਰਕ): ਸ਼ਹਿਰਾਂ ਵਿੱਚ ਅੱਧੇ-ਅਧੂਰੇ ਸੀਵਰੇਜ ਦੇ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਸਖਤ ਹਦਾਇਤਾਂ ਜਾਰੀ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਹਦਾਇਤ ਕੀਤੀ ਕਿ ਉਹ ਇਕ ਮਹੀਨੇ ਦੇ ਅੰਦਰ ਆਪਣੇ ਕੰਮ ਨੂੰ ਲੀਹ ‘ਤੇ ਲੈ ਆਉਣ ਅਤੇ ਕੰਮ ਮੁਕੰਮਲ ਕਰਨ ਦਾ ਸਮਾਂ ਸੀਮਾ ਤੈਅ ਕਰ ਕੇ ਮਹੀਨਾਵਾਰ ਆਪਣੇ ਕੰਮ ਦੀ ਰਿਪੋਰਟ ਦੇਣ। ਅੱਜ ਇਥੇ ਪੰਜਾਬ ਮਿਉਂਸਪਲ ਭਵਨ ਵਿਖੇ ਦੋ ਕੈਬਨਿਟ ਮੰਤਰੀਆਂ ਸ੍ਰੀ ਵਿਜੇ ਇੰਦਰ ਸਿੰਗਲਾ ਤੇ ਸ਼ਿਆਮ ਸੁੰਦਰ ਅਰੋੜਾ, ਸਬੰਧਤ ਸ਼ਹਿਰਾਂ ਦੇ ਵਿਧਾਇਕਾਂ ਅਤੇ ਵਿਭਾਗ ਦੇ ਉਚ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕੰਪਨੀ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਦੌਰਾਨ 8 ਕਲੱਸਟਰਾਂ ਦੇ ਕੰਮ ਦੇ ਰੀਵਿਊ ਲਈ ਰੱਖੀ ਮੀਟਿੰਗ ਵਿੱਚ ਸ. ਸਿੱਧੂ ਨੇ ਇਹ ਵੀ ਤਾੜਨਾ ਕੀਤੀ ਕਿ ਜੇਕਰ ਇਕ ਮਹੀਨੇ ਅੰਦਰ ਉਨਾਂ ਦਾ ਕੰਮ ਲੋਕਾਂ ਦੀਆਂ ਉਮੀਦਾਂ ਅਨੁਸਾਰ ਨਹੀਂ ਹੋਇਆ ਤਾਂ ਉਹ ਜਿੱਥੇ ਕੰਪਨੀ ਨੂੰ ਬਲੈਕ ਲਿਸਟ ਕਰਨਗੇ ਉਥੇ ਲੋਕਾਂ ਦੇ ਖੂਨ-ਪਸੀਨੇ ਦੇ ਪੈਸੇ ਨੂੰ ਅਜਾਈਂ ਗਵਾਉਣ ਲਈ ਅਪਰਾਧਿਕ ਮਾਮਲਾ ਵੀ ਦਰਜ ਕਰਵਾਉਣਗੇ। ਸ. ਸਿੱਧੂ ਨੇ ਵਿੱਤੀ ਤੇ ਤਕਨੀਕੀ ਆਡਿਟ ਕਰਨ ਵਾਲੀਆਂ ਤੀਜੀਆਂ ਧਿਰਾਂ ਵੈਪਕੌਸ ਤੇ ਇੰਜਨੀਅਰਜ਼ ਇੰਡੀਆ ਲਿਮਟਿਡ (ਈ.ਆਈ.ਐਲ.) ਦੀ ਕਾਰਗੁਜ਼ਾਰੀ ‘ਤੇ ਵੀ ਨਾਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਜੇਕਰ ਇਨਾਂ ਧਿਰਾਂ ਵੱਲੋਂ ਸਹੀ ਆਡਿਟ ਕੀਤਾ ਹੁੰਦਾ ਤਾਂ ਸੀਵਰੇਜ ਦੇ ਕੰਮ ਦੀਆਂ ਸ਼ਿਕਾਇਤਾਂ ਨਹੀਂ ਆਉਣੀਆਂ ਸਨ। ਉਨਾਂ ਵਿਭਾਗ ਦੇ ਅਧਿਕਾਰੀਆਂ ਨੂੰ ਆਡਿਟ ਵਾਲੀਆਂ ਕੰਪਨੀਆਂ ਦੀ ਕਾਰਗੁਜ਼ਾਰੀ ਦੇਖ ਕੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ। ਅੱਜ ਦੀ ਮੀਟਿੰਗ ਵਿੱਚ ਸਬੰਧਤ ਹਲਕਿਆਂ ਦੇ ਵਿਧਾਇਕਾਂ ਨੇ ਇਕ-ਇਕ ਕਰ ਕੇ ਆਪਣੇ ਸ਼ਹਿਰ ਅੰਦਰ ਵੱਖ-ਵੱਖ ਕੰਪਨੀਆਂ ਵੱਲੋਂ ਕੀਤੇ ਜਾ ਰਹੇ ਸੀਵਰੇਜ ਦੇ ਕੰਮ ‘ਤੇ ਨਾਖੁਸ਼ੀ ਜ਼ਾਹਰ ਕੀਤੀ। ਲੋਕ ਨਿਰਮਾਣ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਜੋ ਸੰਗਰੂਰ ਤੋਂ ਵਿਧਾਇਕ ਹਨ, ਨੇ ਆਪਣੇ ਸ਼ਹਿਰ ਦੀ ਉਦਹਾਰਨ ਦਿੰਦਿਆਂ ਕਿਹਾ ਕਿ ਕੰਪਨੀ ਵੱਲੋਂ ਕੰਮ ਨੇਪਰੇ ਨਾ ਚਾੜਨ ਕਰ ਕੇ ਲੋਕ ਬਹੁਤ ਪ੍ਰੇਸ਼ਾਨ ਹਨ ਅਤੇ ਉਹ ਲੋਕਾਂ ਦੇ ਨੁਮਾਇੰਦੇ ਹੋਣ ਕਾਰਨ ਲੋਕ ਉਨਾਂ ਕੋਲ ਆਪਣਾ ਦੁੱਖ ਪ੍ਰਗਟਾਉਂਦੇ ਹਨ। ਉਨਾਂ ਬੁੱਢਲਾਡਾ ਸ਼ਹਿਰ ਦੀ ਸਮੱਸਿਆ ਵੀ ਦੱਸੀ। ਉਨਾਂ ਕਿਹਾ ਕਿ ਕੰਪਨੀ ਕੋਲ ਕੰਮ ਦੀ ਕੋਈ ਯੋਜਨਾ ਬਣਾਈ ਨਹੀਂ ਗਈ। ਵਿਧਾਇਕ ਸ੍ਰੀ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਫਤਹਿਗੜ ਸਾਹਿਬ ਵਿੱਚ ਵੋਟਾਂ ਮੌਕੇ ਸੀਵਰੇਜ ਦੀਆਂ ਸਬ ਪਾਈਪਾਂ ਵਿਛਾ ਦਿੱਤੀਆਂ ਜਦੋਂ ਕਿ ਮੁੱਖ ਲਾਈਨ ਪਾਈ ਹੀ ਨਹੀਂ। ਉਨਾਂ ਕਿਹਾ ਕਿ ਕੰਪਨੀ ਕੋਲ ਲੋੜੀਂਦੀ ਮਸ਼ੀਨਰੀ ਦੀ ਵੀ ਘਾਟ ਹੈ। ਉਨਾਂ ਕਿਹਾ ਕਿ ਕਰੋੜਾਂ ਰੁਪਏ ਦੇ ਠੇਕੇ ਲੈ ਕੇ ਕੰਮ ਕਰ ਰਹੀਆਂ ਕੰਪਨੀਆਂ ਦੀ ਨਾਲਾਇਕੀ ਕਾਰਨ ਲੋਕ ਖੱਜਲ ਖੁਆਰ ਹੋ ਰਹੇ ਹਨ। ਉਨਾਂ ਕਿਹਾ ਕਿ ਜਿੱਥੇ ਕੰਪਨੀਆਂ ਨੇ ਕੰਮ ਅਗਾਂਹ ਠੇਕੇਦਾਰਾਂ ਨੂੰ ਦੇ ਦਿੱਤਾ ਉਥੇ ਉਨਾਂ ਕੋਲ ਨਾ ਤਾਂ ਕੁਆਲਟੀ ਕੰਟਰੋਲ ਰੱਖਿਆ ਗਿਆ ਅਤੇ ਨਾ ਹੀ ਕੰਮ ਦਾ ਨਿਰੀਖਣ ਕੀਤਾ ਗਿਆ। ਫਰੀਦਕੋਟ ਤੋਂ ਵਿਧਾਇਕ ਸ੍ਰੀ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਜਿੱਥੇ ਕੰਪਨੀਆਂ ਆਪਣਾ ਵਾਧੂ ਮੁਨਾਫਾ ਕਮਾਉਣ ਵਾਸਤੇ ਘਟੀਆ ਕੁਆਲਟੀ ਦਾ ਸਸਤਾ ਸਮਾਨ ਵਰਤ ਰਹੀਆਂ ਹਨ ਉਥੇ ਕੰਮ ਲਈ ਲੋੜੀਂਦੇ ਠੇਕੇਦਾਰਾਂ ਦੀ ਵੀ ਘਾਟ ਹੈ। ਉਨਾਂ ਕਿਹਾ ਕਿ ਜੇਕਰ ਕੰਪਨੀ ਕੋਲ ਠੇਕੇਦਾਰਾਂ ਦੀ ਘਾਟ ਹੈ ਤਾਂ ਘੱਟੋਂ-ਘੱਟ ਸਥਾਨਕ ਸ਼ਹਿਰ ਦੇ ਚੰਗੇ ਠੇਕੇਦਾਰਾਂ ਤੋਂ ਹੀ ਕੰਮ ਲਿਆ ਜਾਵੇ। ਵਿਧਾਇਕਾਂ ਵੱਲੋਂ ਪ੍ਰਗਟਾਏ ਖਦਸ਼ਿਆਂ ਉਪਰੰਤ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਇਕੱਲੇ-ਇਕੱਲੇ ਸ਼ਹਿਰ ਦੇ ਕੰਮ ਦੀ ਰਿਪੋਰਟ ਸਬੰਧੀ ਕੰਪਨੀ ਕੋਲੋਂ ਲਈ ਜਿਸ ਨੂੰ ਠੇਕਾ ਦਿੱਤਾ ਗਿਆ ਹੋਇਆ ਹੈ।ਸ. ਸਿੱਧੂ ਨੇ ਮੀਟਿੰਗ ਵਿੱਚ ਹਾਜ਼ਰ ਮੈਸਰਜ਼ ਸ਼ਾਹਪੂਰਜੀ ਪਾਲੂਨਜ਼ੀ ਲਿਮਟਿਡ, ਜੀ.ਡੀ.ਸੀ.ਐਲ. ਕਿ੍ਰਸ਼ਨਾ ਜੀਵੀ, ਤਿ੍ਰਵੈਨੀ ਇੰਜ. ਇੰਡਸਰੀਜ਼ ਤੇ ਮੈਸ. ਗਿਰਧਾਰੀ ਲਾਲ ਅੱਗਰਵਾਲ ਕੰਟਰੈਕਟਰਜ਼ ਦੇ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਇਹ ਕਤਈ ਬਰਦਾਸ਼ਤ ਨਹੀਂ ਕਰਨਗੇ ਕਿ ਲੋਕਾਂ ਦਾ ਪੈਸਾ ਅਜਾਈਂ ਜਾਵੇ। ਉਨਾਂ ਕੰਪਨੀ ਨੂੰ ਹਦਾਇਤ ਕੀਤੀ ਕਿ ਉਹ ਅੱਜ ਹੀ ਆਪਣੇ ਕੰਮ ਦਾ ਵੇਰਵਾ ਸੌਂਪਣ ਅਤੇ ਦੱਸਣ ਕਿ ਕਿਹੜਾ ਕੰਮ ਕਦੋਂ ਤੱਕ ਨੇਪਰੇ ਚੜ ਜਾਵੇਗਾ। ਉਹ ਵੀ ਦੱਸਣ ਕਿ ਕਿਹੜਾ ਕੰਮ ਕਿਹੜੇ ਠੇਕੇਦਾਰ ਵੱਲੋਂ ਕਰਵਾਇਆ ਜਾ ਰਿਹਾ ਹੈ, ਕਿਹੜੀ ਸਮੱਗਰੀ ਵਰਤੀ ਜਾ ਰਹੀ ਹੈ ਅਤੇ ਕਿਹੜੀ ਮਸ਼ੀਨਰੀ ਉਨਾਂ ਕੋਲ ਉਪਲੱਬਧ ਹੈ। ਵਿਧਾਇਕਾਂ ਨੇ ਅੱਜ ਇਸ ਗੱਲ ਉਪਰ ਵੀ ਖਦਸ਼ੇ ਜ਼ਾਹਰ ਕੀਤੇ ਕਿ ਜਿੱਥੇ ਕੰਪਨੀ ਨੇ ਸਬ ਲੈਟਿੰਗ ਕਰ ਕੇ ਅੱਗੇ ਕੰਮ ਛੋਟੇ ਠੇਕੇਦਾਰਾਂ ਨੂੰ ਸੌਂਪ ਦਿੱਤਾ ਹੈ ਉਥੇ ਉਨਾਂ ਕੋਲ ਲੋੜੀਂਦੀ ਮਸ਼ੀਨਰੀ ਵੀ ਨਹੀਂ ਹੈ ਅਤੇ ਜਦੋਂ ਕਿ ਦੂਜੇ ਸ਼ਹਿਰ ਤੋਂ ਮਸ਼ੀਨਰੀ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਕੰਮ ਕਈ-ਕਈ ਦਿਨ ਤੱਕ ਰੁਕਿਆ ਰਹਿੰਦਾ ਹੈ ਸ. ਸਿੱਧੂ ਨੇ ਕੰਪਨੀਆਂ ਨੂੰ ਹਦਾਇਤਾਂ ਕੀਤੀਆਂ ਕਿ ਇਕ ਮਹੀਨੇ ਬਾਅਦ ਉਹ ਖੁਦ ਸਾਰੇ ਸ਼ਹਿਰਾਂ ਦਾ ਦੌਰਾ ਕਰ ਕੇ ਇਸ ਦਾ ਮੁਲਾਂਕਣ ਕਰਨਗੇ ਅਤੇ ਜੇਕਰ ਕੋਈ ਖਾਮੀ ਪਾਈ ਗਈ ਤਾਂ ਨਾ ਸਿਰਫ ਉਹ ਕੰਪਨੀ ਨੂੰ ਬਲੈਕ ਲਿਸਟ ਕਰਵਾਉਣ ਦੀ ਸਿਫਾਰਸ਼ ਕਰਨਗੇ ਬਲਕਿ ਅਪਰਾਧਿਕ ਮਾਮਲਾ ਵੀ ਦਰਜ ਕਰਵਾਉਣਗੇ। ਉਨਾਂ ਦੱਸਿਆ ਕਿ ਵਿਭਾਗ ਵੱਲੋਂ ਹਰ ਕੰਮ ਲਈ ਨੋਡਲ ਅਧਿਕਾਰੀ ਨਾਮਜ਼ਦ ਕੀਤੇ ਗਏ ਹਨ ਜੋ ਨਿਰੰਤਰ ਕੰਮ ਦਾ ਰਿਪੋਰਟ ਵਿਭਾਗ ਅਤੇ ਸਥਾਨਕ ਵਿਧਾਇਕਾਂ ਨੂੰ ਦੇਣਗੇ। ਸ. ਸਿੱਧੂ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਜਿਨਾਂ ਕੰਪਨੀਆਂ ਨੂੰ ਸੀਵਰੇਜ ਦਾ ਕਰੋੜਾਂ ਦਾ ਕੰਮ ਸੌਂਪਿਆ ਗਿਆ ਉਸ ਵੇਲੇ ਕਈ ਖਾਮੀਆਂ ਰਹਿਣ ਕਾਰਨ ਅੱਜ ਵੀ ਕਈ ਸ਼ਹਿਰਾਂ ਦੀ ਹਾਲਤ ਬਹੁਤ ਮਾੜੀ ਹੈ। ਉਨਾਂ ਕਿਹਾ ਕਿ ਸਾਡੇ ਵਿਭਾਗ ਵੱਲੋਂ ਕੰਮਾਂ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜਨ ਲਈ ਕਈ ਅਹਿਮ ਕਦਮ ਚੁੱਕੇ ਗਏ ਜਿਨਾਂ ਵਿੱਚ ਜੇ.ਈ ਤੋਂ ਲੈ ਕੇ ਚੀਫ ਇੰਜਨੀਅਰ ਤੱਕ ਸਾਰੇ ਫੀਲਡ ਸਟਾਫ ਦੀ ਜੀਓ ਟੈਗਡ ਹਾਜ਼ਰੀ, ਮਜ਼ਦੂਰਾਂ ਦੇ ਕੰਮ, ਮਸ਼ੀਨਰੀ ਅਤੇ ਹੋਰ ਕੰਮਾਂ ਆਦਿ ਦੀ ਹਫਤਾਵਾਰੀ ਆਧਾਰ ‘ਤੇ ਮਾਈਕਰੋ ਪਲਾਨਿੰਗ, ਆਨ ਲਾਈਨ ਇਜਾਜ਼ਤਾਂ, ਤੀਜੀ ਧਿਰ ਵੱਲੋਂ ਨਿਰੀਖਣ ਦੇ ਦੌਰਿਆਂ ਦੀ ਗਿਣਤੀ ਵਧਾਉਣੀ ਅਤੇ ਉਨਾਂ ਦੀਆਂ ਰਿਪੋਰ’ਟਾਂ ਦਾ ਆਨਲਾਈਨ ਨਿਰੀਖਣ, ਤੈਅ ਸਮੇਂ ਅੰਦਰ ਫੀਲਡ ਨਿਰੀਖਣ ਨਾ ਹੋਣ ਦੀ ਸੂਰਤ ਵਿੱਚ ਐਸ.ਐਮ.ਐਸ. ਆਧਾਰਿਤ ਨੋਟੀਫਿਕੇਸ਼ਨ, ਨਿਰਮਾਣ ਵਾਲੀ ਜਗਾਂ ‘ਤੇ ਮਟੀਰੀਅਲ ਦੀ ਕੁਆਲਟੀ ਦੇਖਣ ਲਈ ਅਚਨਚੇਤੀ ਚੈਕਿੰਗ ਕਰਨੀ, ਜੀਓ ਟੈਗਟ ਰਾਹੀਂ ਤਸਵੀਰਾਂ ਤੇ ਵੀਡਿਓ ਰਾਹੀਂ ਰੋਜ਼ਾਨਾ ਨਿਰੀਖਣ ਕਰਨਾ, ਕੰਮ  ਦੀ ਬਿਲਿੰਗ ਲਈ ਆਨਲਾਈਨ ਐਪਲੀਕੇਸ਼ਨ ਆਦਿ ਸ਼ਾਮਲ ਹਨ। ਉਨਾਂ ਕਿਹਾ ਕਿ ਵਿਭਾਗ ਵੱਲੋਂ ਚੁੱਕੇ ਕਦਮਾਂ ਦੇ ਬਾਵਜੂਦ ਕੰਪਨੀ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਸਥਾਨਕ ਲੋਕ ਖੁਸ਼ ਨਹੀਂ ਜਿਸ ਕਾਰਨ ਉਹ ਆਖਰੀ ਵਾਰ ਤਾੜਨਾ ਕਰਦੇ ਹਨ ਕਿ ਜੇਕਰ ਲੋਕਾਂ ਦੀਆਂ ਉਮੀਦਾਂ ਅਨੁਸਾਰ ਕੰਮ ਨਹੀਂ ਹੋਇਆ ਤਾਂ ਉਹ ਸਖਤ ਕਾਰਵਾਈ ਕਰਨਗੇ। ਇਸ ਮੌਕੇ ਵਿਧਾਇਕ ਸ੍ਰੀ ਦਲਵੀਰ ਸਿੰਘ ਗੋਲਡੀ, ਵਿਧਾਇਕ ਸ੍ਰੀ ਗੁਰਪ੍ਰੀਤ ਸਿੰਘ ਜੀ.ਪੀ. ਸਾਬਕਾ ਵਿਧਾਇਕ ਮੁਹੰਮਦ ਸਦੀਕ, ਭਾਈ ਰਾਹੁਲ ਇੰਦਰ ਸਿੰਘ ਕੁੱਕੂ, ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਏ ਵੇਣੂ ਪ੍ਰਸਾਦ, ਪੀ.ਐਮ.ਆਈ.ਡੀ.ਸੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਅਜੋਏ ਸ਼ਰਮਾ ਵੀ ਹਾਜ਼ਰ ਸਨ।